ਹੈਡ ਟੀਚਰ ਦੀ ਬਦਲੀ ਰੱਦ ਕਰਵਾਉਣ ਲਈ ਡੀਈਓ ਨੂੰ ਮਿਲਿਆ ਜਨਤਕ ਜਥੇਬੰਦੀਆਂ ਦਾ ਵਫ਼ਦ
ਅਸ਼ੋਕ ਵਰਮਾ
ਬਠਿੰਡਾ, 11 ਫਰਵਰੀ 2025: ਬਠਿੰਡਾ ਜ਼ਿਲ੍ਹੇ ਦੇ ਪਿੰਡ ਪਥਰਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਹੈਡ ਟੀਚਰ ਸਰਬਜੀਤ ਸਿੰਘ ਦੀ ਬਿਨਾਂ ਪੜਤਾਲ ਤੋਂ ਕੀਤੀ ਪਠਾਨਕੋਟ ਦੀ ਬਦਲੀ ਨੂੰ ਰਾਜਸੀ ਦਬਾਅ ਅਤੇ ਜਬਰੀ ਕੀਤੀ ਕਰਾਰ ਦਿੰਦਿਆਂ ਇਸ ਫੈਸਲੇ ਖਿਲਾਫ ਅਧਿਆਪਕ ਜਥੇਬੰਦੀ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਇਕਾਈ ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ , ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਅਤੇ ਬਲਾਕ ਸਕੱਤਰ ਅਸ਼ਵਨੀ ਕੁਮਾਰ ਦੀ ਅਗਵਾਈ ਹੇਠ ਪਥਰਾਲਾ ਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ, ਪਿੰਡ ਦੀ ਸਾਬਕਾ ਅਤੇ ਮੌਜੂਦਾ ਪੰਚਾਇਤ ਅਤੇ ਸਕੂਲ ਮੈਨੇਜਮੈਂਟ ਕਮੇਟੀ ਸਰਕਾਰੀ ਪ੍ਰਾਇਮਰੀ ਸਕੂਲ ਪਥਰਾਲਾ ਦੇ ਚੇਅਰਮੈਨ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਨੂੰ ਮਿਲੇ ਅਤੇ ਬਦਲੀ ਰੱਦ ਕਰਾਉਣ ਲਈ ਮੰਗ ਪੱਤਰ ਦਿੱਤਾ। ਵਫ਼ਦ ਨੇ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਦੱਸਿਆ ਕਿ ਸਰਬਜੀਤ ਸਿੰਘ ਦੀ ਬਦਲੀ ਦੇ ਧੱਕੇ ਖਿਲਾਫ ਮਿਤੀ 10 ਫਰਵਰੀ 2025 ਤੋਂ ਸਰਕਾਰੀ ਪ੍ਰਾਇਮਰੀ ਸਕੂਲ ਪਥਰਾਲਾ ਦੀ ਤਾਲਾਬੰਦੀ ਕੀਤੀ ਹੋਈ ਹੈ।
ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਹ ਬਦਲੀ ਰੱਦ ਨਾ ਹੋਈ ਤਾਂ ਪੜ੍ਹਾਈ ਦੇ ਦਿਨਾਂ ਦੌਰਾਨ ਮਜਬੂਰੀ ਵੱਸ ਸਰਕਾਰੀ ਸਕੈਂਡਰੀ ਸਕੂਲ ਨੂੰ ਵੀ ਜਿੰਦਰਾ ਮਾਰਨਾ ਪਵੇਗਾ ਜਿਸ ਦੀ ਜਿੰਮੇਵਾਰੀ ਸਿੱਖਿਆ ਵਿਭਾਗ ਅਤੇ ਬਠਿੰਡਾ ਪ੍ਰਸ਼ਾਸਨ ਦੀ ਹੋਵੇਗੀ। ਉਨਾਂ ਸਪਸ਼ਟ ਕੀਤਾ ਕਿ ਜੇਕਰ ਪਿੰਡ ਵਾਸੀਆਂ ਅਤੇ ਜਥੇਬੰਦੀਆਂ ਦੀ ਮੰਗ ਤੇ ਗੌਰ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਦੌਰਾਨ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੇ ਮੰਤਵ ਤਹਿਤ ਡੱਬਵਾਲੀ ਬਠਿੰਡਾ ਕੌਮੀ ਸੜਕ ਮਾਰਗ ਜਾਮ ਵੀ ਕੀਤਾ ਜਾ ਸਕਦਾ ਹੈ। ਆਗੂਆਂ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫਸਰ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਉੱਚ ਅਧਿਕਾਰੀਆਂ ਨੂੰ ਇਹ ਬਦਲੀ ਰੱਦ ਕਰਨ ਲਈ ਲਿਖਣਗੇ । ਅੱਜ ਦੇ ਵਫਦ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਅਵਤਾਰ ਸਿੰਘ ,ਬੀਰਾ ਸਿੰਘ, ਨਿਰਮਲ ਸਿੰਘ ,ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਬੋਹੜ ਸਿੰਘ , ਗੌਰਮਿੰਟ ਟੀਚਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਡੀ ਟੀ ਐਫ ਦੇ ਬਲਾਕ ਆਗੂ ਰਤਨਜੋਤ ਸ਼ਰਮਾ, ਅਸੀਮ ਮਿੱਡਾ, ਰੁਪਿੰਦਰ ਸਿੰਘ ਅਤੇ ਗੁਰਲਾਲ ਸਿੰਘ ਸਾਬਕਾ ਪੰਚ ਪਥਰਾਲਾ ਸਮੇਤ ਵੱਡੀ ਗਿਣਤੀ ਵਿੱਚ ਜਨਤਕ ਜਥੇਬੰਦੀਆਂ ਦੇ ਆਗੂ ਸ਼ਾਮਲ ਸਨ।