ਹੈਦਰਾਬਾਦ ਦੇ ਜੰਗਲਾਂ ਦੀ ਕਟਾਈ ਤੇ ਪਸ਼ੂ ਪੰਛੀਆਂ ਦਾ ਉਜਾੜਾ ਹੈਵਾਨੀਅਤ ਵਾਲਾ ਕਾਰਾ - ਸੰਤ ਢੱਕੀ ਸਾਹਿਬ ਵਾਲੇ
ਖੰਨਾ (ਰਵਿੰਦਰ ਸਿੰਘ ਢਿੱਲੋਂ)
ਪਿਛਲੇ ਕਈ ਦਿਨਾਂ ਤੋਂ ਸ਼ੋਸ਼ਲ ਮੀਡੀਆ ਤੇ ਹੈਦਰਾਬਾਦ ਵਿਖੇ 400 ਏਕੜ ਜੰਗਲ ਜਿਸ ਨੂੰ ਬੇਜ਼ੁਬਾਨ ਪਸ਼ੂ ਪੰਛੀਆਂ ਦਾ ਆਸ਼ਿਆਨਾ ਕਿਹਾ ਜਾਂਦਾ ਹੈ ਵਿਕਾਸ ਦੇ ਨਾਮ ਤੇ ਆਈ ਟੀ ਪਾਰਕ ਬਣਾਉਣ ਲਈ ਸਰਕਾਰ ਤੇ ਪ੍ਰਸ਼ਾਸਨ ਨੇ ਰਾਤੋ ਰਾਤ ਜੇ ਸੀ ਬੀ ਮਸ਼ੀਨਾਂ ਤੇ ਬੁਲਡੋਜਰਾਂ ਨਾਲ ਦਰਖਤਾਂ ਨੂੰ ਪੁੱਟ ਸੁੱਟਿਆ ਤੇ ਅੱਗ ਲਗਾ ਦਿੱਤੀ ਜਿਸ ਨਾਲ ਜੰਗਲ ਵਿੱਚ ਰਹਿ ਰਹੇ ਹਾਥੀ ਸ਼ੇਰ ਮਿਰਗ ਹਿਰਨ ਮੋਰ ਤੇ ਹਜਾਰਾਂ ਕਿਸਮ ਦੇ ਜਾਨਵਰ ਕੁਰਲਾ ਉੱਠੇ ਅਣਗਿਣਤ ਪਰਿੰਦੇ ਮਰ ਗਏ ਹਨ। ਇਸ ਸਬੰਧੀ ਵਾਤਾਵਰਣ ਤੇ ਪਸ਼ੂ ਪੰਛੀ ਪਰੇਮੀ ਸੰਤ ਬਾਬਾ ਦਰਸ਼ਨ ਸਿੰਘ ਜੀ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਾਲਿਆਂ ਨੇ ਕਿਹਾ ਕਿ ਸਰਕਾਰ ਵੱਲੋਂ ਵਿਕਾਸ ਦੇ ਨਾਮ ਤੇ ਜੰਗਲਾਂ ਦੀ ਕਟਾਈ ਤੇ ਅਣਗਿਣਤ ਪਸ਼ੂ ਪੰਛੀਆਂ ਦਾ ਉਜਾੜਾ ਤੇ ਉਹਨਾ ਦਾ ਮਾਰੇ ਜਾਣਾ ਕਿਸੇ ਇਨਸਾਨੀਅਤ ਦਾ ਨਹੀਂ ਸਗੋਂ ਹੈਵਾਨੀਅਤ ਵਾਲਾ ਕਾਰਾ ਹੈ। ਉਹਨਾ ਕਿਹਾ ਕਿ ਸ਼ੋਸ਼ਲ ਮੀਡੀਆ ਤੇ ਇਸ ਸਬੰਧੀ ਵਾਇਰਲ ਹੋ ਰਹੀਆਂ ਵੀਡੀਓਜ ਵਿਚ ਕਿਵੇਂ ਬੇਜ਼ੁਬਾਨ ਪਸ਼ੂ ਪੰਛੀ ਕੁਰਲਾ ਰਹੇ ਹਨ ਤੇ ਰੋ ਰਹੇ ਹਨ ਜਿੰਨਾ ਨੂੰ ਦੇਖਕੇ ਦਿਲ ਨੂੰ ਬਹੁਤ ਪੀੜਾ ਹੋ ਰਹੀ ਹੈ ਕਿ ਅੱਜ ਦਾ ਮਨੁੱਖ ਇਨਾ ਗਿਰ ਚੁੱਕਾ ਹੈ ਕਿ ਉਹ ਸਾਮਣੇ ਮਰ ਰਹੇ ਬੇਜ਼ੁਬਾਨਾਂ ਤੇ ਭੋਰਾ ਵੀ ਤਰਸ ਨੀ ਕਰ ਰਿਹਾ। ਉਹਨਾ ਬੜੇ ਅਫਸੋਸ ਨਾਲ ਕਿਹਾ ਕਿ ਅੱਜ ਦੇ ਨੇਤਾਵਾਂ ਨੂੰ ਇਹਨਾ ਬੇਜੁਬਾਨਾਂ ਦੀਆਂ ਚੀਕਾਂ ਪੁਕਾਰਾਂ ਸੁਣਕੇ ਕਿਉਂ ਨੀ ਤਰਸ ਆ ਰਿਹਾ । ਮਹਾਂਪੁਰਖਾਂ ਨੇ ਵਿਸ਼ਵ ਵਿਦਿਆਲਾ ਦੇ ਵਿਦਿਆਰਥੀਆਂ ਦੀ ਸਲਾਘਾ ਕੀਤੀ ਜਿੰਨਾ ਨੇ ਬੇਜੁਬਾਨਿਆਂ ਦੀ ਖਾਤਰ ਰੋਸ ਮੁਜਾਹਰੇ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਿਸ ਕਰਕੇ ਮਾਨਯੋਗ ਸੁਪਰੀਮ ਕੋਰਟ ਨੇ ਇਸ ਜੰਗਲ ਦੀ ਕਟਾਈ ਤੇ ਰੋਕ ਲਗਾ ਦਿੱਤੀ ਹੈ ਜੋ ਕਿ ਸਲਾਘਾਯੋਗ ਫੈਸਲਾ ਹੈ। ਮਹਾਂਪੁਰਸ਼ਾਂ ਨੇ ਕਿਹਾ ਕਿ ਇਸ ਧਰਤੀ ਤੇ ਇਕੱਲੇ ਮਨੁੱਖ ਨੂੰ ਹੀ ਰਹਿਣ ਦਾ ਹੱਕ ਨਹੀਂ ਸਗੋਂ ਪ੍ਰਮਾਤਮਾਂ ਦੇ ਸਾਜੇ ਹੋਏ ਹਰੇਕ ਜੀਵ ਨੂੰ ਇਸ ਧਰਤੀ ਤੇ ਰਹਿਣ ਦਾ ਅਧਿਕਾਰ ਹੈ। ਉਹਨਾ ਕਿਹਾ ਕੀ ਲੋਕਤੰਤਰ ਵਿੱਚ ਇਨਸਾਨ ਹੀ ਸ਼ਾਮਿਲ ਹੈ ਪਸ਼ੂ ਪੰਛੀ ਨਹੀਂ ? ਉਹਨਾ ਕਿਹਾ ਕਿ ਪਸ਼ੂ ਪੰਛੀਆਂ ਦੀਆਂ ਚੀਕਾਂ ਕੂਕ ਪੁਕਾਰਾਂ ਕੀ ਇਨਸਾਨੀਅਤ ਲਈ ਕੋਈ ਮਾਇਨਾ ਨਹੀ ਰੱਖਦੀਆਂ ? ਕੀ ਵਿਕਾਸ ਦੇ ਨਾਮ ਤੇ ਬੇਜੁਬਾਨਿਆਂ ਨਾਲ ਅਨਿਆਏ ਕਰਨਾਂ ਠੀਕ ਹੈ ਆਦਿਕ ਸਵਾਲ ਇਨਸਾਨ ਤੋਂ ਜਵਾਬ ਮੰਗਦੇ ਹਨ। ਮਹਾਂਪੁਰਸ਼ਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਜੰਗਲਾਂ ਦੀ ਅੰਧਾਧੁੰਦ ਕਟਾਈ ਬੰਦ ਕਰਵਾਉਣ ਲਈ ਤੇ ਬੇਜ਼ੁਬਾਨ ਪਸ਼ੂ ਪੰਛੀਆਂ ਦੇ ਰੱਖ ਰਖਾਬ ਲਈ ਸਾਰਥਿਕ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਕਿ ਪ੍ਰਮਾਤਮਾਂ ਦਾ ਸਾਜਿਆ ਹੋਇਆ ਹਰੇਕ ਜੀਵ ਜੰਤੂ ਇਸ ਧਰਤੀ ਤੇ ਸੁੱਖ ਦਾ ਸਾਹ ਲੈ ਸਕੇ । ਉਹਨਾ ਕਿਹਾ ਕਿ ਜੇ ਜੰਗਲ ਹੀ ਨਾ ਰਹੇ ਤਾਂ ਜੰਗਲੀ ਜੀਵ ਜੰਤੂ ਕਿਵੇਂ ਬਚਣਗੇ ।