ਹੜ੍ਹਾਂ ਦੇ ਬਚਾਅ ਲਈ ਬਰਸਾਤਾਂ ਤੋਂ ਪਹਿਲਾਂ ਹੀ ਪੁਖਤਾ ਪ੍ਰਬੰਧ ਕੀਤੇ ਜਾਣ ਦੇ ਨਿਰਦੇਸ਼ ਜਾਰੀ
ਪਟਿਆਲਾ 3 ਅਪ੍ਰੈਲ 2025 - ਅਗਾਮੀ ਮਾਨਸੂਨ ਮੌਸਮ ਨੂੰ ਮੁੱਖ ਰੱਖਦੇ ਹੋਏ ਹੜ੍ਹਾਂ ਦੇ ਬਚਾਅ ਲਈ ਡਿਪਟੀ ਕਮਿਸ਼ਨਰ ਡਾ: ਪ੍ਰੀਤੀ ਯਾਦਵ ਨੇ ਸਮੂਹ ਵਿਭਾਗਾਂ ਨਾਲ ਮੀਟਿੰਗ ਕਰਦਿਆਂ ਆਦੇਸ਼ ਦਿੱਤੇ ਕਿ ਬਰਸਾਤਾਂ ਤੋਂ ਪਹਿਲਾਂ ਪਹਿਲਾਂ ਸਾਰੇ ਪੁਖਤਾ ਪ੍ਰਬੰਧ ਹੋਣੇ ਚਾਹੀਦੇ ਹਨ । ਉਹਨਾਂ ਕਿਹਾ ਕਿ ਡਰੇਨੇਜ ਵਿਭਾਗ ਅਤੇ ਹੋਰ ਵਿਭਾਗਾਂ ਦੀ ਰਿਪੋਰਟ ਰੋਜ਼ਾਨਾ ਡਿਪਟੀ ਕਮਿਸ਼ਨਰ ਦਫਤਰ ਪਹੁੰਚਣੀ ਯਕੀਨੀ ਬਣਾਈ ਜਾਵੇ । ਉਹਨਾਂ ਕਿਹਾ ਕਿ ਕਿਸੇ ਕੰਮ ‘ਚ ਕੋਈ ਕੁਤਾਹੀ ਨਾ ਵਰਤੀ ਜਾਵੇ ਅਤੇ ਸਮੂਹ ਅਧਿਕਾਰੀ ਸਾਰੇ ਕੰਮਾਂ ਦੀ ਨਿਗਰਾਨੀ ਖੁਦ ਕਰਨ ।
ਡਾ: ਪ੍ਰੀਤੀ ਯਾਦਵ ਨੇ ਕਿਹਾ ਕਿ ਪਿਛਲੇ ਸਾਲ ਦੌਰਾਨ ਜਿਨ੍ਹਾਂ ਖੇਤਰਾਂ ਵਿੱਚ ਬਰਸਾਤਾਂ ਦੇ ਮੌਸਮ ਦੌਰਾਨ ਹੜ੍ਹ ਆਏ ਸਨ ਉਹਨਾਂ ਖੇਤਰਾਂ ‘ਚ ਵਿਸ਼ੇਸ਼ ਤੌਰ ‘ਤੇ ਕੰਮ ਕੀਤਾ ਜਾਵੇ । ਉਹਨਾਂ ਪਿੰਡਾਂ ਵਿੱਚ ਹਰੇਕ ਸਬ ਡਵੀਜ਼ਨ ਪੱਧਰ ‘ਤੇ ਫਲੱਡ ਕੰਟਰੋਲ ਰੂਮ ਸਥਾਪਤ ਕਰਨ ਦੀ ਹਦਾਇਤ ਕੀਤੀ ।
ਡਿਪਟੀ ਕਮਿਸ਼ਨਰ ਨੇ ਜਲ ਨਿਕਾਸ, ਸਿੰਚਾਈ , ਲੋਕ ਨਿਰਮਾਣ , ਮੰਡੀ ਬੋਰਡ, ਜਲ ਸਪਲਾਈ ਤੇ ਸੀਵਰੇਜ ਬੋਰਡ, ਸਥਾਨਕ ਸਰਕਾਰਾਂ ਸਮੇਤ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹੜ੍ਹਾਂ ਤੋਂ ਬਚਾਅ ਲਈ ਬਣਾਈ ਯੋਜਨਾ ਦੀ ਸਮੀਖਿਆ ਕਰਦਿਆਂ ਕਿਹਾ ਕਿ ਸੰਭਾਵਤ ਹੜਾਂ ਵਾਲੇ ਸੰਵੇਦਨਸ਼ੀਲ ਸਥਾਂਨਾਂ ਅਤੇ ਨੀਵੇਂ ਖੇਤਰਾਂ ਲਈ ਵਿਸ਼ੇਸ਼ ਕਾਰਜ ਯੋਜਨਾ ਤੇ ਕੰਮ ਕੀਤਾ ਜਾਵੇ ।
ਡਾ: ਪ੍ਰੀਤੀ ਯਾਦਵ ਨੇ ਸਿਹਤ ਤੇ ਖੁਰਾਕ ਤੇ ਸਿਵਲ ਸਪਲਾਈਜ਼, ਲੋਕ ਨਿਰਮਾਣ ਵਿਭਾਗ, (ਬੀ.ਐਂਡ.ਆਰ) ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਆਫਤ ਪ੍ਰਬੰਧਨ ਯੋਜਨਾ ਤੇ ਚਰਚਾ ਵੀ ਕੀਤੀ । ਇਸ ਤੋਂ ਇਲਾਵਾ ਪੁਲੀਆਂ, ਨਹਿਰਾਂ, ਨਾਲਿਆਂ ਤੇ ਛੱਪੜਾਂ ਆਦਿ ਦੀ ਸਾਫ ਸਫਾਈ, ਨਿਰਵਿਘਨ ਸਪਲਾਈ;, ਸੜਕਾਂ ਦਾ ਰੋਡ ਮੈਪ ਤਿਆਰ ਕਰਨ ਨੂੰ ਵੀ ਕਿਹਾ ।
ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਇਸ਼ਾ ਸਿੰਗਲ (ਸ਼ਹਿਰੀ ਅਤੇ ਪੇਂਡੂ ਵਿਕਾਸ) , ਜ਼ਿਲ੍ਹਾ ਮਾਲ ਅਫਸਰ ਨਵਦੀਪ ਸਿੰਘ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਸ਼ਾਮਲ ਸਨ ।