ਮੇਰਾ ਖਜ਼ਾਨਾ: ਸ਼ਹੀਦ-ਏ- ਆਜ਼ਮ ਭਗਤ ਸਿੰਘ ਦੀ ਭਾਣਜੀ ਨਾਲ ਮਿਲ ਕੇ ਖ਼ੁਸ਼ੀ ਵੀ ਹੋਈ ਤੇ ਉਦਾਸੀ ਵੀ...!
ਰਾਮਪੁਰਾ ਫ਼ੂਲ ਦੀ ਪਬਲਿਕ ਲਾਇਬਰੇਰੀ ਨੇ ਜਵਾਨੀ ਦਾ ਜੋਸ਼ੀਲਾ ਸਮਾਂ ਵੀ ਯਾਦ ਕਰਾ ਦਿੱਤਾ
ਸ਼ਹੀਦ-ਏ- ਆਜ਼ਮ ਭਗਤ ਸਿੰਘ ਦੀ ਭਾਣਜੀ ਬੀਬੀ ਗੁਰਜੀਤ ਕੌਰ ਢੱਟ ਤੇ ਉਨ੍ਹਾਂ ਦੇ ਪਤੀ ਹਰਭਜਨ ਸਿੰਘ ਢੱਟ ਨਾਲ 3 ਅਗਸਤ ਨੂੰ ਰਾਮਪੁਰਾ ਫ਼ੂਲ ਚ ਹੋਏ ਸਬੱਬੀਂ ਮੇਲ ਤੋਂ ਬਾਅਦ ਬਹੁਤ ਖ਼ੁਸ਼ੀ ਵੀ ਹੋਈ ਤੇ ਉਦਾਸੀ ਵੀ . ਬਹੁਤ ਚੰਗਾ ਲੱਗਾ ਕਿ ਉਸ ਮਹਾਨ ਸ਼ਹੀਦ ਦੀ ਭਾਣਜੀ ਨਾਲ ਪਹਿਲੀ ਵਾਰ ਮਿਲਣ ਦਾ ਮੌਕਾ ਮਿਲਿਆ , ਬਹੁਤ ਨਿੱਘੇ ਮਾਹੌਲ ਚ ਗੱਲਬਾਤ ਵੀ ਹੋਈ .ਇਸ ਮੇਲ ਦਾ ਸਬੱਬ ਬਣਿਆ -ਮੇਰੇ ਜੱਦੀ ਨਗਰ ਰਾਮਪੁਰਾ ਫੂਲ ਦੀ ਪਬਲਿਕ ਲਾਇਬ੍ਰੇਰੀ ਵਿਚ ਨਵੇਂ ਬਣੇ ਸ਼ਹੀਦ ਭਗਤ ਯਾਦਗਾਰ ਹਾਲ ਦੇ ਮਹੂਰਤ। ਸ਼ਹੀਦ-ਏ- ਆਜ਼ਮ ਭਗਤ ਸਿੰਘ ਤੇ ਇਤਿਹਾਸਕ ਖੋਜ ਅਤੇ ਲੇਖ ਕਾਰਜ ਕਰਨ ਵਾਲੇ ਪ੍ਰੋ ਚਮਨ ਲਾਲ ਦੀ ਪਹਿਲ ਕਦਮੀ ਨਾਲ ਕਾਇਮ ਕੀਤੇ ਗਏ ਇਸ ਹਾਲ ਵਿਚਲੀਆਂ ਸਾਰੀਆਂ ਕਿਤਾਬਾਂ ਵੀ ਚਮਨ ਲਾਲ ਨੇ ਹੀ ਭੇਂਟ ਕੀਤੀਆਂ ਹਨ। ਉਹ ਵੀ ਰਾਮਪੁਰੇ ਦੇ ਹੀ ਜੱਦੀ ਵਾਸੀ ਨੇ ਤੇ ਮੈਂ ਵੀ। ਅਸੀਂ ਰਿਸ਼ਤੇਦਾਰ ਵੀ ਹਾਂ ਅਸੀਂ ਦੋਨੋ ਹੀ ਆਪਣੀ ਜਵਾਨੀ ਸਮੇਂ ਖੱਬੇ ਪੱਖੀ ਲਹਿਰ ਨਾਲ ਜੁੜੇ ਹੋਣ ਕਰ ਕੇ ਇਸ ਲਾਇਬ੍ਰੇਰੀ ਨਾਲ ਨੇੜਿਓਂ ਜੁੜੇ ਰਹੇ ਸੀ।

ਉਦਾਸੀ ਇਸ ਗੱਲੋਂ ਹੋਈ ਕਿ ਭਗਤ ਅਤੇ ਉਸਦਾ ਪਰਿਵਾਰ ਤਾਂ ਅੰਗਰੇਜ਼ ਹਕੂਮਤ ਦੇ ਜਬਰ ਦਾ ਸ਼ਿਕਾਰ ਹੋਇਆ ਪਰ ਉਸ ਦਾ ਵਾਰਿਸ ਪਰਿਵਾਰ ਆਜ਼ਾਦ ਭਾਰਤ ਦੀ ਸਟੇਟ ਮਸ਼ੀਨਰੀ ਦੇ ਸਿਰੇ ਦੇ ਜ਼ੁਲਮ ਦਾ ਸ਼ਿਕਾਰ ਹੋਇਆ... ਜਦੋਂ ਬੀਬੀ ਗੁਰਜੀਤ ਕੌਰ ਨੇ ਮੰਚ ਤੋਂ ਇਸ਼ਾਰੇ ਨਾਲ ਭਗਤ ਸਿੰਘ ਦਾ ਹਵਾਲਾ ਦੇ ਕੇ 47 ਤੋਂ ਬਾਅਦ ਦੇ ਭਾਰਤ ਦੇ ਹਾਕਮਾਂ ਨੂੰ ਕਾਲੇ ਅੰਗਰੇਜ਼ ਕਿਹਾ ਤਾਂ ਮੈਨੂੰ ਇਸ ਢੱਟ ਪਰਿਵਾਰ ਦਾ ਦਰਦਨਾਕ ਹੱਡਬੀਤੀ ਯਾਦ ਆ ਗਈ.ਹਰਭਜਨ ਢੱਟ ਹੋਰਾਂ ਨੂੰ ਮੈਂ ਬਹੁਤ ਪਹਿਲਾਂ ਤੋਂ ਜਾਣਦਾ ਹਾਂ ਤੇ ਮਿਲਦਾ ਵੀ ਰਿਹਾ .1989 ਵਿਚ ਹਰਭਜਨ ਢੱਟ ਭਰਾ ਕੁਲਜੀਤ ਢੱਟ ਨੂੰ ਹੁਸ਼ਿਆਰਪੁਰ ਵਿਚਲੇ ਉਨ੍ਹਾਂ ਦੇ ਘਰ ਤੋਂ ਪੁਲਿਸ ਨੇ ਚੁੱਕਿਆ, ਅਗਵਾ ਕੀਤਾ ਅਤੇ ਗ਼ਾਇਬ ਕਰ ਦਿੱਤਾ . ਕਹਾਣੀ ਇਹ ਬਣਾਈ ਕਿ ਕੁਲਜੀਤ ਢੱਟ ਹਿਰਾਸਤ ਵਿਚੋਂ ਭੱਜ ਗਿਆ ਸੀ.ਇਸ ਤੋਂ ਬਾਅਦ ਉਸ ਦੀ ਕੋਈ ਉੱਘ ਸੁੱਘ ਨਹੀਂ ਮਿਲੀ .ਮਤਲਬ ਸਾਫ਼ ਸੀ ਕਿ ਉਸ ਨੂੰ ਮਾਰ ਦਿੱਤਾ ਗਿਆ ਸੀ. 25 ਵਰ੍ਹਿਆਂ ਦੀ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਵੀ ਇਸ ਪਰਿਵਾਰ ਨੂੰ ਇਸ ਇਨਸਾਫ਼ ਨਹੀਂ ਮਿਲਿਆ .
ਸਿਰਫ਼ ਇੱਕ ਪੁਲਿਸ ਅਫ਼ਸਰ ਨੂੰ ਸਜ਼ਾ ਹੋਈ ਸਿਰਫ਼ ਪੰਜ ਸਾਲ ਦੀ ਉਹ ਵੀ ਸਿਰਫ਼ ਛੇ ਮਹੀਨੇ ਹੀ ਜੇਲ੍ਹ ਚ ਰਿਹਾ ਕੈਪਟਨ ਕੈਪਟਨ ਸਰਕਾਰ ਦੌਰਾਨ 2021 ਵਿੱਚ ਜੇਲ੍ਹ ਮਹਿਕਮੇ ਦੀ ਸਿਫ਼ਾਰਸ਼ ਤੇ ਗਵਰਨਰ ਵੱਲੋਂ ਉਸ ਦੀ ਸਜ਼ਾ ਵੀ ਮਾਫ਼ ਕਰ ਦਿੱਤੀ ਗਈ ਉਸ ਦੀ ਬਾਕੀ ਸਜ਼ਾ ਵੀ ਮਾਫ਼ ਕਰ ਦਿੱਤੀ ਗਈ ਇਸ ਪਰਿਵਾਰ ਇਸ ਪਰਿਵਾਰ ਨੂੰ ਪਤਾ ਵੀ ਨਹੀਂ ਲੱਗਣ ਦਿੱਤਾ ਗਿਆ ਜਦੋਂ ਇਸ ਪਰਿਵਾਰ ਨੂੰ ਪਤਾ ਲੱਗਿਆ ਤਾਂ ਮੌਜੂਦਾ ਸਰਕਾਰ ਨੂੰ ਵੀ ਇਸ ਪਰਿਵਾਰ ਨੇ ਅਪੀਲ ਕੀਤੀ ਕਿ ਉਹ ਉਸ ਵੇਲੇ ਦੇ ਉਹਨਾਂ ਅਫ਼ਸਰਾਂ ਖ਼ਿਲਾਫ਼ ਕਾਰਵਾਈ ਕਰੇ ਜਿਨ੍ਹਾਂ ਨੇ ਇਹ ਸਜ਼ਾ ਮਾਫ਼ੀ ਦੀ ਸਿਫ਼ਾਰਸ਼ ਕੀਤੀ ਪਰ ਅੱਜ ਤੱਕ ਕੋਈ ਹਿਲਜੁਲ ਨਹੀਂ ਹੋਈ. ਜ਼ਿਕਰ ਕੀਤੇ ਸਮਾਗਮ ਚ ਮੈਂ ਇਸ ਮੰਦਭਾਗੀ ਸੋਗੀ ਕਹਾਣੀ ਦਾ ਸੰਖੇਪ ਵੇਰਵਾ ਵੀ ਦਿੱਤਾ ਕਿਉਂ ਕਿ ਮੈਂ ਉਹਨਾਂ ਦਿਨਾਂ ਚ ਅਜੀਤ ਅਖ਼ਬਾਰ ਦਾ ਸੀਨੀਅਰ ਰਿਪੋਰਟਰ ਹੁੰਦੇ ਹੋਏ ਕੁਲਜੀਤ ਸਿੰਘ ਢੱਟ ਕੇਸ ਦੀ ਵਾਰ-ਵਾਰ ਵੇਰਵੇ ਸਹਿਤ ਕਵਰੇਜ ਕਰਦਾ ਰਿਹਾ ਸੀ। ਹਾਲ ਵਿੱਚ ਮੌਜੂਦ ਹੋਰ ਕਿਸੇ ਨੂੰ ਜਾਂ ਤਾਂ ਇਸ ਮੁੱਦੇ ਦੀ ਜਾਣਕਾਰੀ ਨਹੀਂ ਸੀ ਤੇ ਜਾਂ ਕਿਸੇ ਨੂੰ ਯਾਦ ਨਹੀਂ ਸੀ.

ਖ਼ੈਰ, ਲਾਇਬ੍ਰੇਰੀ ਵਾਲੇ ਸਮਾਗਮ ਚ ਦੂਜੀ ਖ਼ੁਸ਼ੀ ਮੈਨੂੰ ਇਹ ਹੋਈ ਪੰਜਾਬੀ ਦੇ ਨਾਮੀ ਲੇਖਕ /ਸਾਹਿਤਕਾਰ ਬਲਦੇਵ ਸਿੰਘ ਸੜਕਨਾਮਾ ਨਾਲ ਰੂ - ਬ - ਰੂ ਹੋਣ ਦਾ ਮੌਕਾ ਮਿਲਿਆ. ਪੜ੍ਹਿਆ ਵੀ ਸੀ ਉਨ੍ਹਾਂ ਨੂੰ , ਫ਼ੋਨ ਤੇ ਵੀ ਗੱਲਬਾਤ ਹੋਈ ਪਰ ਸਿੱਧੀ ਜੱਫੀ ਰਾਮਪੁਰਾ ਲਾਇਬ੍ਰੇਰੀ ਜਾ ਕੇ ਪਈ. ਲਾਇਬ੍ਰੇਰੀ ਦੇ ਪ੍ਰਬੰਧਕ ਯੋਗੇਸ਼ ਸਿੰਗਲਾ ਦੀ ਬਦੌਲਤ . ਓਹ ਕਿਤਾਬਾਂ ਪੜ੍ਹਨ ਦੇ ਖ਼ਬਤੀ ਹਨ ਇਸੇ ਲਈ ਸੜਕ ਨਾਮਾ ਤੋਂ ਹੀ ਪ੍ਰਧਾਨਗੀ ਕਰਵਾਈ.ਇਸ ਮੌਕੇ ਕੁਝ ਹੋਰ ਵੀ ਨਵੇਂ ਪੁਰਾਣੇ ਵਾਕਫ਼ ਮਿਲੇ.ਇਹ ਵੀ ਚੰਗਾ ਲਗਾ ਕਿ ਅਜੋਕੇ ਡਿਜੀਟਲ ਯੁੱਗ ਚ ਵੀ ਕਿਤਾਬਾਂ ਨਾਲ ਮੋਹ ਅਤੇ ਇਨ੍ਹਾਂ ਦੀ ਲੋੜ ਬਾਰੇ ਲਾਇਬਰੇਰੀ ਦੇ ਪ੍ਰਬੰਧਕ ਯਤਨਸ਼ੀਲ ਹਨ ਹਾਲਾਂਕਿ ਬਾਕੀ ਲਾਇਬਰੇਰੀਆਂ ਵਾਂਗ ਹੁਣ ਇਸ ਲਾਇਬਰੇਰੀ ਵਿੱਚ ਵੀ ਕੰਪੀਟੀਟਿਵ ਐਗਜ਼ਾਮ ਦੇਣ ਵਾਲੇ ਬਹੁਤੇ ਨੌਜਵਾਨ ਮੁੰਡੇ -ਕੁੜੀਆਂ ਹੀ ਆਪਣੀ ਤਿਆਰੀ ਕਰਨ ਲਈ ਆਉਂਦੇ ਹਨ. ਉਹ ਆਪਣੀ ਜਗਾ ਠੀਕ ਹਨ .
ਲਾਇਬਰੇਰੀ ਦੇ ਸਮਗਾਮ ਦੇ ਬਹਾਨੇ ਆਪਣੇ ਸ਼ਹਿਰ ਦੀ ਲਾਈ ਫੇਰੀ ਯਾਦਗਾਰ ਬਣ ਗਈ. ਮੇਰੇ ਨਾਲ ਮੇਰੀ ਵੱਡੀ ਭੈਣ ਪੁਸ਼ਪਾ ਜਿਸ ਨੇ ਲਗਭਗ ਸਾਰੀ ਆਪਣੀ ਬੈਂਕ ਦੀ ਨੌਕਰੀ ਰਾਮਪੁਰੇ ਫੂਲ ਦੀ ਬਰਾਂਚ ਵਿੱਚ ਹੀ ਕੀਤੀ, ਵੀ ਉਚੇਚੇ ਤੌਰ ਤੇ ਚੰਡੀਗੜ੍ਹ ਤੋਂ ਰਾਮਪੁਰੇ ਦੇ ਇਸ ਸਮਾਗਮ ਚ ਪੁੱਜੀ। ਲਾਇਬਰੇਰੀ ਨਾਲ ਤਾਂ ਉਸ ਦਾ ਵੀ ਲਗਾ ਰਿਹਾ. ਉਂਜ ਇੱਕ ਗੱਲ ਦਾ ਅਫ਼ਸੋਸ ਇਹ ਵੀ ਹੋਇਆ ਕਿ ਪੰਜਾਬ ਦੇ ਬਹੁਤੇ ਸ਼ਹਿਰਾਂ ਵਾਂਗ ਸਾਡਾ ਰਾਮਪੁਰਾ ਫੂਲ ਵੀ ਸਾਬਤ ਸਬੂਤ ਸੜਕਾਂ, ਪਾਣੀ ਦੇ ਡਰੇਨੇਜ ਪ੍ਰਬੰਧ ਅਤੇ ਕੁਝ ਬੁਨਿਆਦੀ ਸਹੂਲਤਾਂ ਪੱਖੋਂ ਅਜੇ ਵੀ ਊਣਾ ਹੈ । ਲਾਇਬ੍ਰੇਰੀ ਤੱਕ ਜਾਣ ਲਈ ਸੋਚਣਾ ਪਿਆ ਕਿ ਕਿਹੜੇ ਰਸਤੇ ਜਾਈਏ.
ਮੈ ਲਾਇਬਰੇਰੀ ਦੇ ਪ੍ਰਬੰਧਕਾਂ ਜੋਗੇਸ਼ ਸਿੰਗਲਾ ਤੋਂ ਇਲਾਵਾ ਮਿਹਰ ਚੰਦ ਬਾਹੀਆ ਕੈਲਾਸ਼ ਕੌਸ਼ਿਕ ਸੁਨੀਲ ਬਾਂਸਲ ਅਤੇ ਕੋਮਲ ਸਿੰਗਲ ਵਰਗੇ ਸੱਜਣਾ ਦਾ ਬਹੁਤ ਸ਼ੁਕਰ ਗੁਜ਼ਾਰ ਹਾਂ ਕਿ ਉਹਨਾਂ ਨੇ ਮੈਨੂੰ ਇਸ ਮੌਕੇ ਹਾਜ਼ਰ ਹੋਣ ਦਾ ਸੱਦਾ ਦਿੱਤਾ ਮੇਰੀ ਖ਼ੁਸ਼ਨਸੀਬੀ ਇਹ ਵੀ ਰਹੀ ਕਿ ਕਿ ਮੈਂ ਆਪਣੀ ਨਿੱਜੀ ਲਾਇਬਰੇਰੀ ਵਿੱਚੋਂ ਕੁਝ ਕਿਤਾਬਾਂ ਇਸ ਲਾਇਬਰੇਰੀ ਨੂੰ ਭੇਂਟ ਵੀ ਕੀਤੀਆਂ ਜੋ ਕਿ ਚੰਡੀਗੜ੍ਹ ਤੋਂ ਮੈਂ ਦੋ ਡੱਬੇ ਭਰ ਕੇ ਉਚੇਚੇ ਤੌਰ ਤੇ ਲੈ ਗਿਆ ਸੀ!

-
ਬਲਜੀਤ ਬੱਲੀ, ਐਡੀਟਰ ਇਨ ਚੀਫ ਬਾਬੂਸ਼ਾਹੀ ਨੈੱਟਵਰਕ ਤਿਰਛੀ ਨਜ਼ਰ ਮੀਡੀਆ
tirshinazar@gmail.com
+-91-9915177722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.