ਲਾਲਪੁਰਾ ਵੱਲੋਂ ਮਨੋਰੰਜਨ ਕਾਲੀਆ ਦੇ ਘਰ ਹੋਏ ਗ੍ਰਨੇਡ ਹਮਲੇ ਦੀ ਸਖ਼ਤ ਨਿੰਦਾ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ, 8 ਅਪ੍ਰੈਲ 2025: ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਅਤੇ ਸੀਨੀਅਰ ਭਾਜਪਾ ਆਗੂ ਸਰਦਾਰ ਇਕਬਾਲ ਸਿੰਘ ਲਾਲਪੁਰਾ ਨੇ ਪੰਜਾਬ ਦੇ ਸਾਬਕਾ ਮੰਤਰੀ ਸ਼੍ਰੀ ਮਨੋਰੰਜਨ ਕਾਲੀਆ ਦੇ ਜਲੰਧਰ ਵਿਖੇ ਘਰ ‘ਤੇ ਹੋਏ ਗ੍ਰਨੇਡ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।
ਲਾਲਪੁਰਾ ਨੇ ਕਿਹਾ, “ਇਹ ਹਮਲਾ ਸਿਰਫ਼ ਇੱਕ ਵਿਅਕਤੀ ‘ਤੇ ਨਹੀਂ, ਸਗੋਂ ਪੰਜਾਬ ਦੀ ਸ਼ਾਂਤੀ, ਲੋਕਤੰਤਰ ਅਤੇ ਕਾਨੂੰਨ-ਵਿਵਸਥਾ ‘ਤੇ ਸਿੱਧਾ ਹਮਲਾ ਹੈ। ਅਜਿਹੀਆਂ ਘਟਨਾਵਾਂ ਰਾਜ ਵਿਚ ਡਰ ਦਾ ਮਾਹੌਲ ਪੈਦਾ ਕਰ ਰਹੀਆਂ ਹਨ। ਇਹ ਹਮਲਾ ਸਾਬਤ ਕਰਦਾ ਹੈ ਕਿ ਪੰਜਾਬ ਵਿਚ ਅਪਰਾਧੀਆਂ ਦੇ ਹੋਂਸਲੇ ਕਿੰਨੇ ਬੁਲੰਦ ਹਨ ਅਤੇ ਉਨ੍ਹਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ।”
ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ। “ਭਗਵੰਤ ਮਾਨ ਜੀ, ਤੁਸੀਂ ਨਾ ਸਿਰਫ਼ ਇੱਕ ਨਾਕਾਮ ਮੁੱਖ ਮੰਤਰੀ ਸਾਬਤ ਹੋਏ ਹੋ, ਸਗੋਂ ਗ੍ਰਿਹ ਮੰਤਰੀ ਵਜੋਂ ਵੀ ਤੁਸੀਂ ਕਾਨੂੰਨ-ਵਿਵਸਥਾ ਨੂੰ ਤਬਾਹ ਕਰ ਦਿੱਤਾ ਹੈ। ਜੇ ਤੁਸੀਂ ਲੋਕਾਂ ਨੂੰ ਸੁਰੱਖਿਆ ਨਹੀਂ ਦੇ ਸਕਦੇ, ਤਾਂ ਤੁਰੰਤ ਅਸਤੀਫਾ ਦੇਵੋ।”
ਲਾਲਪੁਰਾ ਨੇ ਕਿਹਾ ਕਿ ਭਾਜਪਾ ਆਗੂਆਂ ਅਤੇ ਵਰਕਰਾਂ ਨੂੰ ਡਰਾਉਣ ਦੀਆਂ ਇਹ ਸਾਜ਼ਿਸ਼ਾਂ ਸਾਨੂੰ ਸੱਚਾਈ ਅਤੇ ਰਾਸ਼ਟਰ ਸੇਵਾ ਦੇ ਰਾਹ ਤੋਂ ਹਟਾ ਨਹੀਂ ਸਕਦੀਆਂ। ਉਨ੍ਹਾਂ ਨੇ ਪੰਜਾਬ ਪੁਲਿਸ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਦੀ ਨਿਰਪੱਖ ਅਤੇ ਤੁਰੰਤ ਜਾਂਚ ਕਰਾਈ ਜਾਵੇ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।
ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਪੰਜਾਬ ਵਿਚ ਵਧ ਰਹੀ ਅਨ੍ਹਿ ਵਿਵਸਥਾ ਨੂੰ ਦੇਖਦਿਆਂ ਲਾਜ਼ਮੀ ਦਖਲਅੰਦਾਜ਼ੀ ਕੀਤੀ ਜਾਵੇ।