World News : ਵਿਦੇਸ਼ ਵਿਚ ਜੱਪ੍ਰੀਤ ਸਿੰਘ ਗਿੱਲ ਨੇ ਨਿੱਕੀ ਉਮਰ ਵਿੱਚ ਰਚਿਆ ਇਤਿਹਾਸ
ਗ੍ਰੈਜੂਏਸ਼ਨ ਅਤੇ ਬੈਚਲਰ ਇਕੱਠੇ ਪੂਰੇ ਕਰਕੇ ਹੁਣ ਲਾਅ ਕਰੇਗਾ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ)
ਫਰਿਜ਼ਨੋ ਨਿਵਾਸੀ ਤੇ ਮਸ਼ਹੂਰ ਸਾਈਕਲਿਸਟ ਕਿੱਟੀ ਗਿੱਲ ਦੇ ਬੇਟੇ ਜੱਪ੍ਰੀਤ ਸਿੰਘ ਗਿੱਲ ਨੇ ਨੌਜਵਾਨੀ ਵਿੱਚ ਹੀ ਇੱਕ ਵਧੀਆ ਇਤਿਹਾਸ ਰਚ ਦਿੱਤਾ ਹੈ। ਸਿਰਫ਼ 15 ਸਾਲ ਦੀ ਉਮਰ ਵਿੱਚ ਜੱਪ੍ਰੀਤ ਨੇ ਆਪਣੀ ਹਾਈ ਸਕੂਲ ਗ੍ਰੈਜੂਏਸ਼ਨ ਅਤੇ ਬੈਚਲਰ ਡਿਗਰੀ ਦੋਵੇਂ ਇੱਕਠੇ ਪੂਰੀ ਕਰਕੇ ਅਮਰੀਕਾ ਵਿੱਚ ਵੱਸਦੇ ਪੂਰੇ ਪੰਜਾਬੀ ਭਾਈਚਾਰੇ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ਉਸਦੇ ਇਸ ਕਾਰਨਾਮੇ ਨੇ ਉਸਦੀ ਪੜ੍ਹਾਈ ਦੇ ਅੱਠ ਸਾਲ ਘੱਟ ਕਰ ਦਿੱਤੇ ਹਨ।
ਹੁਣ ਜੱਪ੍ਰੀਤ ਲਾਅ ਦੀ ਡਿਗਰੀ ਲਈ ਯੂਨੀਵਰਸਿਟੀ ਵਿੱਚ ਦਾਖਲਾ ਲੈ ਚੁੱਕਾ ਹੈ ਅਤੇ 18 ਸਾਲ ਦੀ ਉਮਰ ਵਿੱਚ ਵਕੀਲ ਬਣਨ ਦੀ ਤਿਆਰੀ ਵਿੱਚ ਹੈ। ਇਹ ਪ੍ਰਾਪਤੀ ਅਮਰੀਕਨ ਭਾਰਤੀਆਂ ਵਿੱਚ ਪਹਿਲੀ ਵਾਰੀ ਵੇਖਣ ਨੂੰ ਮਿਲ ਰਹੀ ਹੈ। ਕਾਲੇ-ਗੋਰੇ ਵੀ ਜੱਪ੍ਰੀਤ ਦੀ ਕਾਬਲੀਅਤ ਤੇ ਦਿਲੋ ਹੈਰਾਨ ਹਨ।
ਜੱਪ੍ਰੀਤ ਸਿੰਘ ਗਿੱਲ ਦੀ ਇਹ ਉਪਲਬਧੀ ਸਿਰਫ਼ ਉਸਦੇ ਪਰਿਵਾਰ ਲਈ ਨਹੀਂ, ਸਗੋਂ ਪੂਰੇ ਭਾਰਤੀ ਅਤੇ ਪੰਜਾਬੀ ਸਮਾਜ ਲਈ ਪ੍ਰੇਰਣਾ ਹੈ।
ਉਸਦੇ ਪਿਤਾ ਕਿੱਟੀ ਗਿੱਲ ਆਪਣੇ ਸਮੇਂ ਦੇ ਮਸ਼ਹੂਰ ਸਾਈਕਲਿਸਟ ਰਹੇ ਹਨ। ਉਨ੍ਹਾਂ ਨੇ:
• ਮਾਹਾਰਾਜਾ ਰਣਜੀਤ ਸਿੰਘ ਅਵਾਰਡ ਜਿੱਤਿਆ
• ਏਸ਼ੀਆਈ ਖੇਡਾਂ ਵਿੱਚ ਭਾਗ ਲਿਆ
• ਉਲੰਪਿਕ ਲਈ ਕਾਲੀਫਾਈ ਕੀਤਾ
ਪੰਜਾਬ ਦੇ ਅਬੋਹਰ ਸ਼ਹਿਰ ਨਾਲ ਸਬੰਧਤ ਕਿੱਟੀ ਗਿੱਲ ਲੰਮੇ ਸਮੇਂ ਤੋਂ ਆਪਣੀ ਵਾਈਫ ਦੇ ਨਾਲ ਮਿਲ ਕੇ ਫਰਿਜ਼ਨੋ ਵਿਖੇ “ਸੰਧੂ ਕਲੀਨਿਕ” ਚਲਾ ਰਹੇ ਹਨ। ਉਹ ਲੋੜਵੰਦ ਲੋਕਾਂ ਦੀ ਮੱਦਦ ਲਈ ਹਰ ਪਲ਼ ਤਿਆਰ ਰਹਿੰਦੇ ਹਨ।
ਜੱਪ੍ਰੀਤ ਦੀ ਕਾਮਯਾਬੀ ਉੱਤੇ ਹਰ ਪਾਸਿਓ ਗਿੱਲ ਪਰਿਵਾਰ ਨੂੰ ਵਧਾਈਆਂ ਮਿਲ ਰਹੀਆਂ ਹਨ। ਸਾਡੇ ਵੱਲੋਂ ਵੀ ਜੱਪ੍ਰੀਤ ਲਈ ਸ਼ੁਭਕਾਮਨਾਵਾਂ ।