ਰਾਏਕੋਟ 'ਚ ਜਗਜੀਵਨ ਸਿੰਘ ਰਕਬਾ ਦੀ ਅਗਵਾਈ 'ਚ ਭਾਜਪਾ ਦੀ ਭਰਵੀਂ ਮੀਟਿੰਗ ਹੋਈ
-ਬੂਥ ਪੱਧਰ ਦੇ ਪ੍ਰਧਾਨ ਲਗਾਉਣ ਤੇ ਮੈਂਬਰਸ਼ਿਪ ਲਈ ਕੀਤੀਆਂ ਵਿਚਾਰਾਂ
-15 ਮਾਰਚ ਤੱਕ ਰਾਏਕੋਟ ਮੰਡਲ ਦਾ ਪ੍ਰਧਾਨ ਚੁਣਿਆ ਜਾਵੇਗਾ
-ਮੰਡਲ ਪ੍ਰਧਾਨ ਦੀ ਚੋਣ ਲਈ ਜਗਜੀਵਨ ਸਿੰਘ ਰਕਬਾ ਹੋਣਗੇ ਚੋਣ ਅਧਿਕਾਰੀ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ 03 ਮਾਰਚ 2025 - ਭਾਜਪਾ ਨੇ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਅਧੀਨ ਪੈਂਦੇ ਵਿਧਾਨ ਸਭਾ ਹਲਕਾ, ਰਾਏਕੋਟ ਦੇ ਮੰਡਲ ਰਾਏਕੋਟ ਦੇ ਪ੍ਰਧਾਨ ਦੀ ਚੋਣ ਪ੍ਰਕਿਰਿਆ ਦੇ ਮਾਮਲੇ 'ਚ ਵਿਚਾਰਾਂ ਕਰਨ ਲਈ ਇੱਕ ਅਹਿਮ ਮੀਟਿੰਗ ਕੀਤੀ ਗਈ।
ਪ੍ਰੈੱਸ ਨੂੰ ਇਹ ਜਾਣਕਾਰੀ ਦਿੰਦਿਆਂ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਸਕੱਤਰ ਸੁੰਦਰ ਲਾਲ ਰਾਏਕੋਟ ਨੇ ਦੱਸਿਆ ਕਿ ਰਾਏਕੋਟ ਵਿਖੇ ਹੋਈ ਪਾਰਟੀ ਦੀ ਇਸ ਮੀਟਿੰਗ ਦੀ ਪ੍ਰਧਾਨਗੀ ਜਗਜੀਵਨ ਸਿੰਘ ਰਕਬਾ ਨੇ ਕੀਤੀ। ਸ੍ਰੀ ਜਗਜੀਵਨ ਸਿੰਘ ਰਕਬਾ ਨੂੰ ਭਾਜਪਾ ਦੇ ਮੰਡਲ ਰਾਏਕੋਟ ਦੇ ਪ੍ਰਧਾਨ ਦੀ ਚੋਣ ਕਰਨ ਦੇ ਮਾਮਲੇ 'ਚ ਚੋਣ ਅਧਿਕਾਰੀ ਲਗਾਇਆ ਗਿਆ ਹੈ।
ਮੰਡਲ ਪੱਧਰ ਦੀ ਇਸ ਮੀਟਿੰਗ 'ਚ ਮੰਡਲ ਪ੍ਰਧਾਨ ਦੀ ਹੋਣ ਵਾਲੀ ਚੋਣ ਸਬੰਧੀ ਚੋਣ ਪ੍ਰਕਿਰਿਆ ਸਬੰਧੀ ਸੁੰਦਰ ਲਾਲ ਰਾਏਕੋਟ ਨੇ ਦੱਸਿਆ ਕਿ ਪਹਿਲਾਂ ਬੂਥ ਪੱਧਰ ਦੇ ਪ੍ਰਧਾਨ ਲਗਾਏ ਜਾ ਰਹੇ ਹਨ। ਜਿਸ ਨਾਲ ਪਾਰਟੀ ਦੀ ਚੱਲ ਰਹੀ ਮੈਂਬਰਸ਼ਿਪ ਮੁਹਿੰਮ ਨੂੰ ਵੱਡਾ ਹੁਲਾਰਾ ਮਿਲੇਗਾ।ਬੂਥ ਪੱਧਰ ਦੇ ਪ੍ਰਧਾਨ ਬਣਾਏ ਜਾਣ ਉਪਰੰਤ ਹੀ ਮੰਡਲ ਰਾਏਕੋਟ ਦਾ ਪ੍ਰਧਾਨ ਪਾਰਦਰਸ਼ੀ ਚੋਣ ਪ੍ਰਕਿਰਿਆ ਰਾਹੀਂ ਚੁਣਿਆ ਜਾਵੇਗਾ। 15 ਮਾਰਚ ਤੱਕ ਭਾਜਪਾ ਮੰਡਲ ਪ੍ਰਧਾਨ ਦੀ ਚੋਣ ਨੇਪਰੇ ਚਾੜ ਦਿੱਤੀ ਜਾਵੇਗੀ।
ਭਾਜਪਾ ਜ਼ਿਲ੍ਹਾ ਪ੍ਰਧਾਨ ਕਰਨਲ ਇੰਦਰਪਾਲ ਸਿੰਘ ਧਾਲੀਵਾਲ (ਰਾਮਗੜ੍ਹ ਭੁੱਲਰਾਂ) ਦੇ ਦਿਸ਼ਾ -ਨਿਰਦੇਸ਼ਾਂ ਅਨੁਸਾਰ ਹੋਈ ਇਸ ਮੀਟਿੰਗ 'ਚ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਸਕੱਤਰ ਸੁੰਦਰ ਲਾਲ ਰਾਏਕੋਟ, ਜਸਵੀਰ ਸਿੰਘ ਟੂਸਾ ਜ਼ਿਲ੍ਹਾ ਮੀਤ ਪ੍ਰਧਾਨ ਐਸ.ਸੀ.ਮੋਰਚਾ, ਸਾਬਕਾ ਜਿਲਾ ਪ੍ਰਧਾਨ ਯੁਵਾ ਮੋਰਚਾ ਅਨਿਲ ਪਰੂਥੀ, ਦਲਜੀਤ ਸਿੰਘ ਗਗਨਦੀਪ ਸਿੰਘ, ਕਰਮਜੀਤ ਸਿੰਘ ਜਗਜੀਤ ਸਿੰਘ, ਬਲਜੀਤ ਸਿੰਘ ਸ਼ਾਮਲ ਸਨ।