ਰੋਪੜ ਜ਼ਿਲ੍ਹੇ ਦੇ ਸ਼ੂਟਰ ਅਮਿਤੋਜ ਸਿੰਘ ਨੇ ਨੈਸ਼ਨਲ ਪੱਧਰ ਤੇ ਜਿੱਤਿਆ ਮੈਡਲ
- ਡਿਪਟੀ ਕਮਿਸ਼ਨਰ ਅਤੇ ਰੋਪੜ ਰਾਈਫ਼ਲ ਸ਼ੂਟਿੰਗ ਐਸੋਸੀਏਸ਼ਨ ਨੇ ਕੀਤਾ ਖੁਸ਼ੀ ਦਾ ਪ੍ਰਗਟਾਵਾ
- ਰੋਪੜ 'ਚ ਜਲਦ ਹੋਵੇਗਾ 50 ਮੀਟਰ ਸ਼ੂਟਿੰਗ ਰੇਂਜ ਦਾ ਨਿਰਮਾਣ - ਡਿਪਟੀ ਕਮਿਸ਼ਨਰ
ਰੂਪਨਗਰ, 24 ਅਪ੍ਰੈਲ 2025: ਰੋਪੜ ਜ਼ਿਲ੍ਹੇ ਦੇ ਸ਼ੂਟਰ ਅਮਿਤੋਜ ਸਿੰਘ ਪੁੱਤਰ ਸ. ਉਪਿੰਦਰ ਸਿੰਘ ਨੇ ਰਾਈਫ਼ਲ ਸ਼ੂਟਿੰਗ ਮੁਕਾਬਲੇ ਦੇ 50 ਮੀਟਰ 3 ਪੁਜੀਸ਼ਨ ਜੂਨੀਅਰ ਕੈਟਾਗਰੀ ਦੇ ਸਖ਼ਤ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਲ ਕਰਕੇ ਆਪਣੇ ਰੂਪਨਗਰ ਅਤੇ ਪੰਜਾਬ ਦਾ ਨਾਂ ਚਮਕਾਇਆ ਹੈ। ਡਿਪਟੀ ਕਮਿਸ਼ਨਰ ਰੂਪਨਗਰ ਵਰਜੀਤ ਸਿੰਘ ਵਾਲੀਆ ਅਤੇ ਰੋਪੜ ਰਾਈਫ਼ਲ ਸ਼ੂਟਿੰਗ ਐਸੋਸੀਏਸ਼ਨ ਨੇ ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਡਿਪਟੀ ਕਮਿਸ਼ਨਰ ਰੂਪਨਗਰ ਵਰਜੀਤ ਸਿੰਘ ਵਾਲੀਆ ਨੇ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਇੱਥੇ ਇਹ ਵੀ ਵਿਸ਼ੇਸ਼ ਤੌਰ ਤੇ ਜ਼ਿਕਰਯੋਗ ਹੈ ਕਿ ਰਾਈਫ਼ਲ 3 ਪੁਜੀਸ਼ਨ ਵਿੱਚ ਰੂਪਨਗਰ ਦੇ ਕਿਸੇ ਵੀ ਸ਼ੂਟਰ ਨੇ ਨੈਸ਼ਨਲ ਪੱਧਰ ਉੱਤੇ ਪਹਿਲਾ ਮੈਡਲ ਜਿੱਤਿਆ ਹੈ। ਉਨ੍ਹਾਂ ਦੱਸਿਆ ਕਿ ਰੂਪਨਗਰ ਵਿੱਚ ਜਲਦ ਹੀ 50 ਮੀਟਰ ਸ਼ੂਟਿੰਗ ਰੇਂਜ ਦਾ ਨਿਰਮਾਣ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਇਸ ਈਵੈਂਟ ਲਈ 50 ਮੀਟਰ ਰੇਂਜ ਦਾ ਨਿਰਮਾਣ ਰੋਪੜ ਵਿਖੇ ਹੋ ਜਾਵੇਗਾ ਤਾਂ ਇਸ ਈਵੈਂਟ ਵਿੱਚ ਵੀ ਸਾਡੇ ਸ਼ੂਟਰ ਅੰਤਰਰਾਸ਼ਟਰੀ ਪੱਧਰ ਤੇ ਮੱਲਾਂ ਮਾਰਨ ਦੇ ਕਾਬਿਲ ਹੋ ਜਾਣਗੇ।
ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਸ. ਨਰਿੰਦਰ ਸਿੰਘ ਬੰਗਾ ਨੇ ਦੱਸਿਆ ਕਿ 23ਵੀਂ ਕੁਮਾਰ ਸੁਰਿੰਦਰ ਸਿੰਘ ਸ਼ੂਟਿੰਗ ਚੈਂਪੀਅਨਸ਼ਿਪ, ਜੋ ਕਿ ਡਾਕਟਰ ਕਰਨੀ ਸਿੰਘ ਸ਼ੂਟਿੰਗ ਰੇਂਜ ਨਵੀਂ ਦਿੱਲੀ ਵਿਖੇ ਚੱਲ ਰਹੀ ਹੈ, ਵਿਖੇ ਇਹ ਮੈਡਲ ਹਾਸਲ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਅਮਿਤੋਜ ਸਿੰਘ ਨੇ ਕਵਾਲੀਫਾਇੰਗ ਰਾਉਂਡ ਵਿੱਚ 581/600 ਸਕੋਰ ਲਗਾ ਕੇ ਦੂਜੇ ਸਥਾਨ ਤੇ ਰਿਹਾ। ਇਸ ਉਪਰੰਤ ਫਾਈਨਲ ਮੁਕਾਬਲੇ ਵਿੱਚ ਨੀਲਿੰਗ ਅਤੇ ਪ੍ਰੋਨ ਪੁਜੀਸ਼ਨ ਤੋਂ ਬਾਅਦ ਅਮਿਤੋਜ ਲਗਾਤਾਰ ਪਹਿਲੇ ਸਥਾਨ ਤੇ ਕਾਬਜ਼ ਰਿਹਾ। ਆਖ਼ਿਰੀ ਸਟੈਂਡਿੰਗ ਪੁਜੀਸ਼ਨ ਵਿੱਚ ਪਿੱਛੜ ਕੇ ਤੀਜੇ ਸਥਾਨ ਹਾਸਲ ਕਰਕੇ ਕਾਂਸੀ ਦਾ ਤਮਗਾ ਜਿੱਤਿਆ।
ਅਮਿਤੋਜ ਸਿੰਘ ਦੀ ਇਸ ਉਪਲਬਧੀ ਤੇ ਸਮੁੱਚੀ ਰੋਪੜ ਰਾਈਫ਼ਲ ਸ਼ੂਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ, ਜਨਰਲ ਸਕੱਤਰ ਅਰਸ਼ਦੀਪ ਬੰਗਾ, ਵਾਈਸ ਪ੍ਰਧਾਨ ਡਾ. ਰਾਜੇਸ਼ ਚੌਧਰੀ, ਖ਼ਜ਼ਾਨਚੀ ਅੰਮ੍ਰਿਤਪਾਲ ਸਿੰਘ, ਸ. ਹਰਜੀਤ ਸਿੰਘ ਸੈਣੀ, ਐਡਵੋਕੇਟ ਰਾਜਿੰਦਰ ਸਿੰਘ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ।