ਖੇਡ ਅਧਿਆਪਕ ਵਰਿੰਦਰ ਮੋਹਨ ਬੱਬੇਹਾਲੀ ਨੂੰ ਸੇਵਾ ਮੁਕਤੀ ਤੇ ਕੀਤਾ ਸਨਮਾਨਿਤ
ਰੋਹਿਤ ਗੁਪਤਾ
ਗੁਰਦਾਸਪੁਰ 29 ਅਪ੍ਰੈਲ ਗੁਰਦਾਸਪੁਰ ਦੇ ਖੇਡ ਜਗਤ ਦੀ ਮਹਾਨ ਹਸਤੀ ਪਹਿਲਵਾਨ ਵਰਿੰਦਰ ਮੋਹਨ ਬੱਬੇਹਾਲੀ ਸਰਕਾਰੀ ਮਿਡਲ ਸਕੂਲ ਹੱਲਾ ਚਾਹੀਆ ਤੋਂ ਬਤੌਰ ਖੇਡ ਅਧਿਆਪਕ 28 ਸਾਲ ਦੀ ਬੇਦਾਗ਼ ਸੇਵਾ ਕਰਨ ਉਪਰੰਤ ਸੇਵਾ ਮੁਕਤ ਹੋ ਗਏ ਹਨ। ਉਹਨਾਂ ਦੀ ਜੂਡੋ ਖੇਡ ਨੂੰ ਪ੍ਰਫੁੱਲਿਤ ਕਰਨ ਲਈ ਦਿੱਤੀਆਂ ਸਾਨਦਾਰ ਸੇਵਾਵਾਂ ਬਦਲੇ ਜੂਡੋਕਾ ਵੈਲਫੇਅਰ ਸੁਸਾਇਟੀ ਗੁਰਦਾਸਪੁਰ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਪਹਿਲਵਾਨ ਵਰਿੰਦਰ ਮੋਹਨ ਬੱਬੇਹਾਲੀ ਦਾ ਗੁਰਦਾਸਪੁਰ ਜ਼ਿਲ੍ਹੇ ਵਿੱਚ ਕੁਸ਼ਤੀਆਂ ਅਤੇ ਜੂਡੋ ਖੇਡ ਨੂੰ ਪ੍ਰਫੁੱਲਿਤ ਕਰਨ ਵਿੱਚ ਅਹਿਮ ਯੋਗਦਾਨ ਹੈ।
1997 ਵਿੱਚ ਸਰਕਾਰੀ ਹਾਈ ਸਕੂਲ ਜੰਗਲ ਭਵਾਨੀ ਤੋਂ ਸੇਵਾ ਸ਼ੁਰੂ ਕਰਨ ਵਾਲੇ ਪਹਿਲਵਾਨ ਵਰਿੰਦਰ ਮੋਹਨ ਬੱਬੇਹਾਲੀ ਆਪਣੇ ਸਮੇਂ ਦੇ ਨਾਮੀ ਪਹਿਲਵਾਨ ਸਨ। ਜੋ ਕਿ ਬੱਬੇਹਾਲੀ ਦੀ ਪਹਿਲਵਾਨੀ ਵਿਰਾਸਤ ਅੱਜ ਵੀ ਸਾਂਭ ਕੇ ਬੈਠੇ ਹਨ। ਜੰਗਲ ਭਵਾਨੀ ਜਿਹੇ ਪੱਛੜੇ ਇਲਾਕੇ ਦੀਆਂ ਬੱਚੀਆਂ ਨੂੰ ਪਹਿਲਵਾਨੀ, ਜੂਡੋ ਦੀ ਸਿਖਲਾਈ ਦੇ ਕੇ ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ ਵਿਚ ਨੌਕਰੀਆਂ ਲਈ ਯੋਗ ਬਣਾਉਣਾ ਉਹਨਾਂ ਦੇ ਹਿੱਸੇ ਆਇਆ ਹੈ। ਪਿੰਡਾਂ ਵਿਚੋਂ ਗਰੀਬ ਖਿਡਾਰੀਆਂ ਨੂੰ ਕਾਹਨੂੰਵਾਨ, ਗੁਰਦਾਸਪੁਰ ਵਿਖੇ ਸਪੋਰਟਸ ਵਿੰਗ ਵਿੱਚ ਦਾਖ਼ਲ ਕਰਵਾਇਆ ਅਤੇ ਉਨ੍ਹਾਂ ਨੂੰ ਇਸ ਯੋਗ ਬਣਾਇਆ ਕਿ ਉਹ ਆਪਣੇ ਬਲਬੂਤੇ ਤੇ ਇਸ ਯੋਗ ਬਣੇ ਹਨ ਕਿ ਵੱਖ ਵੱਖ ਪੈਰਾ ਮਿਲਟਰੀ ਫੋਰਸ ਵਿਚ ਸਨਮਾਨ ਯੋਗ ਅਹੁਦਿਆਂ ਤੇ ਬਿਰਾਜਮਾਨ ਹਨ। ਉਹਨਾਂ ਦੀ ਸੇਵਾ ਮੁਕਤੀ ਬਾਅਦ ਆਪਣੇ ਕਿੱਤੇ ਪ੍ਰਤੀ ਵਫ਼ਾਦਾਰ ਅਧਿਆਪਕਾਂ ਦੀ ਘਾਟ ਰੜਕਦੀ ਰਹੇਗੀ।
ਇਸ ਮੌਕੇ ਸਿਮਰਨਜੀਤ ਸਿੰਘ ਰੰਧਾਵਾ ਜ਼ਿਲ੍ਹਾ ਖੇਡ ਅਫ਼ਸਰ ਗੁਰਦਾਸਪੁਰ, ਪੰਜਾਬ ਜੂਡੋ ਐਸੋਸੀਏਸ਼ਨ ਦੇ ਟੈਕਨੀਕਲ ਚੇਅਰਮੈਨ ਸ੍ਰੀ ਸਤੀਸ਼ ਕੁਮਾਰ, ਜ਼ਿਲ੍ਹਾ ਜੂਡੋਕਾ ਵੈਲਫੇਅਰ ਸੁਸਾਇਟੀ ਦੇ ਜਰਨਲ ਸਕੱਤਰ ਮੈਡਮ ਬਲਵਿੰਦਰ ਕੌਰ, ਡਾਕਟਰ ਰਵਿੰਦਰ ਸਿੰਘ ਪ੍ਰਿੰਸੀਪਲ ਅਮਰਜੀਤ ਸਿੰਘ ਮਨੀ ਤੋਂ ਇਲਾਵਾ ਬਹੁਤ ਸਾਰੇ ਜੂਡੋ ਖੇਡ ਪ੍ਰੇਮੀ ਹਾਜਰ ਸਨ।