ਸਫਾਈ ਦੇ ਸੰਬੰਧ ਵਿੱਚ ਮਾਡਲ ਸ਼ਹਿਰ ਬਣੇਗਾ ਰੂਪਨਗਰ: ਤਰੁਨਪ੍ਰੀਤ ਸਿੰਘ ਸੌਂਦ
ਕੈਬਿਨੇਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਮਨੀਸ਼ ਸਿਸੋਦੀਆ ਅਤੇ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਚੱਢਾ ਨੇ
ਸ਼ਹਿਰ ਦਾ ਦੌਰਾ ਕੀਤਾ
ਸ਼ਹਿਰ ਵਿਚ ਮੁਹਈਆ ਕਰਵਾਈਆਂ ਜਾ ਰਹੀਆਂ ਬੁਨਿਆਦੀ ਸਹੂਲਤਾਂ ਅਤੇ ਕੀਤੇ ਜਾਣ ਵਾਲੇ ਅਤਿ ਜਰੂਰੀ ਵਿਕਾਸ ਕਾਰਜਾਂ ਉੱਤੇ ਚਰਚਾ ਕੀਤੀ
ਰੂਪਨਗਰ, 8 ਅਪ੍ਰੈਲ – ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਅੱਜ ਜਾਣਕਾਰੀ ਦਿੰਦਿਆਂ ਕਿਹਾ ਕਿ
ਰੂਪਨਗਰ ਨੂੰ ਜਲਦੀ ਹੀ ਸਾਫ਼-ਸਫ਼ਾਈ ਦੇ ਸੰਬੰਧ ਵਿੱਚ ਮਾਡਲ ਸ਼ਹਿਰ ਵਜੋਂ ਵਿਕਸਿਤ ਕੀਤਾ ਜਾਵੇਗਾ। ਇਸ ਮੌਕੇ ਸ਼੍ਰੀ ਮਨੀਸ਼ ਸਿਸੋਦੀਆ ਅਤੇ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਕੁਮਾਰ ਚੱਢਾ ਵੀ ਹਾਜ਼ਰ ਸਨ।
ਉਨ੍ਹਾਂ ਸ਼ਹਿਰ ਦਾ ਦੌਰਾ ਕਰਦਿਆਂ ਸ਼ਹਿਰ ਵਿਚ ਮੁਹਈਆ ਕਰਵਾਈਆਂ ਜਾ ਰਹੀਆਂ ਬੁਨਿਆਦੀ ਸਹੂਲਤਾਂ ਅਤੇ ਕੀਤੇ ਜਾਣ ਵਾਲੇ ਅਤਿ ਜਰੂਰੀ ਵਿਕਾਸ ਕਾਰਜਾਂ ਉੱਤੇ ਚਰਚਾ ਕੀਤੀ ਅਤੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰੂਪਨਗਰ ਵਿੱਚ ਸਫਾਈ, ਵਾਤਾਵਰਣ ਸੰਭਾਲ, ਟ੍ਰੈਫਿਕ ਪ੍ਰਬੰਧ ਅਤੇ ਆਧੁਨਿਕ ਬੁਨਿਆਦੀ ਢਾਂਚੇ ਦੀ ਵਿਸ਼ੇਸ਼ ਯੋਜਨਾ ਤਹਿਤ ਵਿਕਾਸ ਕੀਤਾ ਜਾਵੇਗਾ।
ਸ਼੍ਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਇਹ ਯੋਜਨਾ ਸਿਰਫ ਕਾਗਜ਼ੀ ਨਹੀਂ ਰਹੇਗੀ, ਸਗੋਂ ਮੌਕੇ ’ਤੇ ਲਾਗੂ ਕੀਤੇ ਜਾਣ ਵਾਲੇ ਫੈਸਲਿਆਂ ਰਾਹੀਂ ਰੂਪਨਗਰ ਦੀ ਤਸਵੀਰ ਬਦਲੀ ਜਾਵੇਗੀ। ਸ਼ਹਿਰ ਵਿੱਚ ਨਵੀਂ ਸਫਾਈ ਮਸ਼ੀਨਰੀ ਲਿਆਂਦੀ ਜਾਵੇਗੀ, ਘਰ-ਘਰ ਕੂੜਾ ਇਕੱਠਾ ਕਰਨ ਦੀ ਵਿਵਸਥਾ ਵਿੱਚ ਹੋਰ ਸੁਧਾਰ ਕੀਤਾ ਜਾਵੇਗਾ ਅਤੇ ਕੂੜਾ ਪ੍ਰਬੰਧਨ ਲਈ ਰੀ-ਸਾਈਕਲਿੰਗ ਯੂਨਿਟ ਵੀ ਕਾਇਮ ਕੀਤਾ ਜਾਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਇਹ ਪੂਰਾ ਪ੍ਰਾਜੈਕਟ ਆਮ ਲੋਕਾਂ ਦੀ ਭਾਗੀਦਾਰੀ ਨਾਲ ਅੱਗੇ ਵਧਾਇਆ ਜਾਵੇਗਾ, ਜਿਸ ਵਿੱਚ ਨਗਰ ਨਿਗਮ, ਸਥਾਨਕ ਨਿਵਾਸੀ, ਅਤੇ ਗੈਰ-ਸਰਕਾਰੀ ਸੰਗਠਨਾਂ ਦੀ ਭੂਮਿਕਾ ਮਹੱਤਵਪੂਰਣ ਹੋਵੇਗੀ।
ਇਸ ਮੌਕੇ ਵਿਧਾਇਕ ਚੱਢਾ ਨੇ ਰੂਪਨਗਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿੱਚ ਸਰਕਾਰ ਦਾ ਸਾਥ ਦੇਣ ਅਤੇ ਆਪਣੇ ਸ਼ਹਿਰ ਨੂੰ ਮਿਸਾਲੀ ਬਣਾਉਣ ਵਿੱਚ ਭਰਪੂਰ ਯੋਗਦਾਨ ਪਾਉਣ।
ਉਨ੍ਹਾਂ ਦੱਸਿਆ ਕਿ ਇਹ ਦੇਖਣ ਵਿੱਚ ਆਉਂਦਾ ਹੈ ਕਿ ਕੁਝ ਲੋਕ ਆਪਣੇ ਘਰਾਂ ਦਾ ਕੂੜਾ ਸੜਕਾਂ ਅਤੇ ਚੌਰਾਹਿਆਂ ਵਿੱਚ ਸੁੱਟ ਦਿੰਦੇ ਹਨ ਜਿਸ ਕਾਰਨ ਸ਼ਹਿਰ ਵਿੱਚ ਜਿਆਦਾ ਗੰਦਗੀ ਫੈਲਦੀ ਹੈ। ਜਿਸ ਲਈ ਜਰੂਰੀ ਹੈ ਕਿ ਅਸੀਂ ਸਾਰੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਆਪਣੇ ਆਲੇ-ਦੁਆਲੇ ਦੀ ਸਾਫ਼-ਸਫਾਈ ਦਾ ਧਿਆਨ ਖੁਦ ਰੱਖੀਏ।
ਇਸ ਮੌਕੇ ਡਿਪਟੀ ਕਮਿਸ਼ਨਰ ਵਰਜੀਤ ਸਿੰਘ ਵਾਲੀਆ, ਏ ਡੀ ਸੀ ਵਿਕਾਸ ਚੰਦਰਜਯੋਤੀ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।
2 | 8 | 5 | 1 | 4 | 0 | 1 | 6 |