ਵੱਡੀ ਖ਼ਬਰ: ਹਰਜੋਤ ਬੈਂਸ ਤਨਖਾਹੀਆ ਕਰਾਰ, ਅਕਾਲ ਤਖਤ ਸਾਹਿਬ ਨੇ ਸਜ਼ਾ ਵੀ ਲਾਈ
ਚੰਡੀਗੜ੍ਹ, 06 ਅਗਸਤ 2025- ਕੈਬਨਿਟ ਮੰਤਰੀ ਹਰਜੋਤ ਸਿੰਘ ਅੱਜ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ। ਉਨ੍ਹਾਂ ਨੇ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋ ਕੇ ਆਪਣੀ ਗਲਤੀ ਨੂੰ ਸਵੀਕਾਰ ਕੀਤਾ। ਇਸ ਉਪਰੰਤ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਹਰਜੋਤ ਬੈਂਸ ਨੂੰ ਤਨਖਾਹੀਆ ਕਰਾਰ ਐਲਾਨਿਆ ਅਤੇ ਸਜ਼ਾ ਵੀ ਸੁਣਾਈ। ਜਥੇਦਾਰ ਨੇ ਹਰਜੋਤ ਬੈਂਸ ਨੂੰ ਸਜ਼ਾ ਲਾਉਂਦੇ ਹੋਏ ਕਿਹਾ ਕਿ ਉਹ (ਹਰਜੋਤ ਬੈਂਸ) ਅੱਜ ਹੀ ਹੁਣੇ ਹੀ, 9ਵੇਂ ਪਾਤਸ਼ਾਹ ਤੋਂ ਗੁਰੂ ਕੇ ਮਹਿਲ ਤੱਕ ਤੁਰ ਕੇ ਜਾਣਗੇ।
ਇਸ ਤੋਂ ਇਲਾਵਾ ਗੁਰਦੁਆਰਾ ਕੋਠਾ ਸਾਹਿਬ ਵਿਖੇ 100 ਮੀਟਰ ਤੁਰ ਕੇ ਜਾਣਗੇ ਅਤੇ ਗੁਰੂਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਵੀ 100 ਮੀਟਰ ਤੁਰਕੇ ਜਾਣਗੇ ਅਤੇ ਲੋੜੀਂਦੇ ਕਾਰਜਾਂ ਦਾ ਪ੍ਰਬੰਧ ਕਰਨਗੇ। ਇਸ ਦੇ ਨਾਲ ਹੀ ਇਨ੍ਹਾਂ ਧਾਰਮਿਕ ਸਥਾਨਾਂ ਵੱਲ ਜਾਣ ਵਾਲੇ ਰਸਤਿਆਂ ਨੂੰ ਠੀਕ ਕਰਵਾਉਣਗੇ। ਹਰਜੋਤ ਬੈਂਸ ਨੂੰ ਗੁਰਦੁਆਰਾ ਸ਼੍ਰੀ ਸੀਸਗੰਜ ਸਾਹਿਬ ਵਿਖੇ ਵੀ ਜਾਣ ਲਈ ਜਥੇਦਾਰ ਵੱਲੋਂ ਕਿਹਾ ਗਿਆ ਹੈ। ਸ਼੍ਰੀ ਆਨੰਦਪੁਰ ਸਾਹਿਬ ਵਿਖੇ ਹਰਜੋਤ ਬੈਂਸ ਦੋ ਦਿਨ ਜੋੜਾਘਰ ਵਿੱਚ ਸੇਵਾ ਕਰਨਗੇ ਅਤੇ 1100 ਰੁਪਏ ਦੀ ਦੇਗ ਕਰਵਾਉਣਗੇ।
ਦੱਸ ਦਈਏ ਕਿ 24 ਜੁਲਾਈ ਨੂੰ ਪੰਜਾਬ ਭਾਸ਼ਾ ਵਿਭਾਗ ਵੱਲੋਂ ਜੰਮੂ-ਕਸ਼ਮੀਰ ਦੇ ਸ਼੍ਰੀਨਗਰ ‘ਚ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਦਾ ਇੱਕ ਸਮਾਰੋਹ ਆਯੋਜਿਤ ਕੀਤਾ ਗਿਆ ਸੀ। ਪ੍ਰੋਗਰਾਮ ‘ਚ ਪੰਜਾਬੀ ਸਿੰਗਰ ਬੀਰ ਸਿੰਘ ਨੇ ਪਰਫੋਰਮ ਕੀਤਾ ਸੀ ਤੇ ਪ੍ਰੋਗਰਾਮ ਦੀਆਂ ਨੱਚਣ-ਟੱਪਣ ਦੀਆਂ ਵੀਡੀਓ ਵਾਇਰਲ ਹੋਣ ਤੋਂ ਬਾਅਦ, ਇਸ ਘਟਨਾ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਨਾਰਾਜ਼ਗੀ ਪ੍ਰਗਟ ਕੀਤੀ ਗਈ ਸੀ।
ਕਾਬਿਲੇਗੌਰ ਹੈ ਕਿ 1 ਅਗਸਤ ਨੂੰ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੂੰ ਪੰਜ ਸਿੰਘ ਸਾਹਿਬਾਨ ਸਾਹਮਣੇ ਨਿੱਜੀ ਤੌਰ 'ਤੇ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਸੀ। ਉਸ ਦਿਨ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਸੀ। ਦੋਵਾਂ ਨੂੰ 6 ਅਗਸਤ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ। ਇਹ ਮੀਟਿੰਗ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਪ੍ਰਧਾਨਗੀ ਹੇਠ ਹੋਵੇਗੀ।
ਹਾਲਾਂਕਿ, ਜ਼ਫ਼ਰ ਵਿਦੇਸ਼ ਵਿੱਚ ਹੋਣ ਕਰਕੇ ਪੇਸ਼ ਨਹੀਂ ਹੋਣਗੇ। ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਦੱਸਿਆ ਹੈ ਕਿ ਪਰਿਵਾਰਕ ਸਮਾਗਮ ਕਾਰਨ ਉਹ ਬਾਅਦ ਵਿੱਚ ਨਿੱਜੀ ਤੌਰ 'ਤੇ ਪੇਸ਼ ਹੋਣਗੇ। ਉਨ੍ਹਾਂ ਦੀ ਮੰਗ ਮੰਨ ਲਈ ਗਈ ਹੈ।