ਕਿਸਾਨਾਂ ਦੀ ਆਈ ਕੇ ਵਾਈ ਸੀ ਕਰਨ ਲਈ ਕੱਲ ਤੋਂ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ: ਮੁੱਖ ਖੇਤੀਬਾੜੀ ਅਫ਼ਸਰ
ਕੰਮ ਵਾਲੇ ਦਿਨਾਂ ਦੌਰਾਨ ਹਰ ਰੋਜ਼ 94 ਪਿੰਡਾਂ ਵਿਚ ਵਿਸ਼ੇਸ਼ ਕੈਂਪ ਲਗਾਏ ਜਾਣਗੇ
ਰੋਹਿਤ ਗੁਪਤਾ
ਗੁਰਦਾਸਪੁਰ: 8 ਅਪ੍ਰੈਲ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਜ਼ਿਲ੍ਹਾ ਗੁਰਦਾਸਪੁਰ ਅੰਦਰ ਇਕ ਲੱਖ ਸਤਰ ਹਜ਼ਾਰ ਲਾਭਪਾਤਰੀ ਕਿਸਾਨ ਹਨ ਜਿਨ੍ਹਾਂ ਦੇ ਖਾਤਿਆਂ ਵਿਚ ਹਰ ਸਾਲ 6000/- ਤਿੰਨ ਬਰਾਬਰ ਕਿਸ਼ਤਾਂ ਵਿਚ ਆ ਰਹੇ ਹਨ। ਤਕਰੀਬਨ 32000 ਲਾਭ ਪਾਤਰੀ ਅਜਿਹੇ ਹਨ ਜੋਂ ਈ ਕੇ ਵਾਈ ਸੀ ਜਾਂ ਹੋਰਨਾਂ ਕਾਰਨਾਂ ਕਰਕੇ 2000/- ਦੀ ਕਿਸ਼ਤ ਲੈਣ ਤੋਂ ਵਾਂਝੇ ਰਹਿ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਾਕਟਰ ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਇਸ ਸਕੀਮ ਤਹਿਤ ਲਾਭ ਲੈਣ ਤੋਂ ਵਾਂਝੇ ਰਹਿ ਰਹੇ ਕਿਸਾਨਾਂ ਦੀ ਈ ਕੇ ਵਾਈ ਸੀ,ਅਧਾਰ ਸੀਡਿੰਗ ਅਤੇ ਲੈਂਡ ਸੀਡਿੰਗ ਕਰਨ ਲਈ 15 ਦਿਨਾਂ ਲਈ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਮਿਤੀ 9 ਅਪ੍ਰੈਲ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਤਹਿਤ ਕੰਮ ਵਾਲੇ ਹਰੇਕ ਦਿਨ 94 ਪਿੰਡਾਂ ਵਿਚ ਖ਼ੇਤੀਬਾੜੀ ਵਿਭਾਗ ਦੇ ਅਧਿਕਾਰੀ / ਕਰਮਚਾਰੀ ਜਾ ਕੇ ਈ ਕੇ ਵਾਈ ਸੀ ਦੇ ਕੰਮ ਨੁੰ ਮੁਕੰਮਲ ਕਰਨਗੇ। ਉਨਾਂ ਦੱਸਿਆ ਕਿ ਇਸ ਸਬੰਧੀ ਹਰੇਕ ਅਧਿਕਾਰੀ/ਕਰਮਚਾਰੀ ਨੂੰ ਪਿੰਡਾਂ ਦੀ ਵੰਡ ਕਰਕੇ ਡਿਊਟੀ ਲਗਾ ਦਿੱਤੀ ਹੈ। ਉਨਾਂ ਦਸਿਆ ਕਿ ਇਹ ਕੈਂਪ ਕਿਸੇ ਸਾਂਝੀ ਜਗ੍ਹਾ ਤੋ ਇਲਾਵਾ ਕਾਮਨ ਸਰਵਿਸ ਸੈਂਟਰ ਜਾਂ ਸਾਂਝੇ ਸੇਵਾ ਕੇਂਦਰਾਂ ਵਿਖੇ ਹੀ ਲਗਾਏ ਜਾਣਗੇ।
ਉਨਾਂ ਦੱਸਿਆ ਕਿ ਇਸ ਕੈਂਪ ਦੌਰਾਨ ਪਾਏ ਗਏ ਅਯੋਗ ਲਾਭਪਾਤਰੀ ਜਿਵੇਂ ਕਿ ਜਿਨਾਂ ਦੀ ਮੌਤ ਹੋ ਚੁੱਕੀ ਹੈ, ਜੋ ਭਾਰਤ ਦੇਸ਼ ਤੋਂ ਬਾਹਰ ਰਹਿੰਦੇ ਹਨ ਜਾਂ ਜੋ ਇਸ ਸਕੀਮ ਦੀਆਂ ਗਾਈਡਲਾਈਨਾ ਅਨੁਸਾਰ ਆਯੋਗ ਹਨ ਉਹਨਾਂ ਦੇ ਖਾਤੇ ਬੰਦ ਕੀਤੇ ਜਾਣਗੇ । ਉਨਾਂ ਕਿਹਾ ਕਿ ਜਿੰਨਾ ਲਾਭਪਾਤਰੀਆਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਦੇ ਵਾਰਸਾਂ ਨੂੰ ਚਾਹੀਦਾ ਹੈ ਕਿ ਮ੍ਰਿਤਕ ਦਾ ਮੌਤ ਦਾ ਸਰਟੀਫਿਕੇਟ ਜਾਂ ਸਰਪੰਚ /ਨੰਬਰਦਾਰ ਦੁਆਰਾ ਲਿਖਿਆ ਪੱਤਰ ਅਤੇ ਖਾਤਾ ਬੰਦ ਕਰਨ ਲਈ ਬਿਨੇਪਤਰ ਸਬੰਧਤ ਅਧਿਕਾਰੀ/ਕਰਮਚਾਰੀ ਕੋਲ ਜਮਾਂ ਕਰਵਾ ਦੇਣ ਤਾਂ ਜੋਂ ਮ੍ਰਿਤਕ ਜਾਂ ਅਯੋਗ ਲਾਭਪਾਤਰੀ ਦਾ ਖਾਤਾ ਬੰਦ ਕਰਨ ਲਈ ਕਾਰਵਾਈ ਕੀਤੀ ਜਾ ਸਕੇ।
ਉਨਾਂ ਸਮੂਹ ਅਧਿਕਾਰੀ/ਕਰਮਚਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਕੈਂਪ ਲਗਾਉਣ ਤੋਂ ਇੱਕ ਦਿਨ ਪਹਿਲਾਂ ਗੁਰਦੁਆਰਾ ਸਾਹਿਬ, ਮੰਦਰ ਜਾਂ ਕਿਸੇ ਹੋਰ ਧਾਰਮਿਕ ਸਥਾਨ ਤੋਂ ਪਿੰਡਾਂ ਵਿਚ ਇਸ ਦੀ ਅਨਾਉਂਸਮੈਂਟ ਕਰਵਾਈ ਜਾਵੇ ਅਤੇ ਟੈਲੀਫੋਨ ਰਾਹੀਂ ਵੀ ਕਿਸਾਨਾਂ ਨੂੰ ਇਸ ਕੈਂਪ ਬਾਰੇ ਸੂਚਿਤ ਕੀਤਾ ਜਾਵੇ।ਉਨਾਂ ਕਿਹਾ ਕਿ ਇਸ ਕੰਮ ਵਿਚ ਡਾਕ ਵਿਭਾਗ ਅਤੇ ਸਾਂਝੇ ਸੇਵਾ ਕੇਂਦਰਾਂ ਦੇ ਸਟਾਫ਼ ਵੱਲੋਂ ਵੀ ਸਹਿਯੋਗ ਕੀਤਾ ਜਾਵੇਗਾ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਪੂਰਾ ਸਹਿਯੋਗ ਕੀਤਾ ਜਾਵੇ ਤਾਂ ਜੋਂ ਲਾਭਪਾਤਰੀਆਂ ਨੂੰ ਬੰਦੀ ਸਹੂਲਤ ਮਿਲ ਸਕੇ।