Scientific Thinking: ਵਿਦਿਆਰਥੀਆਂ 'ਚ ਵਿਗਿਆਨਿਕ ਸੋਚ ਦਾ ਮਹੱਤਵ\
-ਲੇਖਿਕਾ ਹਰਜੀਤ ਕੌਰ
Scientific Thinking: ਕੋਰੀ ਸਲੇਟ ਦੇ ਉੱਤੇ ਲਿਖੇ ਅੱਖਰ, ਮਿਟਣ ਤੋਂ ਬਾਅਦ ਵੀ ਆਪਣੀ ਝਲਕ ਦਿੰਦੇ ਰਹਿੰਦੇ ਹਨ ਉਸੇ ਤਰ੍ਹਾਂ ਬਾਲ ਮਨਾਂ ਦੇ ਉੱਤੇ ਉੱਕਰੀਆਂ ਤਸਵੀਰਾਂ ਅਮਿੱਟ ਯਾਦਾਂ ਬਣ ਹਮੇਸ਼ਾਂ ਉਨ੍ਹਾਂ ਦੇ ਚੇਤਿਆਂ ਵਿੱਚ ਵਸੀਆਂ ਰਹਿੰਦੀਆਂ ਹਨ। ਇਸ ਲਈ ਜ਼ਰੂਰੀ ਹੈ ਕਿ ਇਹ ਤਸਵੀਰਾਂ ਸਹੀ, ਸੱਚੀਆਂ ਅਤੇ ਸਾਰਥਕ ਹੋਣ। ਇੱਕ ਘਟਨਾ ਨੇ ਮੈਨੂੰ ਸੋਚਣ ਤੇ ਮਜਬੂਰ ਕਰ ਦਿੱਤਾ। ਗੱਲ ਪ੍ਰਾਇਮਰੀ ਸਕੂਲ ਦੀ ਸਵੇਰ ਦੀ ਸਭਾ ਦੀ ਹੈ ਜਦੋਂ ਬੱਚਿਆਂ ਨੂੰ ਆਪਣੇ ਆਲ਼ੇ-ਦੁਆਲ਼ੇ ਅਤੇ ਆਪਣੇ ਆਪ ਨੂੰ ਸਾਫ਼-ਸੁਥਰਾ ਰੱਖਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਸੀ।
ਅਧਿਆਪਕਾ ਵੱਲੋਂ ਅੱਜ ਨਹਾ ਕੇ ਨਾਂ ਆਉਣ ਵਾਲੇ ਬੱਚਿਆਂ ਨੂੰ ਹੱਥ ਖੜ੍ਹਾ ਕਰਨ ਲਈ ਕਿਹਾ ਗਿਆ। ਕੁਝ ਬੱਚਿਆਂ ਨੇ ਹੱਥ ਖੜ੍ਹਾ ਕਰ ਦਿੱਤਾ ਪਰ ਪਹਿਲੀ ਜਮਾਤ ਦਾ ਇੱਕ ਬੱਚਾ ਚੰਨੀ ਜੋ ਆਪਣੇ ਭੋਲੇਪਨ ਅਤੇ ਮਾਸੂਮ ਚਿਹਰੇ ਕਾਰਨ ਅਧਿਆਪਕਾਂ ਦਾ ਹਰਮਨ ਪਿਆਰਾ ਸੀ ਅਤੇ ਜਿਸ ਦੇ ਮੂੰਹ ਮੁਹਾਂਦਰੇ ਤੋਂ ਲੱਗ ਰਿਹਾ ਸੀ ਕਿ ਉਹ ਨਹਾ ਕੇ ਨਹੀਂ ਆਇਆ ਪਰ ਅਧਿਆਪਕ ਦੇ ਡਰ ਤੋਂ ਉਸਨੇ ਹੱਥ ਖੜ੍ਹਾ ਨਾ ਕੀਤਾ। ਮੈਡਮ ਜੀ ਨੇ ਕੋਲ ਜਾ ਕੇ ਬੜੇ ਪਿਆਰ ਨਾਲ ਪੁੱਛਿਆ "ਪੁੱਤ ਲੱਗਦਾ ਤਾਂ ਨੀ ਤੂੰ ਨਹਾ ਕੇ ਆਇਆ ਹੈ" ਉਸ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਅਤੇ ਕਿਹਾ "ਨਹਾ ਕੇ ਆਇਆ ਹਾਂ ਜੀ"।
ਮੈਡਮ ਜੀ ਨੇ ਉਸ ਨੂੰ ਮਨਾਉਣ ਲਈ ਕਿਹਾ,"ਮੇਰੇ ਕੋਲ ਇੱਕ ਮਸ਼ੀਨ ਹੈ ਜੋ ਸੱਚ ਝੂਠ ਦਾ ਪਤਾ ਲਗਾਉਂਦੀ ਹੈ"ਮੈਡਮ ਜੀ ਨੇ ਭਾਰ ਤੋਲਣ ਵਾਲੀ ਮਸ਼ੀਨ ਮੰਗਵਾਈ ਅਤੇ ਹੇਠਾਂ ਰੱਖਦੇ ਹੋਏ ਕਿਹਾ ,"ਤੈਨੂੰ ਇਸ ਮਸ਼ੀਨ ਤੇ ਖੜ੍ਹਾ ਕਰ ਦਿੰਦੇ ਹਾਂ ਜੇ ਤੂੰ ਝੂਠ ਬੋਲਿਆ ਤਾਂ ਇਸ ਤੇ ਲਾਲ ਬੱਤੀ ਜੱਗ ਜਾਵੇਗੀ, ਆ ਜਾ ਚੜ੍ਹ ਜਾਂ ਮਸ਼ੀਨ ਤੇ"।
ਹੁਣ ਚੰਨੀ ਸੋਚਾਂ ਵਿੱਚ ਪੈ ਗਿਆ ਕਿ ਕਿਤੇ ਸੱਚੀਂ ਇਹ ਮਸ਼ੀਨ ਨੇ ਝੂਠ ਫੜ ਲਿਆ ਤਾਂ ਕੀ ਹੋਵੇਗਾ। ਮੈਡਮ ਜੀ ਚੰਨੀ ਦੇ ਮਾਸੂਮ ਚਿਹਰੇ ਅਤੇ ਝੁਕੀਆਂ ਹੋਈਆਂ ਅੱਖਾਂ ਤੋਂ ਸਮਝ ਗਏ ਸੀ ਕਿ ਚੰਨੀ ਅੱਜ ਨਹਾ ਕੇ ਨਹੀਂ ਆਇਆ। ਮੈਡਮ ਜੀ ਨੇ ਚੰਨੀ ਅਤੇ ਬਾਕੀ ਸਾਰੇ ਬੱਚਿਆਂ ਨੂੰ ਰੋਜ਼ ਸਵੇਰੇ ਨਹਾ ਕੇ ਸਕੂਲ ਪਹੁੰਚਣ ਲਈ ਸਮਝਾਉਂਦੇ ਹੋਏ ਜਮਾਤਾਂ ਵਿੱਚ ਭੇਜ ਦਿੱਤਾ।
ਭਾਵੇਂ ਇਹ ਛੋਟੀ ਜਿਹੀ ਘਟਨਾ ਹੈ ਪਰ ਇਸ ਘਟਨਾ ਨੇ ਮੈਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਚੰਨੀ ਭਾਰ ਤੋਲਣ ਵਾਲੀ ਮਸ਼ੀਨ ਨੂੰ ਹੁਣ ਸੱਚ ਝੂਠ ਫੜਨ ਵਾਲੀ ਮਸ਼ੀਨ ਸਮਝੇਗਾ ? ਕੀ ਬੱਚਿਆਂ ਦੇ ਅਣਭੋਲ ਮਨਾਂ ਵਿੱਚ ਕਿਸੇ ਵੀ ਚੀਜ਼ ਲਈ ਕਿਸੇ ਕਿਸੇ ਤਰ੍ਹਾਂ ਦਾ ਕੋਈ ਡਰ ਬਿਠਾਉਣਾ ਜਾਂ ਗਲ਼ਤ ਜਾਣਕਾਰੀ ਦੇਣਾ ਠੀਕ ਹੈ ? ਕੀ ਇਹ ਗਲ਼ਤ ਜਾਣਕਾਰੀਆਂ ਬੱਚਿਆਂ ਦੇ ਮਨਾਂ ਨੂੰ ਕਮਜੋਰ ਤਾਂ ਨਹੀਂ ਬਣਾ ਦੇਣਗੀਆਂ ? ਜਾਣੇ-ਅਣਜਾਣੇ ਬੱਚੇ ਆਪਣੇ ਆਲ਼ੇ-ਦੁਆਲ਼ੇ ਅਤੇ ਘਰ ਤੋਂ ਬਹੁਤ ਕੁਝ ਅਜਿਹਾ ਸਿੱਖ ਲੈਂਦੇ ਹਨ ਜੋ ਕਿ ਅਸਲ ਰੂਪ ਵਿੱਚ ਸਹੀ ਨਹੀਂ ਅਤੇ ਫਿਰ ਸਹੀ ਗਿਆਨ ਤੱਕ ਪਹੁੰਚਣ ਲਈ ਕਈ ਵਾਰ ਉਨ੍ਹਾਂ ਨੂੰ ਬਹੁਤ ਲੰਬਾ ਸਫਰ ਤੈਅ ਕਰਨਾ ਪੈਂਦਾ ਹੈ।
ਇਸ ਘਟਨਾ ਨੇ ਸਿੱਧੇ ਸ਼ਬਦਾਂ ਵਿੱਚ ਇਹ ਮਹਿਸੂਸ ਕਰਵਾਇਆ ਕਿ ਅਧਿਆਪਕ ਦੀ ਜ਼ਿੰਮੇਵਾਰੀ ਬੱਚੇ ਨੂੰ ਨਾ ਸਿਰਫ਼ ਸਹੀ ਗਿਆਨ ਦੇਣਾ ਹੈ ਪਰ ਗਿਆਨ ਨੂੰ ਅਸਲ ਜ਼ਿੰਦਗੀ ਵਿੱਚ ਵਰਤਣਾ ਵੀ ਸਿਖਾਉਣਾ ਹੈ, ਖਾਸ ਤੌਰ ਤੇ ਰੋਜ਼ਾਨਾ ਜ਼ਿੰਦਗੀ ਵਿੱਚ ਵਾਪਰਨ ਵਾਲੀਆਂ ਆਮ ਸਾਧਾਰਨ ਘਟਨਾਵਾਂ ਨੂੰ ਉਸ ਦੇ ਸਿੱਖੇ ਹੋਏ ਗਿਆਨ ਨਾਲ ਜੋੜਨਾ ਤਾਂ ਜੋ ਬੱਚਾ ਸਹੀ ਅਰਥਾਂ ਵਿੱਚ ਕਿਤਾਬ ਅਤੇ ਅਸਲ ਜ਼ਿੰਦਗੀ ਦਾ ਪਾੜਾ ਖਤਮ ਕਰ ਸਕੇ।
ਬਹੁਤ ਜ਼ਰੂਰੀ ਹੈ ਕਿ ਜਮਾਤ ਵਿੱਚ ਅਧਿਆਪਕ ਵੱਲੋਂ ਜੋ ਵੀ ਸਿਖਾਇਆ ਜਾਵੇ ਉਹ ਬੱਚੇ ਦੀ ਰੋਜ਼ਾਨਾ ਜ਼ਿੰਦਗੀ ਨੂੰ ਹੋਰ ਸੁਖਾਲੀ ਬਣਾਉਣ ਵਿੱਚ ਮਦਦ ਕਰੇ। ਬੱਚੇ ਨੂੰ ਆਪਣੇ ਆਲ਼ੇ-ਦੁਆਲ਼ੇ ਅਤੇ ਕੁਦਰਤ ਦੇ ਰੋਜ਼ਾਨਾ ਵਰਤਾਰੇ ਨੂੰ ਸਮਝਦੇ ਹੋਏ ਵਿਗਿਆਨਿਕ ਸੋਚ ਪੈਦਾ ਕਰਨ ਵਿੱਚ ਮਦਦਗਾਰ ਹੋਵੇ। ਇਸ ਤੋਂ ਉਲਟ ਬਹੁਤੀ ਵਾਰ ਬੱਚਿਆਂ ਨੂੰ ਡਰਾ ਕੇ ਸਮਝਾਉਣਾ ਸੌਖਾ ਸਮਝਿਆ ਜਾਂਦਾ ਹੈ।
ਬੱਚੇ ਦੇ ਮਨ ਵਿੱਚ ਬਹੁਤ ਸਾਰੇ 'ਕਿਉਂ' ਉਤਪੰਨ ਹੁੰਦੇ ਰਹਿੰਦੇ ਨੇ ਪਰ ਅਸੀਂ ਇਨ੍ਹਾਂ 'ਕਿਉਂ ' ਦਾ ਸਾਹਮਣਾ ਕਰਨ ਦੀ ਬਜਾਏ "ਕਿਉਂ ਤਾਂ ਅੱਧੀ ਲੜਾਈ ਹੁੰਦੀ ਹੈ" ਕਹਿ ਕੇ ਉਨ੍ਹਾਂ ਦੀ ਜਗਿਆਸਾ ਨੂੰ ਚੁੱਪ ਕਰਾ ਦਿੰਦੇ ਹਾਂ। ਰਾਤ ਸਮੇਂ ਦਰੱਖਤਾਂ ਨਾਲ ਨੂੰ ਨਹੀਂ ਛੇੜਨਾ ਚਾਹੀਦਾ ਨਹੀਂ ਤਾਂ ਨੀਂਦ ਵਿੱਚ ਡਰ ਲੱਗਦਾ ਹੈ, ਮੰਗਲਵਾਰ ਅਤੇ ਵੀਰਵਾਰ ਸਿਰ ਨਹੀਂ ਨਹਾਉਣਾ,ਅਜਿਹਾ ਵਰਤਾਰਾ ਬੱਚਿਆਂ ਨੂੰ ਕਮਜ਼ੋਰ ਅਤੇ ਡਰਪੋਕ ਬਣਾਉਂਦਾ ਹੈ ਜਦਕਿ ਪੜ੍ਹਨ ਲਿਖਣ ਤੋਂ ਭਾਵ ਬੱਚੇ ਨੂੰ ਸੁਤੰਤਰ, ਨਿਰਪੱਖ ਸੋਚ ਅਤੇ ਆਤਮ ਵਿਸ਼ਵਾਸ ਪ੍ਰਦਾਨ ਕਰਨਾ ਹੈ।
ਕਿੰਨਾ ਚੰਗਾ ਹੋਵੇ ਜੇ ਬੱਚੇ ਨੂੰ ਉਸ ਦੇ ਪੱਧਰ ਦੀਆਂ ਛੋਟੀਆਂ ਛੋਟੀਆਂ ਗੱਲਾਂ ਸਮਝਾਉਂਦੇ ਹੋਏ ਵਿਗਿਆਨਿਕ ਸੋਚ ਪੈਦਾ ਕਰਨ ਵਿੱਚ ਮਦਦ ਕਰੀਏ, ਉਸ ਨੂੰ ਦੱਸੀਏ ਕਿ ਰਾਤ ਸਮੇਂ ਪ੍ਰਕਾਸ਼ ਸੰਸਲੇਸ਼ਣ ਦੀ ਕਿਰਿਆ ਨਾ ਹੋਣ ਕਾਰਨ ਰੁੱਖਾਂ ਵਿੱਚੋਂ ਕਾਰਬਨ ਡਾਈਆਕਸਾਈਡ ਨਿਕਲਦੀ ਹੈ ਜੋ ਕਿ ਸਿਹਤ ਲਈ ਹਾਨੀਕਾਰਕ ਹੈ ਇਸੇ ਲਈ ਦਰੱਖਤਾਂ ਤੋਂ ਦੂਰ ਰਹਿਣ ਲਈ ਕਿਹਾ ਜਾਂਦਾ ਹੈ।
ਇਸੇ ਤਰ੍ਹਾਂ ਪੁਰਾਣੇ ਸਮੇਂ ਵਿੱਚ ਪਾਣੀ ਦੂਰ ਤੋਂ ਲਿਆਉਣਾ ਪੈਂਦਾ ਸੀ ਜੋ ਕਿ ਔਰਤਾਂ ਦੀ ਇੱਕ ਵੱਡੀ ਦਿੱਕਤ ਸੀ ਇਸ ਥੋੜ੍ਹੇ ਪਾਣੀ ਵਿੱਚ ਗੁਜ਼ਾਰਾ ਕਰਨ ਲਈ ਹਫ਼ਤੇ ਦੇ ਕੁਝ ਦਿਨ ਪਾਣੀ ਦੀ ਵਰਤੋਂ ਘੱਟ ਕਰਨ ਲਈ ਮੰਗਲਵਾਰ ਅਤੇ ਵੀਰਵਾਰ ਸਿਰ ਨਹਾਉਣ ਅਤੇ ਕੱਪੜੇ ਨਾ ਧੋਣ ਲਈ ਕਿਹਾ ਜਾਂਦਾ ਸੀ। ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਵਿਗਿਆਨਕ ਸੋਚ ਦੇਣਾ ਬਹੁਤ ਜ਼ਰੂਰੀ ਹੈ। ਜਿੰਨੀ ਜਲ਼ਦੀ ਬੱਚੇ ਆਪਣੇ ਆਲ਼ੇ-ਦੁਆਲ਼ੇ, ਕੁਦਰਤ ਅਤੇ ਨਿੱਤ ਪ੍ਰਤੀ ਦਿਨ ਦੇ ਵਰਤਾਰੇ ਅਤੇ ਘਟਨਾਵਾਂ ਨੂੰ ਸਮਝ ਲੈਣਗੇ ਉਨੀ ਜਲਦੀ ਉਨਾਂ ਵਿੱਚ ਆਤਮ ਵਿਸ਼ਵਾਸ ਜਾਗੇਗਾ ਅਤੇ ਨਾ ਸਿਰਫ ਇਸ ਵਰਤਾਰੇ ਨੂੰ ਸਮਝਣਗੇ ਬਲਕਿ ਉਨ੍ਹਾਂ ਨੂੰ ਸੁਖਾਲਾ ਬਣਾਉਣ ਲਈ ਆਪਣਾ ਯੋਗਦਾਨ ਪਾਉਣਗੇ ।
ਉਨ੍ਹਾਂ ਨੂੰ ਸਮਝਣ ਦੀ ਲੋੜ ਹੈ ਕਿ ਦਿਨ ਅਤੇ ਰਾਤ ਕਿਵੇਂ ਬਣਦੇ ਹਨ? ਗ੍ਰਹਿਣ ਕਿਵੇਂ ਲੱਗਦਾ ਹੈ? ਬਰਫ਼ ਕਿਵੇਂ ਜੰਮਦੀ ਹੈ? ਪੱਤਿਆਂ ਵਿੱਚੋਂ ਵਾਸ਼ਪੀਕਰਨ ਕਿਵੇਂ ਹੁੰਦਾ ਹੈ ? ਪਲਾਸਟਿਕ ਦਾ ਬਦਲ ਕੀ ਹੋ ਸਕਦਾ ਹੈ ? ਵਾਤਾਵਰਨ ਨੂੰ ਗੰਧਲਾ ਹੋਣ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ ? ਆਓ ਬੱਚਿਆਂ ਨੂੰ ਵਿਗਿਆਨਕ ਸੋਚ ਦੇ ਕੇ ਉਨ੍ਹਾਂ ਨੂੰ ਆਪਣੇ ਆਪ ਅਤੇ ਵਾਤਾਵਰਣ ਪ੍ਰਤੀ ਜਾਗਰੂਕ ਕਰਕੇ ਸਮਾਜ ਵਿੱਚ ਉਨ੍ਹਾਂ ਦਾ ਯੋਗਦਾਨ ਪਾਉਣ ਲਈ ਉਨ੍ਹਾਂ ਨੂੰ ਤਿਆਰ ਕਰੀਏ।

-
ਹਰਜੀਤ ਕੌਰ, ਲੇਖਿਕਾ
............
.................
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.