ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਿਆਸਤ ਲਈ ਵਰਤਣਾ ਜਾਇਜ਼ ਨਹੀਂ: ਕਾਮਰੇਡ ਸੁਖਵਿੰਦਰ ਸਿੰਘ ਸੇਖੋਂ
ਅਸ਼ੋਕ ਵਰਮਾ
ਬਠਿੰਡਾ, 3 ਅਪਰੈਲ 2025:ਸ੍ਰੀ ਅਕਾਲ ਤਖ਼ਤ ਸਾਹਿਬ ਮਹਾਨ ਧਾਰਮਿਕ ਅਸਥਾਨ ਹੈ, ਇਸ ਨੂੰ ਸਿਆਸਤ ਲਈ ਵਰਤਣਾ ਜਾਇਜ਼ ਨਹੀਂ। ਇਹ ਵਿਚਾਰ ਪ੍ਰਗਟ ਕਰਦਿਆਂ ਸੀ ਪੀ ਆਈ ਐੱਮ ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਇਸ ਮੁਕੱਦਸ ਅਸਥਾਨ ਦੀ ਰਾਜਨੀਤੀ ਲਈ ਵਰਤੋਂ ਕਰਨ ਦੀ ਕਿਸੇ ਵੀ ਧਿਰ ਨੂੰ ਇਜਾਜਤ ਨਹੀਂ ਹੋਣੀ ਚਾਹੀਦੀ। ਕਾ: ਸੇਖੋਂ ਨੇ ਮਦੁਰਾਇ ਤਾਮਿਲਨਾਡੂ ਤੋਂ ਫੋਨ ਰਾਹੀਂ ਇਸ ਪੱਤਰਕਾਰ ਨਾਲ ਗੱਲ ਕਰਦਿਆਂ ਕਿਹਾ ਕਿ ਧਰਮ ਤੇ ਰਾਜਨੀਤੀ ਵੱਖ ਵੱਖ ਰਸਤੇ ਹਨ। ਹੁਣ ਸ੍ਰੋਮਣੀ ਅਕਾਲੀ ਦਲ ਦੋ ਧੜਿਆਂ ਵਿੱਚ ਵੰਡਿਆ ਜਾ ਚੁੱਕਾ ਹੈ, ਜਿਸਦੀ ਭਰਤੀ ਚੱਲ ਰਹੀ ਹੈ। ਇੱਕ ਧੜੇ ਵੱਲੋਂ ਕੀਤੀ ਜਾ ਰਹੀ ਭਰਤੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਨਾਂ ਵਰਤਿਆ ਜਾ ਰਿਹਾ ਹੈ, ਜੋ ਜਾਇਜ਼ ਨਹੀਂ ਹੈ। ਇਸ ਭਰਤੀ ਲਈ ਛਪਾਈਆਂ ਰਸੀਦਾਂ ਉੱਪਰ ਦਰਜ ਹੈ, ‘‘ ਇਹ ਭਰਤੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਾਹਿਬਾਨ ਦੁਆਰਾ ਬਣਾਈ ਭਰਤੀ ਕਮੇਟੀ ਰਾਹੀਂ ਕੀਤੀ ਜਾ ਰਹੀ ਹੈ।’’
ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਭ ਦਾ ਸਾਂਝਾ ਹੈ ਅਤੇ ਸਿੱਖ ਦੇਸ਼ ਦੀਆਂ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਵਿੱਚ ਕੰਮ ਕਰਦੇ ਹਨ। ਇਸ ਤਰ੍ਹਾਂ ਤਾਂ ਕੋਈ ਹੋਰ ਪਾਰਟੀ ਵੀ ਇਸ ਪਵਿੱਤਰ ਅਸਥਾਨ ਦਾ ਨਾਂ ਵਰਤਣ ਦੀ ਕੋਸ਼ਿਸ਼ ਕਰ ਸਕਦੀ ਹੈ। ਕਾ: ਸੇਖੋਂ ਨੇ ਕਿਹਾ ਕਿ ਜੇਕਰ ਕੋਈ ਹੋਰ ਪਾਰਟੀ ਅਜਿਹਾ ਕਰਨਾ ਚਾਹੇ ਤਾਂ ਕੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਾਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਵਾਨ ਕਰ ਲੈਣਗੇ? ਇਹ ਪਿਰਤ ਧਾਰਮਿਕ ਮਰਯਾਦਾ ਨੂੰ ਵੀ ਠੇਸ ਪਹੁੰਚਾਉਣ ਵਾਲੀ ਹੈ। ਉਹਨਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਇਸ ਪਵਿੱਤਰ ਅਸਥਾਨ ਦਾ ਰਾਜਨੀਤੀ ਲਈ ਨਾਂ ਵਰਤੇ ਜਾਣ ਤੋਂ ਰੋਕਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ। ਇੱਕ ਸਵਾਲ ਦੇ ਜੁਆਬ ਵਿੱਚ ਕਾ: ਸੇਖੋਂ ਨੇ ਕਿਹਾ ਕਿ ਪੰਜਾਬ ਵਿੱਚ ਪੁਲਿਸ ਮੁਕਾਬਲਿਆਂ ਅਤੇ ਥਾਨਿਆਂ ਨੇੜੇ ਹੋਣ ਵਾਲੇ ਧਮਾਕੇ ਆਉਣ ਵਾਲੇ ਦਿਨਾਂ ਲਈ ਚਿੰਤਾ ਪੈਦਾ ਕਰਦੇ ਹਨ, ਪਰ ਭਗਵੰਤ ਮਾਨ ਸਰਕਾਰ ਲੋਕਾਂ ਦਾ ਧਿਆਨ ਲਾਂਭੇ ਕਰਨ ਲਈ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ।