ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਖੇਤਰੀ ਕੇਂਦਰ ਵਿਖੇ ਕਿਸਾਨ ਮੇਲਾ 13 ਮਾਰਚ ਨੂੰ : ਡਾ. ਹਰਪਾਲ ਸਿੰਘ ਰੰਧਾਵਾ
ਰੋਹਿਤ ਗੁਪਤਾ
ਗੁਰਦਾਸਪੁਰ 3 ਮਾਰਚ ਨਵੀਆਂ ਖੇਤੀ ਤਕਨੀਕਾਂ ਅਪਣਾਓ, ਖ਼ਰਚ ਘਟਾਓ ਅਤੇ ਝਾੜ ਵਧਾਉਣ ਦੇ ਉਦੇਸ਼ ਨਾਲ ਕਿਸਾਨ ਮੇਲਾ ਖੇਤੀਬਾੜੀ ਯੂਨੀਵਰਸਿਟੀ ਦੇ ਰਿਜਨਲ ਸਟੇਸ਼ਨ ਗੁਰਦਾਸਪੁਰ ਵਿਖੇ 13 ਮਾਰਚ 2025 ਦਿਨ ਵੀਰਵਾਰ ਨੂੰ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਖੇਤਰੀ ਕੇਂਦਰ ਗੁਰਦਾਸਪੁਰ ਦੇ ਡਾਇਰੈਕਟਰ ਡਾ. ਹਰਪਾਲ ਸਿੰਘ ਰੰਧਾਵਾ ਨੇ ਦੱਸਿਆਂ ਹੈ ਕਿ ਕਿਸਾਨ ਮੇਲੇ ਵਿੱਚ ਸਾਉਣੀ ਦੀਆਂ ਫ਼ਸਲਾਂ/ਸਬਜ਼ੀਆਂ ਦੇ ਸੁਧਰੇ ਬੀਜ ਅਤੇ ਸਦਾਬਹਾਰ ਫਲ਼ਦਾਰ ਬੂਟੇ ਉਪਲਬਧ ਕਰਵਾਏ ਜਾਣਗੇ। ਇਸ ਤੋਂ ਇਲਾਵਾ ਵਿਸ਼ਾ ਮਾਹਿਰਾਂ ਵੱਲੋਂ ਸਾਉਣੀ ਦੀਆਂ ਫ਼ਸਲਾਂ ਦੀ ਕਾਸ਼ਤ ਬਾਰੇ ਤਕਨੀਕੀ ਜਾਣਕਾਰੀ ਦਿੱਤੀ ਜਾਏਗੀ ਅਤੇ ਕਿਸਾਨਾਂ ਦੀਆਂ ਖੇਤੀ ਮੁਸ਼ਕਲਾਂ ਬਾਰੇ ਸੁਆਲ-ਜੁਆਬ ਵੀ ਹੋਣਗੇ।
ਉਨ੍ਹਾਂ ਅੱਗੇ ਦੱਸਿਆ ਕਿ ਕਿਸਾਨ ਮੇਲੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਪ੍ਰਾਈਵੇਟ ਕੰਪਨੀਆਂ ਵੱਲੋਂ ਸਟਾਲ/ਪ੍ਰਦਰਸ਼ਨੀਆਂ ਵੀ ਲਗਾਏ ਜਾਣਗੇ, ਜਿਸ ਵਿੱਚ ਕਿਸਾਨ ਵੀਰਾਂ ਅਤੇ ਬੀਬੀਆਂ ਲਈ ਬਹੁਤ ਕੀਮਤੀ ਜਾਣਕਾਰੀ ਹੋਏਗੀ। ਉਨ੍ਹਾਂ ਕਿਹਾ ਕਿ ਇਸ ਮੇਲੇ ਵਿੱਚ ਡਾਕਟਰ ਸਤਬੀਰ ਸਿੰਘ ਗੋਸਲ ਕੁਲਪਤੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਪੰਜਾਬ ਸਰਕਾਰ ਦੇ ਮੰਤਰੀ ਸਾਹਿਬਾਨ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ। ਯੂਨੀਵਰਸਿਟੀ ਨਾਲ ਜੁੜੇ ਸੈੱਲਫ਼ ਹੈਲਪ ਗਰੁੱਪ ਵੀ ਆਪਣੇ ਸਟਾਲ/ਪ੍ਰਦਰਸ਼ਨੀਆਂ ਲਗਾ ਕੇ ਫ਼ਸਲਾਂ ਦੀ ਉਪਜ ਨੂੰ ਸਹੀ ਢੰਗ ਨਾਲ ਵੇਚਣ ਲਈ ਕਿਸਾਨਾਂ ਨੂੰ ਜਾਗਰੂਕ ਕਰਨਗੇ। ਇਸ ਲਈ ਕਿਸਾਨ ਵੀਰਾਂ ਅਤੇ ਭੈਣਾਂ ਨੂੰ 13 ਮਾਰਚ 2025 ਦਿਨ ਵੀਰਵਾਰ ਨੂੰ ਕਿਸਾਨ ਮੇਲੇ ਵਿੱਚ ਹੁੰਮ-ਹੁੰਮਾ ਕਿ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ ।