ਮੈਡਲ ਜੇਤੂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਜੂਡੋ ਖਿਡਾਰੀਆਂ ਨੂੰ ਜੂਡੋਕਾ ਵੈਲਫੇਅਰ ਸੁਸਾਇਟੀ ਵਲੋਂ ਕੀਤਾ ਸਨਮਾਨਿਤ
- ਖਿਡਾਰੀਆਂ ਦੀਆਂ ਮੰਗਾਂ ਨੂੰ ਪਹਿਲ ਆਧਾਰਿਤ ਤੇ ਹੱਲ ਕਰਾਂਗੇ_ਖੇਡ ਅਫ਼ਸਰ
ਰੋਹਿਤ ਗੁਪਤਾ
ਗੁਰਦਾਸਪੁਰ 22 ਅਪ੍ਰੈਲ 2025 - ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਵਿਖੇ ਜ਼ਿਲ੍ਹਾ ਜੂਡੋਕਾ ਵੈਲਫੇਅਰ ਸੁਸਾਇਟੀ ਗੁਰਦਾਸਪੁਰ ਵਲੋਂ ਸਾਲ 2024-25 ਦੇ ਸੈਸ਼ਨ ਦੌਰਾਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਨਵੇਂ ਸੈਸ਼ਨ ਸਾਲ 2025-26 ਲਈ ਜੋਤੀ ਪ੍ਰਚੰਡ ਕਰ ਕੇ ਸ਼ੁਰੂਆਤ ਕੀਤੀ ਗਈ। ਨਵੇਂ ਸੈਸ਼ਨ ਲਈ ਤਕਰੀਬਨ 200 ਦੇ ਲਗਭਗ ਖਿਡਾਰੀਆਂ ਨੇ ਰਜਿਸਟ੍ਰੇਸ਼ਨ ਫਾਰਮ ਭਰ ਕੇ ਆਪਣੀ ਹਾਜ਼ਰੀ ਲਗਵਾਈ। ਇਸ ਇਨਾਂਮ ਵੰਡ ਸਮਾਗਮ ਦੀ ਪ੍ਰਧਾਨਗੀ ਸਿਮਰਨਜੀਤ ਸਿੰਘ ਰੰਧਾਵਾ ਜ਼ਿਲ੍ਹਾ ਖੇਡ ਅਫ਼ਸਰ ਗੁਰਦਾਸਪੁਰ ਨੇ ਕੀਤੀ।
ਜੂਡੋ ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਸਾਲ 2024-25 ਗੁਰਦਾਸਪੁਰ ਦੇ ਜੂਡੋ ਖਿਡਾਰੀਆਂ ਨੇ ਸੁਨਹਿਰੀ ਇਤਿਹਾਸ ਸਿਰਜਿਆ ਹੈ। ਪੰਜਾਬ ਪੱਧਰ ਦੇ ਮੁਕਾਬਲਿਆਂ ਵਿੱਚ 135 ਮੈਡਲ, ਨੈਸ਼ਨਲ ਪੱਧਰ ਦੇ ਮੁਕਾਬਲਿਆਂ ਵਿੱਚ 23 ਮੈਡਲ ਅਤੇ 3 ਖਿਡਾਰੀਆਂ ਨੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਭਾਗ ਲਿਆ ਹੈ। ਇਸੇ ਤਰ੍ਹਾਂ ਆਲ ਇੰਡੀਆ ਇੰਟਰ ਵਰਸਿਟੀ ਜੂਡੋ ਚੈਂਪੀਅਨਸ਼ਿਪ 2025 ਵਿੱਚ ਦੋ ਗੋਲਡ ਮੈਡਲ ਇੱਕ ਬਰਾਉਨਜ ਮੈਡਲ ਜਿੱਤ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਝੋਲੀ ਵਿੱਚ ਚੈਂਪੀਅਨਸ਼ਿਪ ਟਰਾਫ਼ੀ ਪਾਈ ਹੈ।
ਜੂਡੋ ਕੋਚ ਰਵੀ ਕੁਮਾਰ ਨੇ ਦੱਸਿਆ ਕਿ ਇਸ ਸਾਲ ਖਿਡਾਰੀਆਂ ਨੇ ਪੰਜਾਬ ਜੂਡੋ ਐਸੋਸੀਏਸ਼ਨ ਵੱਲੋਂ ਕਰਵਾਏ ਸਬ ਜੂਨੀਅਰ ਸਟੇਟ ਜੂਡੋ ਚੈਂਪੀਅਨਸ਼ਿਪ ਫਾਜ਼ਿਲਕਾ, ਕੈਡਿਟਸ ਜੂਡੋ ਚੈਂਪੀਅਨਸ਼ਿਪ ਜਲੰਧਰ, ਸੀਨੀਅਰ ਜੂਡੋ ਚੈਂਪੀਅਨਸ਼ਿਪ ਜਲੰਧਰ, ਵਿੱਚ ਪਹਿਲਾ ਸਥਾਨ, ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਈਆਂ ਪੰਜਾਬ ਸਕੂਲਜ 2024 ਵਿੱਚ ਅੰਡਰ 14 ਸਾਲ, ਅੰਡਰ 17 ਸਾਲ ਗਰੁੱਪ ਵਿੱਚ ਪਹਿਲਾ ਸਥਾਨ ਅਤੇ ਅੰਡਰ 19 ਸਾਲ ਗਰੁੱਪ ਵਿਚ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ। ਖੇਡਾਂ ਵਤਨ ਪੰਜਾਬ ਸੈਸ਼ਨ ਤਿੰਨ ਵਿੱਚ 12 ਗੋਲਡ ਮੈਡਲ,8 ਸਿਲਵਰ ਮੈਡਲ ਅਤੇ 14 ਬਰਾਉਨਜ ਮੈਡਲ ਜਿੱਤ ਕੇ ਪੰਜਾਬ ਸਰਕਾਰ ਤੋਂ 250000 ਦੀ ਇਨਾਮੀ ਰਾਸ਼ੀ ਪ੍ਰਾਪਤ ਕੀਤੀ ਹੈ। ਸਮਾਗਮ ਦੇ ਮੁੱਖ ਮਹਿਮਾਨ ਸ੍ਰ ਸਿਮਰਨਜੀਤ ਸਿੰਘ ਰੰਧਾਵਾ ਜ਼ਿਲ੍ਹਾ ਖੇਡ ਅਫ਼ਸਰ ਗੁਰਦਾਸਪੁਰ ਖਿਡਾਰੀਆਂ ਦੀਆਂ ਪ੍ਰਾਪਤੀਆਂ ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਖੇਡ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਹਮੇਸ਼ਾ ਖਿਡਾਰੀਆਂ ਨੂੰ ਸਹੂਲਤਾਂ ਦੇਣ ਤੋਂ ਪਿੱਛੇ ਨਹੀਂ ਹੱਟਦਾ।
ਸਾਰਾ ਸਾਲ ਯੋਗ 35ਖਿਡਾਰੀਆਂ ਨੂੰ 125 ਰੁਪਏ ਦੀ ਖੁਰਾਕ ਰਾਸ਼ੀ ਵਿੱਚ ਦੁੱਧ, ਕੇਲੇ ਅਤੇ ਬਦਾਮ ਦਿੱਤੇ ਗਏ ਹਨ। ਜੂਡੋ ਹਾਲ ਦੇ ਬਾਥਰੂਮ ਦੀ ਮਾਣਯੋਗ ਡਿਪਟੀ ਕਮਿਸ਼ਨਰ ਸਾਹਿਬ ਵਲੋਂ ਰਿਪੇਅਰ ਕਰਵਾਈ ਗਈ ਹੈ। 4 ਖਿਡਾਰੀਆਂ ਨੂੰ ਸਰਦਾਰ ਨਿਰਮਲ ਸਿੰਘ ਯਾਦਗਾਰੀ ਵਜ਼ੀਫਾ ਰਾਸ਼ੀ 8.50 ਲੱਖ ਰੁਪਏ ਦਿੱਤੀ ਗਈ ਹੈ। ਇਸੇ ਤਰ੍ਹਾਂ ਵਿਭਾਗ ਵੱਲੋਂ ਜ਼ਿਲ੍ਹਾ ਜੂਡੋਕਾ ਵੈਲਫੇਅਰ ਸੁਸਾਇਟੀ ਗੁਰਦਾਸਪੁਰ ਦੀ ਮੰਗ ਅਨੁਸਾਰ 12 ਲੱਖ ਰੁਪਏ ਦੇ ਜੂਡੋ ਮੈਟ ਅਤੇ ਜੂਡੋ ਹਾਲ ਦੀ ਮੁਰੰਮਤ ਲਈ ਉੱਚ ਅਧਿਕਾਰੀਆਂ ਦੇ ਸਹਿਯੋਗ ਨਾਲ ਜਲਦੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਖਿਡਾਰੀਆਂ ਦੇ ਮਾਪਿਆਂ ਨੂੰ ਤਾਕੀਦ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਖੇਡ ਮੈਦਾਨਾ ਵਿੱਚ ਵੱਧ ਤੋਂ ਵੱਧ ਲੈ ਕੇ ਆਉਣ ਤਾਂ ਕਿ ਇਹ ਬੁਰੀਆਂ ਆਦਤਾਂ ਤੋਂ ਬੱਚ ਸਕਣ। ਜ਼ਿਲ੍ਹਾ ਜੂਡੋ ਐਸੋਸੀਏਸ਼ਨ ਦੀ ਸਕੱਤਰ ਮੈਡਮ ਬਲਵਿੰਦਰ ਕੌਰ ਨੇ ਦੱਸਿਆ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਜੂਡੋ ਖੇਡ ਪ੍ਰੇਮੀਆਂ ਦੇ ਸਹਿਯੋਗ ਨਾਲ ਖਿਡਾਰੀਆਂ ਦੀ ਵਿੱਤੀ ਸਹਾਇਤਾ ਲਈ ਸੰਸਥਾ ਹਮੇਸ਼ਾ ਤੱਤਪਰ ਹੈ। ਹਾਜ਼ਰ ਮੈਂਬਰਾਂ ਨਾਲ ਖ਼ੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਜੂਡੋ ਖਿਡਾਰੀ ਦੇਸ਼ ਦੀਆਂ ਵੱਖ ਵੱਖ ਪੈਰਾ ਮਿਲਟਰੀ ਫੋਰਸ ਵਿਚ ਬਹਾਦੁਰੀ ਨਾਲ ਕੰਮ ਕਰ ਰਹੇ ਹਨ।
ਇਸ ਸਾਲ ਸਾਡੇ ਸਾਬਕਾ ਜੂਡੋ ਖਿਡਾਰੀ ਕਪਿਲ ਕੌਸਲ ਸ਼ਰਮਾ, ਰਾਜ ਕੁਮਾਰ ਸ਼ਰਮਾ ਡੀ ਐਸ ਪੀ ਬਣਕੇ ਅਮ੍ਰਿਤਸਰ ਅਤੇ ਬਠਿੰਡਾ ਵਿਖੇ ਨਸ਼ਿਆਂ ਦੇ ਖਿਲਾਫ ਯੁੱਧ ਵਿੱਚ ਸਰਗਰਮ ਭੂਮਿਕਾ ਨਿਭਾ ਰਹੇ ਹਨ। ਜੂਡੋ ਸੈਂਟਰ ਲਈ ਦਿਨ ਰਾਤ ਮਿਹਨਤ ਕਰਨ ਵਾਲੇ ਸਾਬਕਾ ਜੂਡੋ ਖਿਡਾਰੀ ਸਤੀਸ਼ ਕੁਮਾਰ ਨੂੰ ਪੰਜਾਬ ਜੂਡੋ ਐਸੋਸੀਏਸ਼ਨ ਦੇ ਟੈਕਨੀਕਲ ਚੇਅਰਮੈਨ ਅਤੇ ਸਾਬਕਾ ਐਸ ਐਸ ਪੀ ਵਿਜੀਲੈਂਸ ਸ੍ਰ ਵਰਿੰਦਰ ਸਿੰਘ ਸੰਧੂ ਨੂੰ ਪੰਜਾਬ ਜੂਡੋ ਐਸੋਸੀਏਸ਼ਨ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ।। ਅੱਜ ਦੇ ਸਮਾਗਮ ਵਿੱਚ ਜਿੱਥੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਜਸਲੀਨ ਸਿੰਘ ਸੈਣੀ, ਕਰਨਜੀਤ ਸਿੰਘ ਮਾਨ, ਮਾਨਵ ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ ਉਥੇ ਜੂਡੋ ਕੋਚ ਰਵੀ ਕੁਮਾਰ, ਅਤੁਲ ਕੁਮਾਰ, ਦਿਨੇਸ਼ ਕੁਮਾਰ ਬਟਾਲਾ, ਕੁਮਾਰੀ ਤਮੰਨਾ, ਲਕਸ਼ੇ ਕੁਮਾਰ ਜੂਡੋ ਕੋਚ ਅਤੇ ਪਹਿਲਵਾਨ ਵਰਿੰਦਰ ਮੋਹਨ ਬੱਬੇਹਾਲੀ ਨੂੰ ਸਨਮਾਨਿਤ ਕੀਤਾ ਗਿਆ। ਜੂਡੋ ਖੇਡ ਨੂੰ ਵਿਕਸਤ ਕਰਨ ਵਿੱਚ ਮਦਦ ਕਰਨ ਵਾਲੇ ਰਿਸ਼ੀ ਕੋਛੜ ਕੈਂਬਰਿਜ ਇੰਟਰਨੈਸ਼ਨਲ ਸਕੂਲ, ਰਵਿੰਦਰ ਖੰਨਾ, ਰਵਿੰਦਰ ਪਠਾਣੀਆਂ, ਰਕੇਸ਼ ਕੁਮਾਰ ਬੈਡਮਿੰਟਨ ਕੋਚ ਅਭਿਨੰਦਨ ਕੁਮਾਰ ਪ੍ਰਿੰਸੀਪਲ ਅਮਰਜੀਤ ਸਿੰਘ ਮਨੀ ਡਾਕਟਰ ਰਵਿੰਦਰ ਸਿੰਘ ਅਤੇ ਬੀਬੀ ਸਰਵਜੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ।