ਟਰੰਪ ਦੀਆਂ ਧਮਕੀਆਂ 'ਤੇ ਭਾਰਤ ਦਾ ਸਖ਼ਤ ਜਵਾਬ: ਪੜ੍ਹੋ ਕੀ ਦਿੱਤਾ ਜਵਾਬ ?
ਨਵੀਂ ਦਿੱਲੀ, 5 ਅਗਸਤ 2025 : ਰੂਸ ਤੋਂ ਤੇਲ ਦਰਾਮਦ ਕਰਨ ਦੇ ਮਾਮਲੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਦਿੱਤੀਆਂ ਚੇਤਾਵਨੀਆਂ 'ਤੇ ਭਾਰਤ ਨੇ ਸਖ਼ਤ ਰੁਖ ਅਪਣਾਇਆ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਉਹ ਆਪਣੇ ਰਾਸ਼ਟਰੀ ਹਿੱਤਾਂ ਅਤੇ ਆਰਥਿਕ ਸੁਰੱਖਿਆ ਦੀ ਰਾਖੀ ਲਈ ਹਰ ਜ਼ਰੂਰੀ ਕਦਮ ਚੁੱਕੇਗਾ ਅਤੇ ਕਿਸੇ ਦੀ ਧਮਕੀ ਤੋਂ ਨਹੀਂ ਡਰੇਗਾ।
ਅਮਰੀਕਾ ਦੇ ਦੋਹਰੇ ਮਾਪਦੰਡਾਂ ਦਾ ਪਰਦਾਫਾਸ਼
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਯੂਕਰੇਨ ਯੁੱਧ ਸ਼ੁਰੂ ਹੋਣ ਤੋਂ ਬਾਅਦ, ਯੂਰਪ ਨੂੰ ਰਵਾਇਤੀ ਤੇਲ ਸਪਲਾਈ ਮੋੜ ਦਿੱਤੀ ਗਈ ਸੀ, ਜਿਸ ਕਾਰਨ ਭਾਰਤ ਨੂੰ ਰੂਸ ਤੋਂ ਤੇਲ ਆਯਾਤ ਕਰਨਾ ਪਿਆ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਉਸ ਸਮੇਂ ਅਮਰੀਕਾ ਨੇ ਖੁਦ ਭਾਰਤ ਦੇ ਇਸ ਫੈਸਲੇ ਦਾ ਸਮਰਥਨ ਕੀਤਾ ਸੀ ਤਾਂ ਜੋ ਵਿਸ਼ਵ ਬਾਜ਼ਾਰ ਸਥਿਰ ਰਹੇ।
ਜੈਸਵਾਲ ਨੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜਿਹੜੇ ਦੇਸ਼ ਅੱਜ ਭਾਰਤ ਦੀ ਆਲੋਚਨਾ ਕਰ ਰਹੇ ਹਨ, ਉਹ ਖੁਦ ਵੱਡੇ ਪੱਧਰ 'ਤੇ ਰੂਸ ਨਾਲ ਵਪਾਰ ਕਰ ਰਹੇ ਹਨ:
ਯੂਰਪੀ ਸੰਘ ਰੂਸ ਤੋਂ ਵੱਡੀ ਮਾਤਰਾ ਵਿੱਚ ਐੱਲ.ਐੱਨ.ਜੀ. (ਗੈਸ), ਖਾਦ, ਰਸਾਇਣ ਅਤੇ ਮਸ਼ੀਨਰੀ ਵਰਗੇ ਉਤਪਾਦ ਖਰੀਦ ਰਿਹਾ ਹੈ।
ਅਮਰੀਕਾ ਖੁਦ ਰੂਸ ਤੋਂ ਯੂਰੇਨੀਅਮ, ਪੈਲੇਡੀਅਮ ਅਤੇ ਖਾਦਾਂ ਦੀ ਲਗਾਤਾਰ ਦਰਾਮਦ ਕਰ ਰਿਹਾ ਹੈ।
ਭਾਰਤ ਲਈ ਰੂਸੀ ਤੇਲ ਜ਼ਰੂਰਤ ਹੈ
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਰੂਸ ਤੋਂ ਤੇਲ ਦਰਾਮਦ ਕਰਨਾ ਭਾਰਤ ਲਈ ਕੋਈ ਵਿਕਲਪ ਨਹੀਂ, ਸਗੋਂ ਇੱਕ ਜ਼ਰੂਰਤ ਹੈ। ਇਸ ਦਾ ਮਕਸਦ ਦੇਸ਼ ਦੇ ਆਮ ਲੋਕਾਂ ਨੂੰ ਸਸਤੀ ਅਤੇ ਸਥਿਰ ਕੀਮਤ 'ਤੇ ਊਰਜਾ ਉਪਲਬਧ ਕਰਾਉਣਾ ਹੈ। ਭਾਰਤ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਆਪਣੇ ਨਾਗਰਿਕਾਂ ਦੇ ਹਿੱਤਾਂ ਨੂੰ ਤਰਜੀਹ ਦੇਣਾ ਜਾਰੀ ਰੱਖੇਗਾ।