Raksha Bandhan: ਰੱਖੜੀ ਦੇ ਤਿਉਹਾਰ 'ਤੇ ਲੱਗਾ 'ਆਨਲਾਈਨ ਸ਼ੌਪਿੰਗ' ਦਾ ਗ੍ਰਹਿਣ
ਆਨਲਾਈਨ ਸ਼ੋਪਿੰਗ ਦੇ ਕਰੇਜ਼ ਦੇ ਚੱਲਦਿਆਂ ਰੱਖੜੀ ਦੇ ਤਿਉਹਾਰ ਤੇ ਬਾਜ਼ਾਰਾਂ ਵਿੱਚ ਨਹੀਂ ਨਜ਼ਰ ਆ ਰਹੀ ਰੌਣਕ
ਰੋਹਿਤ ਗੁਪਤਾ
ਗੁਰਦਾਸਪੁਰ,6 ਅਗਸਤ 2025- ਰੱਖੜੀ ਸਾਡਾ ਇੱਕ ਪ੍ਰਮੁੱਖ ਤਿਉਹਾਰ ਹੈ । ਕੁਝ ਲੋਕਾਂ ਦਾ ਇਸ ਤਿਉਹਾਰ ਦੇ ਸਿਰ ਤੇ ਰੁਜ਼ਗਾਰ ਵੀ ਚੱਲਦਾ ਹੈ ।ਉਹ ਹੋਲਸੇਲ ਰੇਟ ਤੇ ਰੱਖੜੀ ਲਿਆ ਕੇ ਫੜੀਆਂ ਲਗਾ ਕੇ ਵੇਚਦੇ ਹਨ ਤੇ ਦੁਕਾਨਦਾਰਾਂ ਨੂੰ ਵੀ ਆਸ ਹੁੰਦੀ ਹੈ ਕਿ ਤਿਉਹਾਰ ਦੇ ਦਿਨਾਂ ਵਿੱਚ ਉਹ ਚੰਗੀ ਕਮਾਈ ਕਰ ਲੈਣਗੇ ਪਰ ਪਿਛਲੇ ਕਈ ਸਾਲਾਂ ਤੋਂ ਆਨਲਾਈਨ ਖਰੀਦਦਾਰੀ ਦੇ ਟਰੈਂਡ ਨੇ ਬਾਜ਼ਾਰਾਂ ਵਿੱਚੋਂ ਰੱਖੜੀ ਦੀ ਰੌਣਕ ਖਤਮ ਕਰ ਦਿੱਤੀ ਹੈ।
ਕੋਈ ਸਮਾਂ ਹੁੰਦਾ ਸੀ ਕਿ ਭੈਣਾਂ ਮਹੀਨਾ ਮਹੀਨਾ ਪਹਿਲਾਂ ਹੀ ਬਜਾਰਾਂ ਵਿੱਚੋਂ ਰੱਖੜੀ ਖਰੀਦ ਕੇ ਦੂਰ ਸ਼ਹਿਰਾਂ ਵਿੱਚ ਰਹਿੰਦੇ ਆਪਣੇ ਭਰਾਵਾਂ ਨੂੰ ਭੇਜਣੀਆਂ ਸ਼ੁਰੂ ਕਰ ਦਿੰਦੀਆਂ ਸੀ ਜੋ ਦੂਰ ਰਹਿਣ ਕਾਰਨ ਭੈਣਾਂ ਕੋਲ ਨਹੀਂ ਸੀ ਆ ਸਕਦੇ ਪਰ ਹੁਣ ਭੈਣ ਭਰਾ ਦੇ ਪਵਿੱਤਰ ਪ੍ਰੇਮ ਨੂੰ ਦਰਸਾਉਂਦਾ ਇਹ ਤਿਉਹਾਰ ਵੀ ਆਨਲਾਈਨ ਖਰੀਦਦਾਰੀ ਦੀ ਭੇਂਟ ਚੜਨਾ ਸ਼ੁਰੂ ਹੋ ਗਿਆ ਹੈ ਜਿਸ ਕਾਰਨ ਬਾਜ਼ਾਰਾਂ ਦੀਆਂ ਰੌਣਕਾਂ ਮੁੱਕ ਗਈਆਂ ਹਨ । ਭੈਣ ਬਿਨਾਂ ਦੇਖੇ ਹੀ ਆਨਲਾਈਨ ਰੱਖੜੀ ਆਰਡਰ ਕਰਕੇ ਆਪਣੇ ਭਰਾ ਨੂੰ ਭੇਜ ਦਿੰਦੀ ਹੈ ਤੇ ਭਰਾ ਵੀ ਆਨਲਾਈਨ ਹੀ ਮਿਠਾਈ ਆ ਪੈਸੇ ਭੈਣ ਨੂੰ ਭੇਜ ਦਿੰਦਾ ਹੈ। ਇਸਦਾ ਅਸਰ ਬਾਜ਼ਾਰ ਤੇ ਵੀ ਕਾਫੀ ਹੋ ਰਿਹਾ ਹੈ ਤੇ ਦੁਕਾਨਦਾਰਾਂ ਨੂੰ ਮੰਦੀ ਦਾ ਦੌਰ ਵੇਖਣਾ ਪੈ ਰਿਹਾ ਹੈ।
ਰੱਖੜੀ ਦੇ ਪਰਚੂਨ ਅਤੇ ਹੋਲਸੇਲਰ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕੁਝ ਸਾਲ ਪਹਿਲਾਂ ਜਦੋਂ ਆਨਲਾਈਨ ਦਾ ਇਨਾ ਪ੍ਰਸਾਰ ਨਹੀਂ ਸੀ ਹੁੰਦਾ ਬਜ਼ਾਰਾਂ ਵਿੱਚ ਰੱਖੜੀ ਤੋਂ 15-20 ਦਿਨ ਪਹਿਲਾਂ ਹੀ ਰੌਣਕਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਸੀ ਅਤੇ ਦੁਕਾਨਦਾਰ ਵੀ 15_ 20 ਦਿਨ ਪਹਿਲਾਂ ਹੀ ਦੁਕਾਨਾਂ ਸਜਾ ਲੈਂਦੇ ਸਨ ਪਰ ਪਿਛਲੇ ਕੁਝ ਸਾਲਾਂ ਤੋਂ ਬਾਜ਼ਾਰਾਂ ਦੀਆਂ ਰੌਣਕਾਂ ਘੱਟਦੀਆਂ ਜਾ ਰਹੀਆਂ ਹਨ। ਲੋਕ ਸਮਾਂ ਬਚਾਉਣ ਲਈ ਆਨਲਾਈਨ ਖਰੀਦਦਾਰੀ ਨੂੰ ਤਰਜੀਹ ਦੇ ਰਹੇ ਹਨ ਜਦਕਿ ਇਸ ਵਿੱਚ ਧੋਖਾਧੜੀ ਵੀ ਬਹੁਤ ਹੈ।
ਉਹਨਾਂ ਕਿਹਾ ਕਿ ਦੁਕਾਨਦਾਰਾਂ ਦਾ ਇਸ ਕਾਰਨ ਵੱਡਾ ਨੁਕਸਾਨ ਹੋ ਰਿਹਾ ਹੈ । ਭੈਣ ਭਰਾ ਜੋ ਇੱਕ ਦੂਜੇ ਤੋਂ ਦੂਰ ਰਹਿੰਦੇ ਹਨ ਆਨਲਾਈਨ ਨੂੰ ਹੀ ਤਰਜੀਹ ਕਰਦੇ ਹਨ, ਉਹਨਾਂ ਦੀ ਤਾਂ ਮਜਬੂਰੀ ਹੋ ਸਕਦੀ ਹੈ ਪਰ ਬਹੁਤ ਸਾਰੇ ਹੋਰ ਲੋਕ ਵੀ ਅੱਜ ਕੱਲ ਆਨਲਾਈਨ ਖਰੀਦਦਾਰੀ ਦੇ ਮੱਕੜ ਜਾਲ ਵਿੱਚ ਫਸ ਗਏ ਹਨ ਜਦਕਿ ਆਨਲਾਈਨ ਵਿੱਚ ਨਕਲੀ ਸਮਾਨ ਦੀ ਭਰਮਾਰ ਹੈ ਤੇ ਨਾਲ ਹੀ ਉਹਨਾਂ ਨੂੰ ਗ੍ਰਾਹਕ ਦੀ ਭਾਵਨਾਵਾਂ ਨਾਲ ਵੀ ਕੋਈ ਸਰੋਕਾਰ ਨਹੀਂ ਹੁੰਦਾ । ਦੁਕਾਨਦਾਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਤਿਉਹਾਰ ਦੀਆਂ ਖੁਸ਼ੀਆਂ ਨੂੰ ਆਪਸ ਵਿੱਚ ਮਿਲ ਜੁਲ ਕੇ ਮਨਾ ਕੇ ਅਤੇ ਆਪਣੇ ਸ਼ਹਿਰ ਦੀਆਂ ਦੁਕਾਨਾਂ ਤੂੰ ਹੀ ਖਰੀਦਦਾਰੀ ਕਰਕੇ ਹੋਰ ਵਧਾਇਆ ਜਾ ਸਕਦਾ ਹੈ।