ਧਰਤੀ ਹੇਠਲੇ ਪਾਣੀ ਦੇ ਡਿਗਦੇ ਪੱਧਰ ਨੂੰ ਰੋਕਣ ਲਈ ਜ਼ਿਲ੍ਹਾ ਅੰਮ੍ਰਿਤਸਰ ਵਿੱਚ 11 ਪ੍ਰੋਜੈਕਟਾਂ ਦੀ ਤਜਵੀਜ਼
- 1 ਕਰੋੜ 88 ਲੱਖ ਰੁਪਏ ਆਉਣਗੇ ਖਰਚ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 3 ਅਪ੍ਰੈਲ 2025 - ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਦੇ ਤਹਿਤ ਭੂਮੀ ਤੇ ਜਲ ਸੰਭਾਲ ਵਿਭਾਗ ਵਲੋ ਜ਼ਮੀਨ ਦੇ ਡਿਗਦੇ ਪਾਣੀ ਦੇ ਪੱਧਰ ਨੂੰ ਰੋਕਣ ਲਈ ਨਹਿਰੀ ਮੋਘਿਆਂ ਤੋਂ ਸਿੰਚਾਈ ਕਰਨ ਹਿੱਤ ਜ਼ਿਲ੍ਹਾ ਅੰਮ੍ਰਿਤਸਰ ਵਿੱਚ 11 ਪ੍ਰੋਜੈਕਟਾਂ ਰਾਹੀਂ ਲਗਭਗ 365 ਹੈਕ ਰਕਬਾ ਕਵਰ ਕਰਨ ਦੀ ਤਜਵੀਜ਼ ਤਿਆਰ ਕੀਤੀ ਗਈ ਹੈ, ਇਸ ਬਾਬਤ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਦੀ ਪ੍ਰਧਾਨਗੀ ਹੇਠ ਇਕ ਮੀਟਿੰਗ ਕੀਤੀ ਜਿਸ ਵਿੱਚ ਮੰਡਲ ਭੂਮੀ ਰੱਖਿਆ ਅਫ਼ਸਰ, ਅੰਮ੍ਰਿਤਸਰ ਸ਼੍ਰੀ ਰਵਿੰਦਰ ਸਿੰਘ, ਉਪ ਮੰਡਲ ਅਫ਼ਸਰ ਨਹਿਰੀ ਵਿਭਾਗ ਜਸਕਰਨ ਸਿੰਘ ਅਤੇ ਖੇਤੀਬਾੜੀ ਵਿਭਾਗ ਤੋਂ ਪੀ. ਡੀ ਹਰਨੇਕ ਸਿੰਘ ਸ਼ਾਮਿਲ ਹੋਏ ।
ਇਸ ਬਾਰੇ ਜਾਣਕਾਰੀ ਦਿੰਦਿਆ ਮੰਡਲ ਭੂਮੀ ਰੱਖਿਆ ਅਫ਼ਸਰ, ਅੰਮ੍ਰਿਤਸਰ ਸ਼੍ਰੀ ਰਵਿੰਦਰ ਸਿੰਘ ਵਲੋ ਦਸਿਆ ਗਿਆ ਹੈ ਕਿ 11 ਪਿੰਡਾਂ - ਕੋਹਾਲਾ, ਵਰਿਆਮ ਨੰਗਲ, ਗੁੰਨੋਵਾਲ, ਕਾਵੇ ਲੇਲੀਆਂ, ਬੂਆ ਨੰਗਲੀ, ਪਠਾਨ ਨੰਗਲ, ਕੰਦੋਵਾਲੀ, ਗੁੱਜਰਪੁਰਾ, ਸਹਿਨੇਵਾਲੀ, ਕੱਥੂਨੰਗਲ ਅਤੇ ਕੁਮਾਸਕਾ ਵਿੱਚ ਕੁੱਲ 11 ਪ੍ਰੋਜੈਕਟਾਂ ਰਾਹੀਂ ਨਹਿਰੀ ਮੋਘਿਆਂ ਤੋਂ ਸਿੰਚਾਈ ਲਈ ਪਾਣੀ ਮੁੱਹਈਆ ਕਰਵਾਇਆ ਜਾਵੇਗਾ, ਜਿਸ ਉਪਰ ਸਰਕਾਰ ਵੱਲੋਂ 1 ਕਰੋੜ 88 ਲੱਖ ਰੁਪਏ ਖਰਚ ਕੀਤੇ ਜਾਣਗੇ। ਜਿਹਨਾ ਦੁਆਰਾ 178 ਲਾਭਪਾਤਰੀਆਂ ਨੂੰ ਖੇਤੀ ਲਈ ਪਾਣੀ ਮੁੱਹਈਆ ਕਰਵਾਇਆ ਜਾਵੇਗਾ ਤਾਂਜੋ ਧਰਤੀ ਹੇਠਲੇ ਪਾਣੀ ਦੇ ਪੱਧਰ ਡਿੱਗਣ ਤੋਂ ਬਚਾਇਆ ਜਾ ਸਕੇ ਅਤੇ ਕਿਸਾਨਾਂ ਦੀਆਂ ਫਸਲਾਂ ਦਾ ਝਾੜ ਵੀ ਵਧਾਇਆ ਜਾ ਸਕੇ। ਉਨਾਂ ਦੱਸਿਆ ਕਿ ਜਮੀਨੀ ਹੇਠਲੇ ਪਾਣੀ ਦੀ ਹੋ ਰਹੀ ਅਨ੍ਹੀ ਵਰਤੋਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਰਕਾਰ ਨੇ ਪੰਜਾਬ ਦੇ ਖੇਤਾਂ ਵਿੱਚ ਟੇਲਾਂ ਤੱਕ ਨਹਿਰੀ ਪਾਣੀ ਪੁੱਜਦਾ ਕਰਨਾ ਸ਼ੁਰੂ ਕਰ ਦਿੱਤਾ ਹੈ।ਉਨਾਂ ਕਿਹਾ ਕਿ ਧਰਤੀ ਹੇਠਲਾ ਪਾਣੀ ਹੋਰ ਹੇਠਾਂ ਜਾਣ ਕਰਕੇ ਕਈ ਇਲਾਕਿਆਂ ਵਿੱਚ ਖ਼ਤਰੇ ਵਾਲੀ ਸਥਿਤੀ ਪੈਦਾ ਹੋ ਗਈ ਹੈ। ਇਸ ਖ਼ਤਰੇ ਨੂੰ ਦੂਰ ਕਰਨ ਲਈ ਧਰਤੀ ਹੇਠਲੇ ਪਾਣੀ ਤੋਂ ਆਤਮ ਨਿਰਭਰਤਾ ਘੱਟ ਕਰਨ ਲਈ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾਇਆ ਜਾ ਰਿਹਾ ਹੈ।