ਡਾ. ਐਸ. ਸੋਮਨਾਥ ਨੇ ਸ਼੍ਰੀ ਸਤੀਸ਼ ਚੰਦਰ ਧਵਨ ਦੀ ਵਿਰਾਸਤ ਨੂੰ ਸਨਮਾਨਿਤ ਕਰਦੀ ਸਮਾਰਕ ਪਲੇਟ ਦਾ ਉਦਘਾਟਨ ਕੀਤਾ
Punjab Engeering College ਨੇ ਸਾਬਕਾ ਇਸਰੋ ਮੁਖੀ ਡਾ. ਐਸ. ਸੋਮਨਾਥ ਨੂੰ ਡਾਕਟਰ ਆਫ ਸਾਇੰਸ (ਓਨੋਰਿਸ ਕੋਸਾ) ਨਾਲ ਕੀਤਾ ਸਨਮਾਨਿਤ
ਡਾ. ਐਸ. ਸੋਮਨਾਥ ਨੇ ਅਕਾਦਮਿਕਸ, ਵਿਗਿਆਨ, ਨਵੀਨਤਾ ਅਤੇ ਖੋਜ ਨੂੰ ਅੱਗੇ ਵਧਾਉਣ ਬਾਰੇ ਦੂਰਦਰਸ਼ੀ ਵਿਚਾਰ ਸਾਂਝੇ ਕੀਤੇ
ਚੰਡੀਗੜ੍ਹ, 04 ਅਗਸਤ 2025: ਪੰਜਾਬ ਇੰਜੀਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਵੱਲੋਂ ਅੱਜ ਡਾ. ਐਸ. ਸੋਮਨਾਥ — ਵਿਕਰਮ ਸਾਰਾਭਾਈ ਡਿਸਟਿੰਗਵਿਸ਼ਡ ਪ੍ਰੋਫੈਸਰ ਅਤੇ ਸਾਬਕਾ ਚੇਅਰਮੈਨ, ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) — ਦੇ ਸਨਮਾਨ ਵਿੱਚ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਕੀਤਾ ਗਿਆ। ਇਹ ਸਮਾਰੋਹ ਸ਼੍ਰੀ ਰਜਿੰਦਰ ਗੁਪਤਾ (ਚੇਅਰਮੈਨ, ਬੋਰਡ ਆਫ ਗਵਰਨਰਜ਼, ਪੀ.ਈ.ਸੀ.) ਦੀ ਅਗਵਾਈ ਹੇਠ, ਪ੍ਰੋ. ਰਾਜੇਸ਼ ਕੁਮਾਰ ਭਾਟੀਆ (ਡਾਇਰੈਕਟਰ, ਪੀ.ਈ.ਸੀ.), ਪ੍ਰੋ. ਐਸ. ਕੇ. ਮੰਗਲ (ਡੀਨ, ਅਕਾਦਮਿਕ ਅਫੇਅਰਜ਼) ਅਤੇ ਪ੍ਰੋ. ਉਮਾ ਬਤਰਾ (ਡੀਨ, ਫੈਕਲਟੀ ਅਫੇਅਰਜ਼) ਦੀ ਹਾਜ਼ਰੀ ਵਿੱਚ ਸੰਪੰਨ ਹੋਇਆ।
ਇਸ ਮੌਕੇ ਨੂੰ ਹੋਰ ਵੀ ਭਵਿੱਖਮਈ ਬਣਾਉਣ ਲਈ ਕਈ ਮਸ਼ਹੂਰ ਸ਼ਖ਼ਸੀਅਤਾਂ ਮੌਜੂਦ ਸਨ, ਜਿਨ੍ਹਾਂ ਵਿੱਚ ਪ੍ਰੋ. ਰੇਣੂ ਵਿਗ (ਵਾਈਸ-ਚਾਂਸਲਰ, ਪੰਜਾਬ ਯੂਨੀਵਰਸਿਟੀ), ਪ੍ਰੋ. ਏ. ਕੇ. ਗਰੋਵਰ ( ਸਾਬਕਾ ਵਾਈਸ-ਚਾਂਸਲਰ, ਪੰਜਾਬ ਯੂਨੀਵਰਸਿਟੀ), ਡਾ. ਕੇ. ਪੀ. ਸਿੰਘ (ਆਈ.ਐਨ.ਐੱਸ.ਏ. ਐਮੇਰਿਟਸ ਪ੍ਰੋਫੈਸਰ, ਆਈ.ਆਈ.ਐੱਸ.ਈ.ਆਰ. ਮੋਹਾਲੀ), ਕਰਨਲ ਆਰ. ਐਮ. ਜੋਸ਼ੀ (ਰਜਿਸਟਰਾਰ, ਪੀ.ਈ.ਸੀ.) ਦੇ ਨਾਲ ਸੰਸਥਾ ਦੇ ਸਾਰੇ ਡੀਨ ਅਤੇ ਵਿਭਾਗ ਮੁਖੀ ਸ਼ਾਮਲ ਸਨ।
ਇਸ ਤੋਂ ਬਾਅਦ ਪ੍ਰੋ. ਰਾਜੇਸ਼ ਕੁਮਾਰ ਭਾਟੀਆ, ਡਾਇਰੈਕਟਰ, ਪੀ.ਈ.ਸੀ. ਨੇ ਡਾ. ਸੋਮਨਾਥ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਕਿਹਾ ਕਿ ਪੀ.ਈ.ਸੀ., ਜੋ ਡਾ. ਕਲਪਨਾ ਚਾਵਲਾ ਅਤੇ ਡਾ. ਸਤੀਸ਼ ਧਵਨ ਵਰਗੇ ਮਹਾਨ ਵਿਅਕਤੀਆਂ ਦੀ ਧਰਤੀ ਰਹੀ ਹੈ, ਲਈ ਇਹ ਮਾਣ ਦੀ ਗੱਲ ਹੈ, ਕਿ ਉਹ ਇੱਕ ਵਿਲੱਖਣ ਸ਼ਖ਼ਸੀਅਤ ਦੀ ਮੇਜ਼ਬਾਨੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੀ.ਈ.ਸੀ. ਪਰਿਵਾਰ ਲਈ ਇਹ ਬਹੁਤ ਹੀ ਮਹੱਤਵਪੂਰਨ ਗੱਲ ਹੈ, ਕਿ ਉਹ ਇੱਕ ਦੂਰਦਰਸ਼ੀ ਵਿਅਕਤੀ ਨੂੰ ਸੁਣ ਰਿਹਾ ਹੈ, ਜਿਸ ਨੇ ਭਾਰਤ ਦੀ ਅੰਤਰਿਕਸ਼ ਯਾਤਰਾ ਨੂੰ ਨਵੀਂ ਦਿਸ਼ਾ ਦਿੱਤੀ ਹੈ।
ਸ਼੍ਰੀ ਰਜਿੰਦਰ ਗੁਪਤਾ, ਚੇਅਰਮੈਨ, ਬੋਰਡ ਆਫ ਗਵਰਨਰਜ਼ ਨੇ ਡਾ. ਸੋਮਨਾਥ ਨਾਲ ਜਾਣ-ਪਹਿਚਾਣ ਕਰਵਾਈ ਅਤੇ ਉਨ੍ਹਾਂ ਦੇ ਸ਼ਾਨਦਾਰ ਕਰੀਅਰ, ਇਸਰੋ ਵਿੱਚ ਉਨ੍ਹਾਂ ਦੇ ਅਸਾਧਾਰਣ ਯੋਗਦਾਨ ਅਤੇ ਨਵੇਂ ਵਿਚਾਰਾਂ ਵਾਲੀਆਂ ਪ੍ਰੋਜੈਕਟਾਂ ਵਿੱਚ ਉਨ੍ਹਾਂ ਦੀ ਅਗਵਾਈ ਬਾਰੇ ਦੱਸਿਆ, ਜਿਨ੍ਹਾਂ ਨੇ ਭਾਰਤ ਦੀ ਵਿਸ਼ਵ ਪੱਧਰ ‘ਤੇ ਅੰਤਰਿਕਸ਼ ਖੇਤਰ ਵਿੱਚ ਸਥਿਤੀ ਨੂੰ ਮਜ਼ਬੂਤ ਕੀਤਾ। ਉਨ੍ਹਾਂ ਡਾ. ਸੋਮਨਾਥ ਦੀ ਵਿਗਿਆਨਕ ਖੋਜ ਨੂੰ ਅੱਗੇ ਵਧਾਉਣ ਅਤੇ ਰਾਸ਼ਟਰੀ ਵਿਕਾਸ ਲਈ ਨਵੀਨਤਾ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਦੀ ਵੀ ਪ੍ਰਸ਼ੰਸਾ ਕੀਤੀ।
ਗੌਰਵ ਅਤੇ ਸਨਮਾਨ ਦੇ ਇਸ ਖ਼ਾਸ ਪਲ ਵਿੱਚ, ਡਾ. ਐਸ. ਸੋਮਨਾਥ ਨੂੰ ਪੁਲਾੜ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਉਨ੍ਹਾਂ ਦੇ ਵਿਲੱਖਣ ਯੋਗਦਾਨ ਅਤੇ ਅਸਾਧਾਰਣ ਸੇਵਾਵਾਂ ਦੇ ਮਾਣ ਵਿਚ ਡਾਕਟਰ ਆਫ਼ ਸਾਇੰਸ (ਓਨੋਰਿਸ ਕੋਸਾ) ਦੀ ਮਾਨਦ ਡਿਗਰੀ ਪ੍ਰਦਾਨ ਕੀਤੀ ਗਈ। ਇਹ ਸਨਮਾਨ ਸ਼੍ਰੀ ਰਜਿੰਦਰ ਗੁਪਤਾ (ਚੇਅਰਮੈਨ, ਬੋਰਡ ਆਫ ਗਵਰਨਰਜ਼) ਅਤੇ ਪ੍ਰੋ. ਰਾਜੇਸ਼ ਕੁਮਾਰ ਭਾਟੀਆ (ਡਾਇਰੈਕਟਰ, ਪੀ.ਈ.ਸੀ.) ਵੱਲੋਂ ਪ੍ਰਦਾਨ ਕੀਤਾ ਗਿਆ। ਇਸ ਮੌਕੇ ‘ਤੇ ਡਾ. ਸੋਮਨਾਥ ਨੇ ਪ੍ਰਸਿੱਧ ਸ਼੍ਰੀ ਸਤੀਸ਼ ਧਵਨ ਦੀ ਯਾਦ ਵਿੱਚ ਇੱਕ ਸਮਾਰਕ ਪਲੇਟ ਦਾ ਉਦਘਾਟਨ ਵੀ ਕੀਤਾ, ਜਿਸ ਨਾਲ ਸੰਸਥਾ ਦੀ ਵਿਰਾਸਤ ਹੋਰ ਮਜ਼ਬੂਤ ਹੋਈ।
ਆਪਣੇ ਸੰਬੋਧਨ ਵਿੱਚ ਡਾ. ਸੋਮਨਾਥ ਨੇ ਪੀ.ਈ.ਸੀ. ਦਾ ਧੰਨਵਾਦ ਕੀਤਾ ਅਤੇ ਡਾ. ਸਤੀਸ਼ ਧਵਨ ਨਾਲ ਆਪਣੇ ਰਿਸ਼ਤੇ ਯਾਦ ਕੀਤੇ। ਉਨ੍ਹਾਂ ਦੱਸਿਆ ਕਿ ਕਿਵੇਂ ਡਾ. ਧਵਨ ਦਾ ਡਾਇਰੈਕਟ ਐਕਸ਼ਨ ਐਪ੍ਰੋਚ ਪੀ.ਐਸ.ਐਲ.ਵੀ. ਪ੍ਰੋਗਰਾਮ ਵਿੱਚ ਅਤੇ ਉਨ੍ਹਾਂ ਦੁਆਰਾ ਵਿਕਸਿਤ “ਧਵਨ ਡਾਇਗਰਾਮ” ਮਿਸ਼ਨਾਂ ਦੇ ਨਤੀਜੇ ਭਵਿੱਖਬਾਣੀ ਕਰਨ ਵਿੱਚ ਬਹੁਤ ਮਦਦਗਾਰ ਸਾਬਤ ਹੁੰਦੇ ਸਨ। ਉਨ੍ਹਾਂ ਇਹ ਵੀ ਯਾਦ ਕੀਤਾ ਕਿ ਕਈ ਮਹੱਤਵਪੂਰਨ ਪ੍ਰੋਜੈਕਟਾਂ ਦੇ ਲਾਂਚ ਦੌਰਾਨ ਉਹ ਡਾ. ਧਵਨ ਦੇ ਨਾਲ ਮੌਜੂਦ ਰਹੇ।

ਡਾ. ਸੋਮਨਾਥ ਨੇ ਉਦਯੋਗ ਅਤੇ ਅਕਾਦਮਿਕ ਜਗਤ ਵਿਚਕਾਰ ਮਜ਼ਬੂਤ ਸਹਿਯੋਗ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਨਾਲ ਖੋਜ ਨੂੰ ਹਕੀਕਤੀ ਰੂਪ ਦਿੱਤਾ ਜਾ ਸਕੇਗਾ ਅਤੇ ਦੇਸ਼ ਵਿੱਚ ਨਵੀਨਤਾ ਨੂੰ ਉਤਸ਼ਾਹ ਮਿਲੇਗਾ। ਉਨ੍ਹਾਂ ਭਾਰਤ ਦੇ ਲੰਬੇ ਸਮੇਂ ਦੇ ਮਨੁੱਖੀ ਅੰਤਰਿਕਸ਼ ਪ੍ਰੋਗਰਾਮ ਦੀ ਝਲਕ ਵੀ ਪੇਸ਼ ਕੀਤੀ ਅਤੇ ਕਿਹਾ ਕਿ ਇਹ ਦੇਸ਼ ਦੀ ਅਰਥਵਿਵਸਥਾ ਅਤੇ ਵਿਸ਼ਵ ਪੱਧਰੀ ਮਾਨ-ਮਰਿਆਦਾ ਨੂੰ ਨਵੀਆਂ ਉਚਾਈਆਂ ਤੱਕ ਲੈ ਜਾਵੇਗਾ।
ਸਮਾਰੋਹ ਦਾ ਸਮਾਪਨ ਪ੍ਰੋ. ਉਮਾ ਬਤਰਾ ਵੱਲੋਂ ਧੰਨਵਾਦ ਪ੍ਰਸਤਾਵ ਨਾਲ ਹੋਇਆ.