ਨਾਇਰਾ ਕਾਜਲਾ ਨੇ ਰੋਪੜ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ: ਵਿਸ਼ਵ ਪ੍ਰਸਿੱਧ “ਇੰਡੀਆ ਬੁੱਕ ਆਫ਼ ਰਿਕਾਰਡਸ” (IBR) ਵਿੱਚ ਨਾਮ ਦਰਜ
* ਡੀਸੀ ਵਰਜੀਤ ਵਾਲੀਆ ਨੇ ਕੀਤਾ ਸਨਮਾਨਿਤ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 3 ਅਪ੍ਰੈਲ 2025: ਨਾਇਰਾ ਕਾਜਲਾ ਨੇ ਆਪਣੀ ਬੇਮਿਸਾਲ ਮੇਹਨਤ ਅਤੇ ਲਗਨ ਨਾਲ ਨਾ ਸਿਰਫ਼ ਪੰਜਾਬ ਬਲਕਿ ਪੂਰੇ ਭਾਰਤ ਦਾ ਨਾਮ ਅੰਤਰਰਾਸ਼ਟਰੀ ਪੱਧਰ ’ਤੇ ਰੋਸ਼ਨ ਕੀਤਾ ਹੈ। ਸਿਰਫ਼ 7 ਸਾਲ 6 ਮਹੀਨਿਆਂ ਦੀ ਉਮਰ ਵਿੱਚ ਇੰਟਰਨੈਸ਼ਨਲ ਓਲੰਪਿਆਡ ਆਫ਼ ਇੰਗਲਿਸ਼ ਲੈਂਗਵੇਜ 2024 (SilverZone Foundation ਵੱਲੋਂ ਆਯੋਜਿਤ) ਵਿੱਚ ਚੌਥਾ ਸਥਾਨ ਹਾਸਲ ਕਰਕੇ ‘Medal of Excellence’ ਜਿੱਤਣ ਵਾਲੀ ਨਾਇਰਾ ਨੂੰ ‘Hall of Fame’ ਪ੍ਰਮਾਣ ਪੱਤਰ ਨਾਲ ਸਨਮਾਨਿਤ ਕੀਤਾ ਗਿਆ। ਇਸ ਸ਼ਾਨਦਾਰ ਉਪਲਬਧੀ ਲਈ ਇੰਡੀਆ ਬੁੱਕ ਆਫ਼ ਰਿਕਾਰਡਸ (IBR) ਨੇ ਉਨ੍ਹਾਂ ਨੂੰ ‘IBR Achiever’ ਦੇ ਖ਼ਿਤਾਬ ਨਾਲ ਨਿਵਾਜ਼ਿਆ ਹੈ। ਅੱਜ ਨਾਇਰਾ ਕਾਜਲਾ ਨੂੰ ਡੀਸੀ ਵਰਜੀਤ ਵਾਲੀਆ ਨੇ ਸਨਮਾਨਿਤ ਕੀਤਾ।
ਡੀਸੀ ਵਰਜੀਤ ਵਾਲੀਆ ਨੇ ਕਿਹਾ ਕਿ ਬੱਚੀ ਨੇ ਨਾ ਕੇਵਲ ਜਿਲੇ ਦਾ ਬਲਕਿ ਪੂਰੇ ਭਾਰਤ ਦਾ ਨਾਂ ਵਿਸ਼ਵ ਭਰ ਵਿੱਚ ਰੌਸ਼ਨ ਕੀਤਾ। ਨਾਇਰਾ ਕਾਜਲਾ ਪ੍ਰਸਿੱਧ ਕਾਜਲਾ ਪਰਿਵਾਰ ਨਾਲ ਸੰਬੰਧਤ ਹੈ, ਜੋ ਕਿ ਸਮਾਜ ਸੇਵਾ ਅਤੇ ਰਾਜਨੀਤੀ ਵਿਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਦੇ ਦਾਦਾ ਸ਼੍ਰੀ ਜਗਦੀਸ਼ ਚੰਦਰ ਕਾਜਲਾ ਭਾਜਪਾ ਮੰਡਲ ਪ੍ਰਧਾਨ ਅਤੇ ਸਾਬਕਾ ਕੌਂਸਲਰ, ਸਿਆਸਤਦਾਨ ਹਨ, ਜਿਨ੍ਹਾਂ ਨੇ ਸ਼ਹਿਰ ਦੇ ਵਿਕਾਸ ਅਤੇ ਲੋਕ-ਸੇਵਾ ਵਿੱਚ ਯੋਗਦਾਨ ਪਾਇਆ ਹੈ। ਉਨ੍ਹਾਂ ਦੀ ਸਮਾਜ ਸੇਵਾ, ਗਰੀਬਾਂ ਦੀ ਸਹਾਇਤਾ ਅਤੇ ਵਿਦਿਆਰਥੀਆਂ ਲਈ ਸਿੱਖਿਆ ਦੇ ਪ੍ਰਚਾਰ-ਪਸਾਰ ਵਾਸਤੇ ਕੀਤੀਆਂ ਕੋਸ਼ਿਸ਼ਾਂ ਨੂੰ ਸਾਰੇ ਰੋਪੜ ਜ਼ਿਲ੍ਹੇ ਵਿੱਚ ਸਤਿਕਾਰ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ।
ਨਾਇਰਾ ਦੀ ਇਸ ਕਾਮਯਾਬੀ ਪਿੱਛੇ ਉਨ੍ਹਾਂ ਦੇ ਮਾਤਾ-ਪਿਤਾ, ਸ਼੍ਰੀਮਤੀ ਮੰਜੂ ਕਾਜਲਾ ਅਤੇ ਸ਼੍ਰੀ ਵਿਕਾਸ ਕਾਜਲਾ ਦੇ ਅਥਕ ਯਤਨ ਅਤੇ ਸਮਰਪਣ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਨੇ ਬਚਪਨ ਤੋਂ ਹੀ ਨਾਇਰਾ ਦੀ ਸਿੱਖਿਆ ਅਤੇ ਬੌਧਿਕ ਵਿਕਾਸ ਉੱਤੇ ਖਾਸ ਧਿਆਨ ਦਿੱਤਾ, ਜਿਸ ਕਾਰਨ ਉਹ ਇੰਨੀ ਛੋਟੀ ਉਮਰ ਵਿੱਚ ਇਹ ਮਹਾਨ ਉਪਲਬਧੀ ਹਾਸਲ ਕਰ ਸਕੀ। ਨਾਇਰਾ ਵਰਤਮਾਨ ਵਿੱਚ ਪਹਿਲੀ ਕਲਾਸ ਵਿੱਚ ਪੜ੍ਹ ਰਹੀ ਹੈ ਅਤੇ ਸ਼ੁਰੂ ਤੋਂ ਹੀ ਪੜ੍ਹਾਈ ਪ੍ਰਤੀ ਬਹੁਤ ਸਮਰਪਿਤ ਅਤੇ ਮੇਹਨਤੀ ਰਹੀ ਹੈ।
ਨਾਇਰਾ ਨੂੰ ਪੜ੍ਹਾਈ ਵਿੱਚ ਗਹਿਰੀ ਰੁਚੀ ਹੈ ਅਤੇ ਉਹ ਭਵਿੱਖ ਵਿੱਚ ਵੀ ਵਿਦਿਆ ਖੇਤਰ ਵਿੱਚ ਵੱਡੀਆਂ ਉਪਲਬਧੀਆਂ ਹਾਸਲ ਕਰਨ ਦਾ ਸੁਪਨਾ ਵੇਖਦੀ ਹੈ। ਉਨ੍ਹਾਂ ਦੀ ਇਹ ਪ੍ਰਾਪਤੀ ਇਹ ਸਾਬਤ ਕਰਦੀ ਹੈ ਕਿ ਠੀਕ ਮਾਰਗਦਰਸ਼ਨ ਅਤੇ ਮੇਹਨਤ ਨਾਲ ਬੱਚੇ ਕਿਸੇ ਵੀ ਉਚਾਈ ਨੂੰ ਛੂਹ ਸਕਦੇ ਹਨ।
ਨਾਇਰਾ ਕਾਜਲਾ ਦੀ ਇਸ ਅੰਤਰਰਾਸ਼ਟਰੀ ਪ੍ਰਾਪਤੀ ਨੇ ਪੂਰੇ ਰੋਪੜ ਸ਼ਹਿਰ ਨੂੰ ਗੌਰਵਾਨਵਿਤ ਕੀਤਾ ਹੈ। ਉਨ੍ਹਾਂ ਦੀ ਕਾਮਯਾਬੀ ਨਾ ਸਿਰਫ਼ ਉਨ੍ਹਾਂ ਦੇ ਪਰਿਵਾਰ, ਬਲਕਿ ਪੂਰੇ ਪੰਜਾਬ ਦੇ ਬੱਚਿਆਂ ਲਈ ਪ੍ਰੇਰਣਾਦਾਇਕ ਹੈ। ਉਨ੍ਹਾਂ ਦੇ ਦਾਦਾ ਸ਼੍ਰੀ ਜਗਦੀਸ਼ ਚੰਦਰ ਕਾਜਲਾ ਦੇ ਸਮਾਜ ਸੇਵਾ ਦੇ ਕਾਰਜਾਂ ਦੀ ਤਰ੍ਹਾਂ ਹੀ ਨਾਇਰਾ ਵੀ ਭਵਿੱਖ ਵਿੱਚ ਸਮਾਜ ਲਈ ਯੋਗਦਾਨ ਪਾਉਣ ਦਾ ਸੁਪਨਾ ਵੇਖਦੀ ਹੈ।
ਉਨ੍ਹਾਂ ਦੀ ਇਸ ਕਾਮਯਾਬੀ ’ਤੇ ਪੂਰੇ ਸ਼ਹਿਰ ਅਤੇ ਸਮਾਜ ਦੇ ਲੋਕਾਂ ਨੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਹਨ ਅਤੇ ਉਨ੍ਹਾਂ ਦੇ ਉੱਜਲ ਭਵਿੱਖ ਦੀ ਕਾਮਨਾ ਕੀਤੀ ਹੈ।
ਇਸ ਮੌਕੇ ਸੀਨੀਅਰ ਐਡਵੋਕੇਟ ਜੇਪੀਐਸ ਢੇਰ , ਕ੍ਰਿਸ਼ਨ ਕੁਮਾਰ ਅੱਤਰੀ, ਨਾਇਰਾ ਦੇ ਦਾਦੀ ਸੰਤੋਸ਼ ਰਾਣੀ ਜੀ, ਐਡਵੋਕੇਟ ਅਮਨਪ੍ਰੀਤ ਸਿੰਘ ਕਾਬੜਵਾਲ, ਹਿੰਮਤ ਸਿੰਘ ਗਿਰਨ ਆਦਿ ਮੌਜੂਦ ਸਨ।