ਸਿਵਲ ਹਸਪਤਾਲ ਗੋਨਿਆਣਾ ਵਿਖੇ ਜਿਗਰ ਦੀ ਤੰਦਰੁਸਤੀ ਲਈ ਵਿਸ਼ਵ ਜਿਗਰ ਦਿਵਸ ਮੌਕੇ ਚੁੱਕੀ ਸੌਂਹ
ਅਸ਼ੋਕ ਵਰਮਾ
ਗੋਨਿਆਣਾ, 19 ਅਪ੍ਰੈਲ 2025 : ਸਥਾਨਕ ਸੀ.ਐਚ.ਸੀ. ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਧੀਰਾ ਗੁਪਤਾ ਨੇ ਕਿਹਾ ਕਿ ਜਿਗਰ ਸਾਡੇ ਸਰੀਰ ਦਾ ਸਭ ਤੋਂ ਮਹੱਤਵਪੂਰਨ ਅੰਗ ਹੈ, ਜਿਸ ਨੂੰ ਤੰਦਰੁਸਤ ਰੱਖਣ ਲਈ ਜੀਵਨ ਸ਼ੈਲੀ ਅਤੇ ਖੁਰਾਕ ਨੂੰ ਸਿਹਤਮੰਦ ਬਣਾਉੁਣਾ ਚਾਹੀਦਾ ਹੈ। ਅੱਜ ਵਿਸ਼ਵ ਜਿਗਰ ਦਿਵਸ ਦੇ ਮੌਕੇ ਆਪਣੇ ਸੰਬੋਧਨ ਵਿੱਚ ਡਾ: ਗੁਪਤਾ ਨੇ ਕਿਹਾ ਕਿ ਜੇਕਰ ਜਿਗਰ ਨਾਲ ਜੁੜੀਆਂ ਬਿਮਾਰੀਆਂ ਦਾ ਸਹੀ ਸਮੇਂ ਇਲਾਜ ਨਾ ਕਰਵਾਇਆ ਜਾਵੇ ਤਾਂ ਪੀੜਤ ਕਈ ਵਾਰ ਗੰਭੀਰ ਸਮੱਸਿਆ ਵਿੱਚ ਫਸ ਜਾਂਦਾ ਹੈ।ਉਨ੍ਹਾਂ ਕਿਹਾ ਕਿ ਜਿਗਰ ਸਾਡੇ ਸਰੀਰ ਵਿੱਚ ਭੋਜਨ ਨੂੰ ਪਚਾਉਣ, ਪ੍ਰੋਸੈਸਿੰਗ, ਪੌਸ਼ਟਿਕ ਤੱਤਾਂ ਨੂੰ ਵੰਡਣ ਅਤੇ ਖੂਨ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਫਿਲਟਰ ਕਰਨ ਅਤੇ ਸਰੀਰ ਵਿੱਚੋਂ ਫਾਲਤੂ ਪਦਾਰਥਾਂ ਨੂੰ ਕੱਢਣ ਵਿੱੱਚ ਮਦਦ ਕਰਦਾ ਹੈ।
ਇਸ ਮੌਕੇ ਬੋਲਦਿਆਂ ਡਾ: ਸ਼ੈਰੀ ਗਰਗ ਨੇ ਦੱਸਿਆ ਕਿ ਜਿਗਰ ਦੀਆਂ ਬਿਮਾਰੀਆਂ ਕਈ ਕਿਸਮ ਦੀਆਂ ਹੋ ਸਕਦੀਆਂ ਹਨ ਜਿਵੇਂ ਹੈਪੇਟਾਈਟਸ ਏ, ਬੀ, ਸੀ, ਈ, ਲਾਗ ਆਦਿ।ਇਸ ਤੋਂ ਇਲਾਵਾ ਬੇਕਾਬੂ ਸ਼ੂਗਰ, ਮੋਟਾਪਾ, ਨਸ਼ੀਲੇ ਪਦਾਰਥਾਂ ਦਾ ਸੇਵਨ ਆਦਿ ਵੀ ਇਸ ਦਾ ਕਾਰਨ ਬਣ ਸਕਦੇ ਹਨ। ਬਲਾਕ ਐਜੂਕੇਟਰ ਮਹੇਸ਼ ਸ਼ਰਮਾ ਨੇ ਦੱਸਿਆ ਕਿ ਅੱਜ ਵਿਸ਼ਵ ਜਿਗਰ ਦਿਵਸ ਦੇ ਮੌਕੇ ਬਲਾਕ ਦੇ ਸਮੂਹ ਪਿੰਡਾਂ ਵਿੱਚ ਲੋਕਾਂ ਨੂੰ ਜਿਗਰ ਦੀ ਸਿਹਤਮੰਦੀ ਸਬੰਧੀ ਸਹੁੰ ਚੁਕਾਈ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੀਫ਼ ਫਾਰਮੇਸੀ ਅਫ਼ਸਰ ਅਪਰਤੇਜ ਕੌਰ, ਰਾਜੇਸ਼ ਕੌਰ, ਫਾਰਮੇਸੀ ਅਫ਼ਸਰ ਅਮਨਦੀਪ ਗਰੋਵਰ, ਸ਼ੁਭਮ ਸ਼ਰਮਾ, ਚੇਤਨ ਸ਼ਰਮਾ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।