ਨਸ਼ਿਆਂ ਨਾਲ ਲੜਾਈ ਸਿਰਫ ਕਾਨੂੰਨੀ ਕਾਰਵਾਈ ਨਾਲ ਨਹੀਂ, ਸਗੋਂ ਸਮਾਜਿਕ ਜਾਗਰੂਕਤਾ ਰਾਹੀਂ ਜਿੱਤੀ ਜਾ ਸਕਦੀ ਹੈ: ਐੱਸ.ਆਈ ਸੁਖਬੀਰ ਸਿੰਘ
ਸ਼੍ਰੀ ਅਨੰਦਪੁਰ ਸਾਹਿਬਃ- 29 ਅਪ੍ਰੈਲ,2025 ਸਹਿਜੋਵਾਲ ਸਥਿਤ ਓਟ ਕਲੀਨਿਕ ਵਿਖੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਵਿਦਿਆਰਥੀਆਂ ਲਈ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ ਅਤੇ ਜਾਗਰੂਕਤਾ ਰੈਲੀ ਵੀ ਕੱਢੀ ਗਈ। ਰੂਪਨਗਰ ਦੇ ਸਿਵਲ ਸਰਜਨ ਡਾ. ਤਰਸੇਮ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਕੀਰਤਪੁਰ ਸਾਹਿਬ ਤੋਂ ਸੀਨੀਅਰ ਮੈਡੀਕਲ ਅਫਸਰ ਡਾ. ਦਲਜੀਤ ਕੌਰ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਸੈਮੀਨਾਰ ਦਾ ਉਦੇਸ਼ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਸੀ।
ਐੱਸ.ਆਈ ਸੁਖਬੀਰ ਸਿੰਘ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਲੋਕਾਂ ਨੂੰ ਨਸ਼ਿਆਂ ਦੀ ਅਲਾਮਤ ਤੋਂ ਦੂਰ ਰਹਿਣ ਲਈ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਨਸ਼ਿਆਂ ਨਾਲ ਲੜਾਈ ਸਿਰਫ ਕਾਨੂੰਨੀ ਕਾਰਵਾਈ ਨਾਲ ਨਹੀਂ, ਸਗੋਂ ਸਮਾਜਿਕ ਜਾਗਰੂਕਤਾ ਅਤੇ ਸਿੱਖਿਆ ਰਾਹੀਂ ਹੀ ਜਿੱਤੀ ਜਾ ਸਕਦੀ ਹੈ।
ਉਹਨਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਨਸ਼ਿਆਂ ਦੀ ਦਲਦਲ ਵਿੱਚ ਫੱਸ ਗਿਆ ਹੈ ਤਾਂ ਇਹੋ ਜਿਹੇ ਵਿਅਕਤੀਆਂ ਨੂੰ ਸਰਕਾਰੀ ਸਿਹਤ ਕੇਂਦਰ ਤੋਂ ਇਲਾਜ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਓਟ ਕਲੀਨਿਕ ਅਤੇ ਨਸ਼ਾ ਛੁਡਾਉ ਤੇ ਪੁਨਰਵਾਸ ਕੇਂਦਰਾਂ ਰਾਹੀਂ ਪੀੜ੍ਹਤ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ। ਸ਼੍ਰੀ ਸੁਖਬੀਰ ਸਿੰਘ ਨੇ ਦੱਸਿਆ ਕਿ ਵਿਭਾਗ ਕੋਲ ਮਾਹਿਰ ਡਾਕਟਰਾਂ ਤੋਂ ਇਲਾਵਾ ਮਾਹਿਰ ਕਾਉਂਸਲਰ ਵੀ ਮੌਜੂਦ ਹਨ, ਜੋ ਪੀੜ੍ਹਤ ਵਿਅਕਤੀ ਨੂੰ ਨਸ਼ਿਆਂ ਦੀ ਗ੍ਰਿਫ਼ਤ 'ਚੋਂ ਬਾਹਰ ਕੱਢਣ ਲਈ ਉਹਨਾਂ ਨੂੰ ਮਾਨਸਿਕ ਤੌਰ 'ਤੇ ਮਜ਼ਬੂਤ ਕਰਨ ਦਾ ਕੰਮ ਕਰਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਸਰਕਾਰ ਦਾ ਇਹ ਸੁਨੇਹਾ ਵੱਧ ਤੋਂ ਵੱਧ ਲੋਕਾਂ ਤੱਕ ਪਹੁਚਾਉਣ ਦੀ ਅਪੀਲ ਕੀਤੀ।
ਸ਼੍ਰੀ ਸੁਖਬੀਰ ਸਿੰਘ ਨੇ ਵਧੇਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਗਈ ਮੁਹਿੰਮ ਨੂੰ ਸਾਰਿਆਂ ਦੇ ਸਹਿਯੋਗ ਨਾਲ ਹੀ ਨੇਪਰੇ ਚਾੜਿਆ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਜਿਲ੍ਹਾ ਪੱਧਰ 'ਤੇ ਨਸ਼ਾ ਛੁਡਾਊ ਕੇਂਦਰ ਅਤੇ ਮੁੜ ਵਸੇਬਾ ਕੇਂਦਰ ਵਿਚ ਸਰਕਾਰ ਵੱਲੋਂ ਨਸ਼ਾ ਛਡਾਉਣ ਲਈ ਮੁਫ਼ਤ ਸੇਵਾਵਾਂ ਉਪਲਬਧ ਕਵਾਈਆਂ ਜਾ ਰਹੀਆਂ ਹਨ ਅਤੇ ਨਸ਼ਾ ਪੀੜ੍ਹਤ ਵਿਅਕਤੀ ਆਪਣੇ ਘਰ ਦੇ ਨੇੜੇ ਹੀ ਓਟ ਕਲੀਨਿਕ ਤੋਂ ਆਪਣਾ ਇਲਾਜ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਲੋੜਵੰਦ ਵਿਅਕਤੀਆਂ ਨੂੰ ਇਹਨਾਂ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਅਤੇ ਨਸ਼ਾ ਛੱਡ ਕੇ ਇੱਕ ਚੰਗਾ ਸਿਹਤਮੰਦ ਜੀਵਨ ਜਿਉਣਾ ਚਾਹੀਦਾ ਹੈ।
ਸੈਮੀਨਾਰ ਦੌਰਾਨ ਸਕੂਲ ਪ੍ਰਿੰਸੀਪਲ ਅਮਨਜੀਤ ਕੌਰ ਵਲੋਂ ਵੀ ਵਿਦਿਆਰਥੀਆਂ ਨੂੰ ਨਸ਼ਿਆਂ ਖ਼ਿਲਾਫ ਆਵਾਜ਼ ਉਠਾਉਣ ਦੀ ਅਪੀਲ ਕੀਤੀ ਗਈ। ਉਹਨਾਂ ਕਿਹਾ ਕਿ ਸੱਭ ਦੇ ਸਹਿਯੋਗ ਨਾਲ ਹੀ ਪੰਜਾਬ ਸਰਕਾਰ ਦੀ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਨੂੰ ਸਫ਼ਲ ਬਣਾਇਆ ਜਾ ਸਕਦਾ ਹੈ।
ਡਾਕਟਰ ਸ਼ਵੇਤਾ ਰਾਣਾ ਅਤੇ ਡਾ. ਹਰਸ਼ ਸੈਣੀ ਨੇ ਦੱਸਿਆ ਕਿ ਸੈਮੀਨਾਰ ਦੌਰਾਨ ਡੀ.ਏ.ਵੀ ਸਕੂਲ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਉਹਨਾਂ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਲੋਕਾਂ ਖ਼ਾਸਕਰ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਿਹਤਮੰਦ ਜੀਵਨ ਜੀਉਣ ਲਈ ਲਗਾਤਾਰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਨਸ਼ੀਲੇ ਪਦਾਰਥਾਂ ਦਾ ਸੇਵਨ ਵਿਅਕਤੀ, ਪਰਿਵਾਰ ਅਤੇ ਸਮਾਜ ਸੱਭ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਤੋਂ ਬਚਾਅ ਲਈ ਵਧੇਰੇ ਜਾਗਰੂਕ ਹੋਣ ਦੀ ਲੋੜ ਹੈ।
ਜਾਗਰੂਕਤਾ ਸੈਮੀਨਾਰ ਵਿੱਚ ਸਿਵਲ ਹਸਪਤਾਲ ਨੰਗਲ ਤੋਂ ਕਾਊਂਸਲਰ ਸ਼੍ਰੀਮਤੀ ਕਿਰਨ ਅਤੇ ਮੇਲ ਸਟਾਫ਼ ਨਰਸ ਸੂਰਜ ਨੇ ਸ਼ਿਰਕਤ ਕੀਤੀ। ਇਸ ਮੌਕੇ ਐੱਲ.ਐੱਚ.ਵੀ ਰਮੇਸ਼ ਕੌਰ, ਜਸਦੀਪ ਸਿੰਘ ਧਾਲੀਵਾਲ, ਪਰਮਿੰਦਰ ਸਿੰਘ ਗਿੱਲ, ਪ੍ਰਬਜੋਤ ਸਿੰਘ ਬੈਂਸ,ਸੱਜਣ ਕੁਮਾਰ, ਅਮਨਦੀਪ ਸਿੰਘ ਬੈਂਸ, ਸ਼ਿਵ ਕੁਮਾਰ, ਨਵਜੀਤ ਸਿੰਘ, ਬਲਜੀਤ ਕੌਰ,ਇਕਬਾਲ ਕੌਰ, ਸਰਪੰਚ ਸੁਰਿੰਦਰ ਕੁਮਾਰ, ਅੰਮ੍ਰਿਤਪਾਲ ਸਿੰਘ, ਸੁਰਬੀ ਸ਼ਰਮਾ,ਵੀਨਾ ਰਾਣੀ, ਭੁਪਿੰਦਰ ਕੌਰ, ਐੱਲ.ਐੱਚ.ਵੀ ਜਗਮੋਹਨ ਕੌਰ, ਜਸਪ੍ਰੀਤ ਕੌਰ, ਪ੍ਰਿੰਸੀਪਲ ਅਮਨਜੀਤ ਕੌਰ, ਐਲ.ਟੀ ਤਰੁਣ ਅਨੁਰਾਗੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ।