ਖਾਨਾ ਪੂਰਤੀ ਨਾਲ ਨਹੀਂ ਚਲਣਾ ਕੰਮ, ਸਾਰੇ ਪ੍ਰਵਾਸੀ ਕਿਰਾਏਦਾਰਾਂ ਦੀ ਹੋਈ ਸ਼ਨਾਖਤ
ਸਨਾਤਨ ਕ੍ਰਾਂਤੀ ਦਲ ਨੇ ਇੱਕ ਵਾਰ ਫਿਰ ਸ਼ਹਿਰ ਵਿੱਚ ਰਹਿ ਰਹੇ ਸਾਰੇ ਪ੍ਰਵਾਸੀਆਂ ਦੀ ਸ਼ਨਾਖਤ ਕਰਨ ਦੀ ਚੁੱਕੀ ਮੰਗ
ਰੋਹਿਤ ਗੁਪਤਾ
ਗੁਰਦਾਸਪੁਰ , 4 ਅਪ੍ਰੈਲ 2025 :
ਸ਼ਹਿਰ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਬਾਹਰੋਂ ਆ ਕੇ ਵੱਸ ਚੁੱਕੇ ਪ੍ਰਵਾਸੀਆਂ ਦੀ ਸ਼ਨਾਖਤ ਦੀ ਮੰਗ ਨੂੰ ਲੈ ਕੇ ਗੁਰਦਾਸਪੁਰ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਇੱਕ ਮੰਚ ਤੇ ਆ ਕੇ ਸਾਂਝੇ ਤੌਰ ਤੇ ਇੱਕ ਜਥੇਬੰਦੀ ਦਾ ਗਠਨ ਕੀਤਾ ਗਿਆ ਸੀ ਜਿਸ ਨੂੰ ਸਨਾਤਨ ਕ੍ਰਾਂਤੀ ਦਲ ਦਾ ਨਾਮ ਦਿੱਤਾ ਗਿਆ ਸੀ। ਸਨਾਤਨ ਕ੍ਰਾਂਤੀ ਦਲ ਵੱਲੋਂ ਜਿਲਾ ਅਧਿਕਾਰੀਆਂ ਨੂੰ ਮਿਲਣ ਅਤੇ ਸੰਘਰਸ਼ ਦੀ ਚੇਤਾਵਨੀ ਦੇਣ ਤੋਂ ਬਾਅਦ ਵੱਖ-ਵੱਖ ਪੁਲਿਸ ਥਾਣਿਆਂ ਵੱਲੋਂ ਸ਼ਹਿਰ ਵਿੱਚ ਰਹਿ ਰਹੇ ਪ੍ਰਵਾਸੀਆਂ ਦੀ ਸ਼ਨਾਖਤ ਕਰਨੀ ਸ਼ੁਰੂ ਕਰ ਦਿੱਤੀ ਗਈ ਸੀ ਪਰ ਕੁਝ ਦਿਨ ਹੀ ਇਹ ਕੰਮ ਤੇਜ਼ੀ ਨਾਲ ਹੋਇਆ ਉਸ ਤੋਂ ਬਾਅਦ ਮੁੜ ਤੋਂ ਇਸ ਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ। ਸਨਾਤਨ ਕ੍ਰਾਂਤੀ ਦਲ ਦਾ ਦਾਅਵਾ ਹੈ ਕਿ ਇਕੱਲੇ ਗੁਰਦਾਸਪੁਰ ਸ਼ਹਿਰ ਵਿੱਚ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਵਾਸੀ ਬਿਨਾਂ ਆਪਣੀ ਪਹਿਚਾਣ ਉਜਾਗਰ ਕੀਤੇ ਰਹਿ ਰਹੇ ਹਨ । ਇਹ ਲੋਕ ਸ਼ਹਿਰ ਦੀ ਕਾਨੂੰਨ ਵਿਵਸਥਾ ਅਤੇ ਭਾਈਚਾਰੇ ਲਈ ਕਦੀ ਵੀ ਖਤਰਾ ਬਣ ਸਕਦੇ ਹਨ ਅਤੇ ਇਹਨਾਂ ਵਿੱਚੋਂ ਜੇਕਰ ਕੋਈ ਅਪਰਾਧ ਕਰਕੇ ਸ਼ਹਿਰੋਂ ਬਾਹਰ ਨਿਕਲ ਜਾਂਦਾ ਹੈ ਤਾਂ ਪੁਲਿਸ ਕਦੇ ਵੀ ਉਸਦੀ ਪਹਿਚਾਣ ਨਹੀਂ ਕਰ ਪਾਵੇਗੀ ਇਸ ਲਈ ਇਹਨਾਂ ਦੀ ਸ਼ਨਾਖਤ ਦਾ ਕੰਮ ਸਿਰਫ ਖਾਨਾ ਪੂਰਤੀ ਲਈ ਨਹੀਂ ਹੋਣਾ ਚਾਹੀਦਾ । ਆਪਣੀ ਇਸ ਮੰਗ ਨੂੰ ਲੈ ਕੇ ਸਨਾਤਨ ਕ੍ਰਾਤੀ ਦਲ ਨੇ ਮੁੜ ਤੋਂ ਸੰਘਰਸ਼ ਛੇੜਨ ਦਾ ਐਲਾਨ ਕਰ ਦਿੱਤਾ ਹੈ।