ਬਠਿੰਡੇ ਦਾ ਮੌਜੂਦਾ ਬੱਸ ਅੱਡਾ ਸ਼ਿਫਟ ਕਰਨਾ ਲੋਕਾਂ ਨਾਲ ਧੱਕਾ - ਨਾਗਰਿਕ ਚੇਤਨਾ ਮੰਚ
ਅਸ਼ੋਕ ਵਰਮਾ
ਬਠਿੰਡਾ, 3 ਅਪ੍ਰੈਲ 2025 : ਨਾਗਰਿਕ ਚੇਤਨਾ ਮੰਚ ਬਠਿੰਡਾ ਨੇ ਸ਼ਹਿਰ ਦਾ ਮੌਜੂਦਾ ਬੱਸ ਅੱਡਾ ਸ਼ਿਫਟ ਕਰਕੇ ਮਲੋਟ ਰੋਡ ਤੇ ਲਿਜਾਣ ਨੂੰ ਲੋਕਾਂ ਨਾਲ ਧੱਕਾ ਕਰਾਰ ਦਿੰਦਿਆਂ ਪੰਜਾਬ ਸਰਕਾਰ ਤੋਂ ਇਹ ਫੈਸਲਾ ਵਾਪਸ ਲੈਣ ਦੀ ਮੰਗ ਕੀਤੀ ਹੈ। ਮੰਚ ਦੇ ਪ੍ਰਧਾਨ ਸੇਵਾ ਮੁਕਤ ਪ੍ਰਿੰਸੀਪਲ ਬੱਗਾ ਸਿੰਘ ਅਤੇ ਆਗੂ ਡਾਕਟਰ ਅਜੀਤ ਪਾਲ ਸਿੰਘ ਨੇ ਕਿਹਾ ਕਿ ਸ਼ਹਿਰ ਵਿੱਚੋਂ ਭੀੜ ਭੜੱਕਾ ਖਤਮ ਕਰਨ ਲਈ ਲੁਧਿਆਣਾ ਦੀ ਤਰਜ ਤੇ ਐਲੀਵੇਟਿਡ ਰੋਡ ਬਣਾਈ ਜਾ ਸਕਦੀ ਹੈ। ਉਹਨਾਂ ਕਿਹਾ ਕਿ ਇਹ ਸੜਕ ਲੁਧਿਆਣਾ ਨਾਲੋਂ ਘੱਟ ਹੋਵੇਗੀ ਜਿਸ ਨਾਲ ਵੱਡੀ ਪੱਧਰ ਤੇ ਆਵਾਜਾਈ ਨੂੰ ਰਾਹਤ ਮਿਲੇਗੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਲੋਕਾਂ ਦੀ ਸਹੂਲਤ ਵੱਲ ਧਿਆਨ ਦੇਣਾ ਚਾਹੀਦਾ ਹੈ ਨਾ ਕਿ ਕਲੋਨੀਆਂ ਕੱਟਣ ਵਾਲਿਆਂ ਲਈ ਜੋ ਕਿ ਇਸ ਪ੍ਰੋਜੈਕਟ ਨੂੰ ਮੁਨਾਫੇ ਲਈ ਵਰਤਣਾ ਚਾਹੁੰਦੇ ਹਨ।
ਉਹਨਾਂ ਕਿਹਾ ਕਿ ਪਟਿਆਲਾ ਅੰਮ੍ਰਿਤਸਰ ਅਤੇ ਹੋਰ ਥਾਵਾਂ ਤੇ ਬੱਸ ਅੱਡਿਆਂ ਦੀ ਦਿੱਕਤ ਖਤਮ ਕਰ ਦਿੱਤੀ ਗਈ ਹੈ ਤਾਂ ਬਠਿੰਡੇ ਵਿੱਚ ਅਜਿਹਾ ਕਰਨ ਦੌਰਾਨ ਕਿਹੜੀ ਸਮੱਸਿਆ ਹੈ। ਆਗੂਆਂ ਨੇ ਕਿਹਾ ਕਿ ਬਠਿੰਡਾ ਦੇ ਮੌਜੂਦਾ ਬੱਸ ਅੱਡੇ ਦੇ ਨਜ਼ਦੀਕ ਜ਼ਿਲ੍ਹੇ ਦੀਆਂ ਕਚਹਿਰੀਆਂ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ , ਕਾਲਜ ਅਤੇ ਹੋਰ ਵੱਖ-ਵੱਖ ਅਦਾਰੇ ਹਨ ਜਿਸ ਨਾਲ ਰੋਜਾਨਾ ਆਉਣ ਜਾਣ ਵਾਲਿਆਂ ਨੂੰ ਵੱਡੀ ਸਹੂਲਤ ਮਿਲ ਰਹੀ ਹੈ। ਆਗੂਆਂ ਨੇ ਕਿਹਾ ਕਿ ਜੇਕਰ ਬੱਸ ਅੱਡਾ ਸ਼ਿਫਟ ਕਰ ਦਿੱਤਾ ਜਾਂਦਾ ਹੈ ਤਾਂ ਇਸ ਨਾਲ ਨਾ ਕੇਵਲ ਲੋਕਾਂ ਦਾ ਸਮਾਂ ਬਰਬਾਦ ਹੋਵੇਗਾ ਬਲਕਿ ਪੈਸਾ ਵੀ ਜਿਆਦਾ ਖਰਚ ਹੋਣ ਦੇ ਅਨੁਮਾਨ ਹਨ। ਉਹਨਾਂ ਪੰਜਾਬ ਸਰਕਾਰ ਤੋਂ ਬੱਸ ਅੱਡਾ ਬਠਿੰਡਾ ਸ਼ਹਿਰੋਂ ਬਾਹਰ ਸ਼ਿਫਟ ਕਰਨ ਵਾਲਾ ਫੈਸਲਾ ਵਾਪਸ ਲੈਣ ਦੀ ਮੰਗ ਕੀਤੀ ਹੈ।