ਵਾਅਦੇ ਤੇ ਖਰੇ ਉਤਰੇ ਨਵੇਂ ਮੇਅਰ: ਬਠਿੰਡਾ ਵਿੱਚ ਸਫਾਈ ਮੁਹਿੰਮ ਦੀ ਕਰਵਾਈ ਸ਼ੁਰੂਆਤ
ਅਸ਼ੋਕ ਵਰਮਾ
ਬਠਿੰਡਾ, 11 ਫਰਵਰੀ 2025: ਬਠਿੰਡਾ ਦੇ ਨਵੇਂ ਨਿਯੁਕਤ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਮੰਗਲਵਾਰ ਨੂੰ ਆਪਣੇ ਕਹੇ ਤੇ ਖਰਾ ਉਤਰਦਿਆਂ ਅੱਜ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਗੱਲਬਾਤ ਉਪਰੰਤ ਬਠਿੰਡਾ ਵਿੱਚ ਸਫਾਈ ਮੁਹਿੰਮ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਉਨ੍ਹਾਂ ਦੇ ਨਾਲ ਸੈਨਟਰੀ ਇੰਸਪੈਕਟਰ ਅਜਮੇਰ ਸਿੰਘ ਇੰਚਾਰਜ ਜੋਨ ਨੰਬਰ ਇੱਕ ਤੇ ਅੱਠ, ਵਿਨੋਦ ਸੈਣੀ, ਐਮਸੀ ਰਤਨ ਰਾਹੀ, ਮੋਨੂੰਦੀਪ ਅਗਰਵਾਲ, ਮਨੀਸ਼ ਪਾਂਧੀ, ਸਾਧੂ ਸਿੰਘ ਅਤੇ ਹੋਰ ਹਾਜ਼ਰ ਸਨ। ਮੇਅਰ ਨੇ ਸਭ ਤੋਂ ਪਹਿਲਾਂ ਸਦਰ ਬਾਜ਼ਾਰ ਵਿੱਚ ਸਫਾਈ ਮੁਹਿੰਮ ਦਾ ਆਗਾਜ਼ ਕਰਵਾਉਂਦਿਆਂ ਸਫਾਈ ਮੁਲਾਜ਼ਮਾਂ ਨੂੰ ਵਿਸ਼ੇਸ਼ ਨਿਰਦੇਸ਼ ਦਿੱਤੇ। ਉਸ ਤੋਂ ਬਾਅਦ ਉਨ੍ਹਾਂ ਵੱਲੋਂ ਧੋਬੀ ਘਾਟ ਰੋਡ 'ਤੇ ਵੀ ਸਫਾਈ ਮੁਹਿੰਮ ਦਾ ਆਗਾਜ਼ ਕਰਵਾਇਆ ਗਿਆ। ਮੇਅਰ ਨੇ ਮਾਲ ਗੁਦਾਮ ਰੋਡ 'ਤੇ ਪਏ ਕਚਰੇ ਦੇ ਢੇਰ ਨੂੰ ਵੀ ਉਠਾਉਣ ਦੇ ਆਦੇਸ਼ ਦੇ ਦਿੱਤੇ ਹਨ, ਜਿਸ ਨੂੰ ਅੱਜ ਉਠਾ ਲਿਆ ਜਾਵੇਗਾ।
ਇਸ ਦੌਰਾਨ ਵਿਨੋਦ ਸੈਣੀ ਨੇ ਦੱਸਿਆ ਕਿ ਉਨ੍ਹਾਂ ਦੇ ਵਾਰਡ ਵਿੱਚ ਸਫਾਈ ਵਿਵਸਥਾ ਦਾ ਬੁਰਾ ਹਾਲ ਸੀ, ਮਾਲ ਗੁਦਾਮ ਰੋਡ 'ਤੇ ਕਚਰੇ ਦਾ ਢੇਰ ਲੱਗਿਆ ਹੋਇਆ ਸੀ। ਜਿਸ ਸਬੰਧੀ ਉਨ੍ਹਾਂ ਅੱਜ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨਾਲ ਮੁਲਾਕਾਤ ਕਰਕੇ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਕਿ ਅਪੀਲ ਕਰਨ ਦੇ ਤੁਰੰਤ ਬਾਅਦ ਮੇਅਰ ਖੁਦ ਉਨ੍ਹਾਂ ਦੇ ਨਾਲ ਵਾਰਡ ਵਿੱਚ ਪੈਦਲ ਹੀ ਗਏ ਅਤੇ ਸਫਾਈ ਦਾ ਜਾਇਜਾ ਲਿਆ। ਉਨ੍ਹਾਂ ਕਿਹਾ ਕਿ ਸਫਾਈ ਵਿਵਸਥਾ ਲਈ ਮੇਅਰ ਸ੍ਰੀ ਮਹਿਤਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਇਸ ਦੌਰਾਨ ਮੇਅਰ ਸ੍ਰੀ ਪਦਮਜੀਤ ਮਹਿਤਾ ਨੇ ਕਿਹਾ ਕਿ ਬਠਿੰਡਾ ਦੀ ਜਨਤਾ ਵੱਲੋਂ ਉਨ੍ਹਾਂ ਨੂੰ ਸਫਾਈ ਵਿਵਸਥਾ ਸਬੰਧੀ ਸ਼ਿਕਾਇਤਾਂ ਦਿੱਤੀਆਂ ਜਾ ਰਹੀਆਂ ਸਨ ਅਤੇ ਕਈ ਕੌਂਸਲਰਾਂ ਨੇ ਵੀ ਸਫਾਈ ਵਿਵਸਥਾ ਸੁਚਾਰੂ ਰੂਪ ਨਾਲ ਨਹੀਂ ਹੋਣ ਦੀਆਂ ਸ਼ਿਕਾਇਤਾਂ ਦਿੱਤੀਆਂ ਸਨ।
ਉਹਨਾਂ ਦੱਸਿਆ ਕਿ ਇਸ ਸਬੰਧੀ ਅੱਜ ਉਨ੍ਹਾਂ ਨੇ ਸਫਾਈ ਕਰਮਚਾਰੀਆਂ ਨੂੰ ਆਪਣੇ ਪੱਧਰ 'ਤੇ ਨਿਰਦੇਸ਼ ਜਾਰੀ ਕਰ ਦਿੱਤੇ ਹਨ ਕਿ ਉਹ ਆਗਾਮੀ ਇੱਕ ਦੋ ਦਿਨਾਂ ਵਿੱਚ ਬਠਿੰਡਾ ਨੂੰ ਕਚਰੇ ਦੇ ਢੇਰ ਤੋਂ ਮੁਕਤੀ ਦਵਾਉਣ। ਉਨ੍ਹਾਂ ਦੱਸਿਆ ਕਿ ਮਾਲ ਗੁਦਾਮ ਰੋਡ 'ਤੇ ਪਏ ਕਚਰੇ ਦੇ ਘੇਰ ਨੂੰ ਉਠਵਾ ਦਿੱਤਾ ਗਿਆ ਹੈ। ਉਨ੍ਹਾਂ ਨਾਮ ਜਨਤਾ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਆਲੇ ਦੁਆਲੇ ਦੇ ਇਲਾਕੇ ਨੂੰ ਸਾਫ ਸੁਥਰਾ ਰੱਖਣ, ਕਿਉਂਕਿ ਆਪਣੇ ਘਰ ਤੇ ਮੁਹੱਲੇ ਤੋਂ ਹੀ ਸਫਾਈ ਦਾ ਆਗਾਜ਼ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਆਮ ਜਨਤਾ ਦੇ ਸਹਿਯੋਗ ਨਾਲ ਬਠਿੰਡਾ ਨੂੰ ਆਗਾਮੀ ਇੱਕ ਦੋ ਦਿਨਾਂ ਵਿੱਚ ਬਿਲਕੁਲ ਸਾਫ ਸੁਥਰਾ ਬਠਿੰਡਾ ਬਣਾ ਦਿੱਤਾ ਜਾਵੇਗਾ।