ਆਈਪੀਐਲ ਫੈਨ ਪਾਰਕ :ਮੇਅਰ ਪਦਮਜੀਤ ਮਹਿਤਾ ਵੱਲੋਂ ਖਿਡਾਰੀਆਂ ਦੇ ਦਸਤਖਤ ਵਾਲੀਆਂ ਜਰਸੀਆਂ ਭੇਂਟ
ਅਸ਼ੋਕ ਵਰਮਾ
ਬਠਿੰਡਾ, 20 ਅਪ੍ਰੈਲ 2025 : ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਦੇ ਯਤਨਾਂ ਸਦਕਾ, ਬੀਸੀਸੀਆਈ ਵੱਲੋਂ 19 ਅਤੇ 20 ਅਪ੍ਰੈਲ ਨੂੰ ਲਗਾਤਾਰ ਦੂਜੀ ਵਾਰ ਬਠਿੰਡਾ ਵਿੱਚ ਆਈਪੀਐਲ ਫੈਨ ਪਾਰਕ ਕਰਵਾਇਆ ਜਿਸ ਦੌਰਾਨ 4 ਆਈਪੀਐਲ ਮੈਚਾਂ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ। ਉਨ੍ਹਾਂ ਨੂੰ ਦੇਖਣ ਲਈ ਹਜ਼ਾਰਾਂ ਕ੍ਰਿਕਟ ਪ੍ਰੇਮੀ ਪਹੁੰਚੇ। ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਵੀ ਫੈਨ ਪਾਰਕ ਦੇ ਪਹਿਲੇ ਦਿਨ ਦੂਜੇ ਆਈਪੀਐਲ ਕ੍ਰਿਕਟ ਮੈਚ ਦਾ ਸਿੱਧਾ ਪ੍ਰਸਾਰਣ ਦੇਖਣ ਲਈ ਪਹੁੰਚੇ ਅਤੇ ਲਾਈਵ ਪ੍ਰਸਾਰਣ ਦਾ ਆਨੰਦ ਮਾਣਿਆ। ਇਸ ਦੌਰਾਨ ਉਹ ਬੈੱਟ ਫਾਸਟ ਅਤੇ ਹੋਰ ਖੇਡਾਂ ਦਾ ਵੀ ਹਿੱਸਾ ਬਣੇ। ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੇ ਬੀਸੀਸੀਆਈ ਦੁਆਰਾ ਆਯੋਜਿਤ ਦੋ ਲੱਕੀ ਡਰਾਅ ਵੀ ਕੱਢੇ ਤੇ ਦੋ ਜੇਤੂ ਕ੍ਰਿਕਟ ਪ੍ਰੇਮੀਆਂ ਨੂੰ ਕ੍ਰਿਕਟ ਖਿਡਾਰੀਆਂ ਦੇ ਦਸਤਖਤ ਵਾਲੀਆਂ ਦੋ ਜਰਸੀਆਂ ਭੇਟ ਕੀਤੀਆਂ। ਇਸ ਦੌਰਾਨ ਉਨ੍ਹਾਂ ਨੇ ਕ੍ਰਿਕਟ ਪ੍ਰੇਮੀਆਂ ਨੂੰ ਸੰਬੋਧਨ ਵੀ ਕੀਤਾ।
ਪੁਲਿਸ ਪਬਲਿਕ ਸਕੂਲ ਦੇ ਕ੍ਰਿਕਟ ਮੈਦਾਨ ਵਿੱਚ ਕਰਵਾਏ ਦੋ-ਰੋਜ਼ਾ ਆਈਪੀਐਲ ਫੈਨ ਪਾਰਕ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਹਜ਼ਾਰਾਂ ਕ੍ਰਿਕਟ ਪ੍ਰੇਮੀ ਫੈਨ ਪਾਰਕ ਦੇਖਣ ਲਈ ਪਹੁੰਚ ਰਹੇ ਹਨ, ਉਸ ਤੋਂ ਅਜਿਹਾ ਲੱਗਦਾ ਹੈ ਜਿਵੇਂ ਉਹ ਆਈਪੀਐਲ ਟੂਰਨਾਮੈਂਟ ਦੇਖਣ ਲਈ ਸਟੇਡੀਅਮ ਵਿੱਚ ਪਹੁੰਚੇ ਹੋਣ। ਉਨ੍ਹਾਂ ਕਿਹਾ ਕਿ ਬਠਿੰਡਾ ਦੇ ਫੈਨ ਪਾਰਕ ਵਿੱਚ ਦਾਖਲੇ ਲਈ ਰਜਿਸਟ੍ਰੇਸ਼ਨ ਬਿਲਕੁਲ ਮੁਫ਼ਤ ਹੈ ਅਤੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਲਈ ਵੱਖ-ਵੱਖ ਗਤੀਵਿਧੀਆਂ ਵੀ ਬਿਲਕੁਲ ਮੁਫ਼ਤ ਹਨ। ਉਨ੍ਹਾਂ ਕਿਹਾ ਕਿ ਉਹ ਖੁਸ਼ ਹਨ ਕਿ ਕ੍ਰਿਕਟ ਪ੍ਰੇਮੀ ਫੈਨ ਪਾਰਕ ਵਿੱਚ ਆਨੰਦ ਮਾਣ ਰਹੇ ਹਨ ਅਤੇ ਫੈਨ ਪਾਰਕ ਵਿੱਚ ਇੱਕ ਪਿਕਨਿਕ ਸਪਾਟ ਵਾਂਗ ਮਸਤੀ ਕਰਦੇ ਦਿਖਾਈ ਦੇ ਰਹੇ ਹਨ। ਮੇਅਰ ਸ੍ਰੀ ਮਹਿਤਾ ਨੇ ਕਿਹਾ ਕਿ ਇਹ ਬਠਿੰਡਾ ਸ਼ਹਿਰ ਲਈ ਬਹੁਤ ਖੁਸ਼ਕਿਸਮਤੀ ਵਾਲੀ ਗੱਲ ਹੈ ਕਿ ਲਗਾਤਾਰ ਦੂਜੀ ਵਾਰ ਬਠਿੰਡਾ ਨੂੰ ਦੇਸ਼ ਦੇ 50 ਸ਼ਹਿਰਾਂ ਵਿੱਚ ਬੀਸੀਸੀਆਈ ਵੱਲੋਂ ਕਰਵਾਏ ਜਾ ਰਹੇ ਆਈਪੀਐਲ ਫੈਨ ਪਾਰਕ ਲਈ ਸਥਾਨ ਦਿੱਤਾ ਗਿਆ ਹੈ,।
ਉਹਨਾਂ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਦਰਸ਼ਕਾਂ ਨੂੰ ਬਿਲਕੁਲ ਮੁਫ਼ਤ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਬਠਿੰਡਾ ਸਮੇਤ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਭਵਿੱਖ ਵਿੱਚ ਵੀ ਅਜਿਹੇ ਪ੍ਰੋਗ੍ਰਾਮ ਆਯੋਜਿਤ ਕੀਤੇ ਜਾਣੇ ਚਾਹੀਦੇ ਹਨ, ਜਦੋਂ ਕਿ ਮਹਿਤਾ ਪਰਿਵਾਰ ਨੌਜਵਾਨਾਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਲਈ ਵੀ ਹਰ ਸੰਭਵ ਯਤਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਕ੍ਰਿਕਟ ਸਟੇਡੀਅਮ ਲਈ ਬਠਿੰਡਾ ਵਿੱਚ ਜ਼ਮੀਨ ਖਰੀਦੀ ਹੈ ਅਤੇ ਆਉਣ ਵਾਲੇ ਕੁਝ ਸਾਲਾਂ ਵਿੱਚ ਬਠਿੰਡਾ ਵਿੱਚ ਵੀ ਆਈਪੀਐਲ ਟੂਰਨਾਮੈਂਟ ਸ਼ੁਰੂ ਹੋਵੇਗਾ। ਮੇਅਰ ਸਾਹਿਬ ਨੇ ਇਹ ਵੀ ਕਿਹਾ ਕਿ ਉਹ ਬੀਸੀਸੀਆਈ ਨੂੰ ਅਪੀਲ ਕਰਨਗੇ ਕਿ ਉਹ ਹਰ ਸਾਲ ਬਠਿੰਡਾ ਵਿੱਚ ਆਈਪੀਐਲ ਫੈਨ ਪਾਰਕ ਕਰਵਾਇਆ ਕਰਨ , ਤਾਂ ਜੋ ਬਠਿੰਡਾ ਵਾਸੀ ਆਈਪੀਐਲ ਫੈਨ ਪਾਰਕ ਵਿੱਚ ਆਈਪੀਐਲ ਮੈਚਾਂ ਦਾ ਆਨੰਦ ਮਾਣ ਸਕਣ।