← ਪਿਛੇ ਪਰਤੋ
Babushahi Special ਜੇਲ੍ਹ ਦੀਆਂ ਰੋਟੀਆਂ ਤੋੜਨ ਲਈ ਅਦਾਲਤ ਨੇ ਸਲਾਖਾਂ ਪਿੱਛੇ ਭੇਜੀ ਕਾਲੀ ਥਾਰ ਵਾਲੀ ਬੀਬੀ ਅਸ਼ੋਕ ਵਰਮਾ ਬਠਿੰਡਾ,8 ਅਪ੍ਰੈਲ 2025:ਲੰਘੇ ਬੁੱਧਵਾਰ ਨੂੰ ਤਕਰੀਬਨ 17 ਗ੍ਰਾਮ ਚਿੱਟੇ ਵਰਗੇ ਹਾਨੀਕਾਰਕ ਨਸ਼ੇ ਸਮੇਤ ਗ੍ਰਿਫਤਾਰ ਪੰਜਾਬ ਪੁਲਿਸ ਦੀ ਬਰਖਾਸਤ ਹੈਡ ਕਾਂਸਟੇਬਲ ਅਮਨਦੀਪ ਕੌਰ ਨੂੰ ਜਿਲ੍ਹਾ ਅਦਾਲਤ ਬਠਿੰਡਾ ਨੇ 14 ਦਿਨ ਦੀ ਅਦਾਲਤੀ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਹੈ। ਇਸ ਮੌਕੇ ਐਸਪੀ ਸਿਟੀ ਅਤੇ ਡੀਐਸਪੀ ਸਿਟੀ ਦੀ ਅਗਵਾਈ ਹੇਠ ਪੁਲਿਸ ਨੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਸਨ। ਪਹਿਲੇ ਦਿਨ ਮੀਡੀਆ ਕੋਲ ਪੁਲਿਸ ਕਾਰਵਾਈ ਨੂੰ ਝੂਠਾ ਕਹਿਣ ਕਾਰਨ ਚੌਕਸ ਹੋਏ ਪੁਲਿਸ ਪ੍ਰਸ਼ਾਸ਼ਨ ਨੇ ਅਮਨਦੀਪ ਨੂੰ ਪੁਲਿਸ ਦੇ ਕਰੜੇ ਪਹਿਰੇ ਹੇਠ ਅਦਾਲਤ ’ਚ ਪੇਸ਼ ਕਰਨ ਲਈ ਲਿਆਂਦਾ ਸੀ। ਹਾਲਾਂਕਿ ਤੀਸਰੀ ਵਾਰ ਲਿਆ ਰਿਮਾਂਡ ਖਤਮ ਹੋਣ ਤੋਂ ਪਹਿਲਾਂ ਪੁਲਿਸ ਅਮਨਦੀਪ ਕੌਰ ਦੇ ਨਜ਼ਦੀਕੀ ਸਾਥੀ ਬਲਵਿੰਦਰ ਸਿੰਘ ਉਰਫ ਸੋਨੂੰ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਦੋਵਾਂ ਤੋਂ ਆਹਮੋ ਸਾਹਮਣੇ ਅਤੇ ਵੱਖੋ ਵੱਖਰੇ ਪੁੱਛਗਿਛ ਕਰਨਾ ਚਾਹੁੰਦੀ ਸੀ ਪਰ ਸੋਨੂੰ ਦੇ ਗ੍ਰਿਫਤਾਰ ਨਾਂ ਹੋਣ ਕਾਰਨ ਪੁਲਿਸ ਦੇ ਦਿਲ ਦੀਆਂ ਦਿਲ ਵਿੱਚ ਹੀ ਰਹਿ ਗਈਆਂ ਹਨ। ਉਂਜ ਆਪਣੇ ਸੇਵਾਕਾਲ ਦੌਰਾਨ ਕਈ ਹਾਈਪ੍ਰੋਫਾਈਲ ਮਾਮਲਿਆਂ ਦੀ ਤਫਤੀਸ਼ ਕਰ ਚੁੱਕੇ ਇੱਕ ਸੇਵਾਮੁਕਤ ਡੀਐਸਪੀ ਦਾ ਕਹਿਣਾ ਸੀ ਕਿ ਜਦੋਂ ਪੁਲਿਸ ਨੇ ਬਲਵਿੰਦਰ ਸਿੰਘ ਉਰਫ ਸੋਨੂੰ ਗ੍ਰਿਫਤਾਰ ਕਰ ਲਿਆ ਤਾਂ ਪੁਲਿਸ ਕੋਲ ਅਦਾਲਤ ਰਾਹੀਂ ਟਰਾਂਜਿਟ ਰਿਮਾਂਡ ਹਾਸਲ ਕਰਨ ਉਪਰੰਤ ਦੋਵਾਂ ਤੋਂ ਪੁੱਛ ਪੜਤਾਲ ਦੇ ਬਦਲ ਮੌਜੂਦ ਹਨ। ਓਧਰ ਬਲਵਿੰਦਰ ਸਿੰਘ ਸੋਨੂੰ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਨੇ ਯਤਨ ਤੇਜ ਕਰ ਦਿੱਤੇ ਹਨ। ਬਠਿੰਡਾ ਪੁਲਿਸ ਨੇ ਹਰਿਆਣਾ ਪੁਲਿਸ ਦੀ ਸਹਾਇਤਾ ਨਾਲ ਬਲਵਿੰਦਰ ਸਿੰਘ ਦੇ ਸਿਰਸਾ ਜਿਲ੍ਹੇ ’ਚ ਪੈਂਦੇ ਪਿੰਡ ਨਾਨਕਪੁਰ ਵਿੱਚ ਛਾਪਾ ਮਾਰਕੇ ਉਸਦੇ ਘਰੇ ਖਲੋਤਾ ਬੁਲੇਟ ਮੋਟਰਸਾਈਕਲ ਬਰਾਮਦ ਕਰ ਲਿਆ ਹੈ। ਇਹ ਉਹ ਬੁਲੇਟ ਹੈ ਜਿਸ ਤੇ ਉਹ ਬਠਿੰਡਾ ਅਦਾਲਤ ਵਿੱਚ ਪੁਲਿਸ ਪ੍ਰਸ਼ਾਸ਼ਨ ਅਤੇ ਮੀਡੀਆ ਦੀ ਹਾਜ਼ਰੀ ਵਿੱਚ ਆਪਣੀ ਕਥਿਤ ਪਤਨੀ ਗੁਰਮੀਤ ਕੌਰ ਦੀ ਜਬਰਦਸਤ ਕੁੱਟਮਾਰ ਕਰਨ ਮਗਰੋਂ ਭੱਜਿਆ ਸੀ। ਪੁਲਿਸ ਹੁਣ ਸੋਨੂੰ ਨੂੰ ਕਾਬੂ ਕਰਨ ਲਈ ਹਰਿਆਣਾ ਤੋਂ ਅੱਗੇ ਜਾਣ ਵਾਲੇ ਰਸਤਿਆਂ ਦੀ ਪੁਣਛਾਣ ਕਰ ਰਹੀ ਹੈ। ਸੂਤਰਾਂ ਮੁਤਾਬਕ ਪੁਲਿਸ ਇਹ ਵੀ ਮੰਨ ਕੇ ਚੱਲ ਰਹੀ ਹੈ ਕਿ ਜਾਂਚ ਨੂੰ ਭਟਕਾਉਣ ਲਈ ਸੋਨੂੰ ਹਰਿਆਣਾ ਤੋਂ ਪੰਜਾਬ ਪਰਤ ਸਕਦਾ ਹੈ ਜਦੋਂਕਿ ਪੁਲਿਸ ਦੀ ਇਹ ਵੀ ਥਿਊਰੀ ਹੈ ਕਿ ਸੋਨੂੰ ਕਿਧਰੇ ਅੱਗੇ ਚਲਾ ਗਿਆ ਹੈ। ਸੂਤਰ ਦੱਸਦੇ ਹਨ ਕਿ ਫਰਾਰ ਹੋਣ ਤੋਂ ਪਹਿਲਾਂ ਸੋਨੂੰ ਪਿੰਡ ਗਹਿਰੀ ਦੇ ਦੋ ਬਾਬਿਆਂ ਨੂੰ ਮਿਲਿਆ ਸੀ। ਪੁਲਿਸ ਨੇ ਗਹਿਰੀ ਦੇ ਇੰਨ੍ਹਾਂ ਦੋਵਾਂ ਬਾਬਿਆਂ ਤੋ ਵੀ ਪੁੱਛ ਪੜਤਾਲ ਕਰਨ ਮਗਰੋਂ ਛੱਡ ਦਿੱਤਾ ਹੈ। ਬਾਬਿਆਂ ਨੂੰ ਮਿਲਣ ਤੋਂ ਬਾਅਦ ਸੋਨੂੰ ਨੇ ਆਪਣਾ ਫੋਨ ਬੰਦ ਕਰ ਲਿਆ ਅਤੇ ਇੱਕ ਕਾਰ ਰਾਹੀਂ ਕਿਸੇ ਅਣਦੱਸੀ ਥਾਂ ਵੱਲ ਫਰਾਰ ਹੋ ਗਿਆ। ਪੁਲਿਸ ਨੂੰ ਸੋਨੂੰ ਦੀ ਵਰੁਨਾ ਕਾਰ ਵੀ ਮਿਲ ਗਈ ਹੈ ਜੋ ਉਸ ਨੇ ਬਾਬਿਆਂ ਕੋਲ ਖੜ੍ਹੀ ਕੀਤੀ ਸੀ। ਅੱਜ ਅਦਾਲਤ ਵਿੱਚ ਪੇਸ਼ ਕਰਨ ਤੋਂ ਪਹਿਲਾਂ ਪੁਲਿਸ ਦੇ ਸੀਆਈਏ ਸਟਾਫ ਤੋਂ ਇਲਾਵਾ ਹੋਰ ਵੱਖ ਵੱਖ ਅਧਿਕਾਰੀਆਂ ਨੇ ਅਮਨਦੀਪ ਕੌਰ ਤੋਂ ਵੀ ਲੰਮੀ ਪੁੱਛਗਿਛ ਕੀਤੀ ਹੈ । ਮੁਅੱਤਲੀ ਦਾ ਵੀ ਰਿਕਾਰਡ ਕਾਇਮ ਬੇਸ਼ਕੀਮਤੀ ਘੜੀਆਂ, ਐਨਕਾਂ ਅਤੇ ਲਗਜ਼ਰੀ ਗੱਡੀਆਂ ਦੀ ਸ਼ੌਕੀਨ ਅਮਨਦੀਪ ਕੌਰ ਨੇ ਆਪਣੀ ਨੌਕਰੀ ਦੌਰਾਨ 4 ਵਾਰ ਮੁਅੱਤਲ ਹੋਕੇ ਵੀ ਇੱਕ ਤਰਾਂ ਨਾਲ ਰਿਕਾਰਡ ਕਾਇਮ ਕੀਤਾ ਹੈ। ਸਾਲ 2014 ’ਚ ਅਮਨਦੀਪ ਨੂੰ ਵੀਆਈਪੀ ਡਿਊਟੀ ਦੌਰਾਨ ਗੈਰਹਾਜ਼ਰ ਰਹਿਣ ਅਤੇ ਡ੍ਰਿਲ ਇੰਸਪੈਕਟਰ ਨਾਲ ਬਦਤਮੀਜੀ ਕਰਨ ਕਾਰਨ ਮੁਅੱਤਲ ਕੀਤਾ ਗਿਆ ਸੀ। ਦੂਸਰੀ ਵਾਰ ਅਮਨਦੀਪ ਸਾਲ 2019 ’ਚ ਚੋਣ ਵਰਗੀ ਮਹੱਤਵਪੂਰਨ ਡਿਊਟੀ ਤੋਂ ਗੈਰਹਾਜ਼ਰ ਰਹਿਣ ਕਾਰਨ ਮੁਅੱਤਲ ਹੋਈ ਸੀ। ਅਮਨਦੀਪ ਖਿਲਾਫ 31 ਮਈ 2022 ਨੂੰ ਐਫਆਈਆਰ ਨੰਬਰ 20 ਤਹਿਤ ਜਦੋਂ ਨਸ਼ਾ ਐਨਡੀਪੀਐਸ ਕੇਸ ਦਰਜ ਹੋਇਆ ਤਾਂ ਉਸ ਨੂੰ ਮਅੱਤਲੀ ਦਾ ਸਾਹਮਣਾ ਕਰਨਾ ਪਿਆ ਸੀ। ਇਸੇ ਤਰਾਂ ਮਈ 2024 ’ਚ ਅਮਨਦੀਪ ਕੌਰ ਨੇ ਮਾਨਸਾ ਪੁਲਿਸ ਲਾਈਨ ਵਿੱਚ ਇੱਕ ਹੈਡ ਕਾਂਸਟੇਬਲ ਨਾਲ ਦੁਰਵਿਹਾਰ ਕੀਤਾ ਤਾਂ ਮੁਅੱਤਲ ਹੋਈ ਸੀ। ਇਹ ਹੈ ਅਮਨਦੀਪ ਮਾਮਲਾ ਲੰਘੇ ਬੁੱਧਵਾਰ 2 ਅਪ੍ਰੈਲ ਨੂੰ ਐਟੀ ਨਾਰਕੋਟਿਕਸ ਟਾਸਕ ਫੋਰਸ ਅਤੇ ਬਠਿੰਡਾ ਪੁਲਿਸ ਨੇ ਬਾਦਲ ਰੋਡ ਤੇ ਨਾਕਾ ਲਾਇਆ ਹੋਇਆ ਸੀ। ਇਸ ਮੌਕੇ ਪੁਲਿਸ ਨੇ ਇੱਕ ਕਾਲੀ ਥਾਰ ਆਈ ਜੋ ਪੁਲਿਸ ਨੂੰ ਦੇਖਕੇ ਰੁਕ ਗਈ ਅਤੇ ਇਸੇ ਦੌਰਾਨ ਇੱਕ ਔਰਤ ਖਿੜਕੀ ਖੋਹਲ ਕੇ ਭੱਜਣ ਲੱਗੀ ਜਿਸ ਨੂੰ ਮਹਿਲਾ ਪੁਲਿਸ ਕਰਮਚਾਰੀਆਂ ਦੀ ਸਹਾਇਤਾ ਨਾਲ ਗ੍ਰਿਫਤਾਰ ਕਰ ਲਿਆ। ਪੁਲਿਸ ਵੱਲੋਂ ਗ੍ਰਿਫਤਾਰ ਔਰਤ ਦੀ ਪਛਾਣ ਅਮਨਦੀਪ ਕੌਰ ਪੁੱਤਰੀ ਰਸਵੰਤ ਸਿੰਘ ਵਾਸੀ ਚੱਕ ਫਤਿਹ ਸਿੰਘ ਵਾਲਾ ਵਜੋਂ ਹੋਈ ਸੀ ਜੋ ਪੰਜਾਬ ਪੁਲਿਸ ’ਚ ਹੈਡ ਕਾਂਸਟੇਬਲ ਸੀ। ਪੁਲਿਸ ਨੇ ਅਮਨਦੀਪ ਤੋਂ 17.7 ਗ੍ਰਾਮ ਚਿੱਟਾ ਬਰਾਮਦ ਕੀਤਾ ਸੀ। ਘਟਨਾ ਵਾਲੀ ਥਾਂ ਤੋਂ ਪੁਲਿਸ ਨੇ ਦੋ ਮੋਬਾਇਲ ਫੋਨ ਅਤੇ ਇੱਕ ਲੈਪਟਾਪ ਵੀ ਜਬਤ ਕੀਤਾ ਸੀ। ਪੁਲਿਸ ਵੱਲੋਂ ਖੁਲਾਸਿਆਂ ਤੋਂ ਨਾਂਹ ਡੀਐਸਪੀ ਸਿਟੀ ਸਰਬਜੀਤ ਸਿੰਘ ਦਾ ਕਹਿਣਾ ਸੀ ਕਿ ਅਦਾਲਤ ਨੇ ਅਮਨਦੀਪ ਕੌਰ ਨੂੰ 14 ਦਿਨਾਂ ਲਈ ਅਦਾਲਤੀ ਹਿਰਾਸਤ ’ਚ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਜਿਸ ਦੇ ਮੁਕੰਮਲ ਹੋਣ ਤੋਂ ਬਾਅਦ ਚਲਾਨ ਅਦਾਲਤ ’ਚ ਪੇਸ਼ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਰਿਮਾਂਡ ਦੌਰਾਨ ਪੁਲਿਸ ਦੇ ਕਾਫੀ ਤੱਥ ਹੱਥ ਲੱਗੇ ਹਨ ਜਿਨ੍ਹਾਂ ਨੂੰ ਜਾਂਚ ਪ੍ਰਭਾਵਿਤ ਹੋਣ ਦੇ ਡਰੋਂ ਉਹ ਜਨਤਕ ਤੌਰ ਤੇ ਕੋਈ ਜਾਣਕਾਰੀ ਨਹੀਂ ਦੇ ਸਕਦੇ ਹਨ। ਊਨ੍ਹਾਂ ਕਿਹਾ ਕਿ ਅਮਨਦੀਪ ਕੌਰ ਦੇ ਸਾਥੀ ਬਲਵਿੰਦਰ ਸਿੰਘ ਸੋਨੂੰ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
Total Responses : 0