ਨਰਮੇ ਦੀ ਫਸਲ ਖਾਤਰ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਖੇਤੀ ਵਿਗਿਆਨੀਆਂ ਨੇ ਸਿਰ ਜੋੜੇ
ਅਸ਼ੋਕ ਵਰਮਾ
ਬਠਿੰਡਾ, 19 ਮਾਰਚ 2025 : ਸਾਲ 2025-26 ਵਿੱਚ ਨਰਮੇ ਦੀ ਖੇਤੀ ਨੂੰ ਪ੍ਰਫੁਲਿਤ ਕਰਨ ਲਈ ਉਪ-ਕੁਲਪਤੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਡਾ. ਸਤਬੀਰ ਸਿੰਘ ਗੋਸਲ ਦੀ ਪ੍ਰਧਾਨਗੀ ਹੇਠ ਸਥਾਨਕ ਖੇਤੀ ਭਵਨ ਵਿਖੇ ਅੰਤਰ-ਰਾਜੀ ਸਲਾਹਕਾਰ ਅਤੇ ਮੋਨਟਰਿੰਗ ਕਮੇਟੀ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਖੇਤੀ ਮਾਹਿਰਾਂ ਅਤੇ ਵਿਗਿਆਨੀਆਂ ਵੱਲੋ ਭਾਗ ਲਿਆ ਗਿਆ। ਇਸ ਮੀਟਿੰਗ ਵਿੱਚ ਡਾ. ਜੀ.ਐਸ. ਮਾਂਗਟ, ਸਹਾਇਕ ਡਾਇਰੈਕਟਰ ਰਿਸਰਚ, ਪੀ.ਏ.ਯੂ. ਲੁਧਿਆਣਾ ਵੱਲੋ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਗਈ।
ਮੀਟਿੰਗ ਦੌਰਾਨ ਡਾ. ਗੋਸਲ ਨੇ ਕਿਹਾ ਕਿ ਕਿਸਾਨ ਸਿਖਲਾਈ ਕੈਪਾਂ ਅਤੇ ਨੁੱਕੜ ਮੀਟਿੰਗਾਂ ਰਾਹੀ ਕਿਸਾਨਾਂ ਨੂੰ ਸਿਰਫ ਪੀ.ਏ.ਯੂ ਵੱਲੋ ਸਿਫਾਰਸ਼ ਕੀਤੀਆਂ ਗਈਆਂ ਕਿਸਮਾਂ ਦੀ ਬਿਜਾਈ ਕਰਨ ਲਈ ਹੀ ਪ੍ਰੇਰਿਤ ਕੀਤਾ ਜਾਵੇ ਅਤੇ ਵੱਧ ਤੋ ਵੱਧ ਰਕਬਾ ਨਰਮੇ ਦੀ ਫਸਲ ਹੇਠ ਲਿਆਂਦਾ ਜਾਵੇ। ਡਾ.ਕੁਲਵੰਤ ਸਿੰਘ, ਸਹਾਇਕ ਤੇਲਬੀਜ ਪ੍ਰਸਾਰ ਅਫਸਰ ਨੇ ਸਟੇਟ ਵੱਲੋ ਜਾਣਕਾਰੀ ਦਿੱਤੀ ਅਤੇ ਉਹਨਾਂ ਕਿਹਾ ਕਿ ਨਰਮੇ ਦੀ ਫਸਲ ਦੀ ਵਿਉਂਤਬੰਦੀ ਉਲੀਕੀ ਜਾ ਚੁੱਕੀ ਹੈ ਅਤੇ ਨਰਮੇ ਦੀ ਬਿਜਾਈ ਲਈ 15 ਅਪ੍ਰੈਲ ਤੋਂ ਨਹਿਰੀ ਪਾਣੀ ਟੇਲਾਂ ਵਾਲੇ ਪਿੰਡਾਂ ਤੱਕ ਪਹੁੰਚ ਜਾਵੇਗਾ। ਇਸ ਲਈ ਨਰਮੇ ਦੀ ਬਿਜਾਈ ਲਈ ਭਰਵੀ ਰੌਣੀ ਨਹਿਰੀ ਪਾਣੀ ਨਾਲ ਹੀ ਕੀਤੀ ਜਾਵੇ।
ਇਸ ਮੌਕੇ ਡਾ. ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਪ੍ਰਸਾਰ ਸਿੱਖਿਆ, ਪੀ.ਏ.ਯੂ ਲੁਧਿਆਣਾ ਨੇ ਦੱਸਿਆ ਕਿ ਵੱਧ ਤੋਂ ਵੱਧ ਮਾਧਿਅਮਾਂ ਰਾਹੀਂ ਕਿਸਾਨਾਂ ਨੂੰ ਨਰਮੇ ਦੀ ਫਸਲ ਸਬੰਧੀ ਲੋੜੀਦੀ ਐਡਵਾਈਜ਼ਰੀ ਸਮੇਂ-ਸਮੇਂ ਸਿਰ ਮੁਹੱਈਆ ਕਰਵਾਈ ਜਾਵੇ ਅਤੇ ਕਿਸਾਨ ਸਿਖਲਾਈ ਕੈਂਪਾਂ ਰਾਹੀ ਕਿਸਾਨਾਂ ਨੂੰ ਸਹੀ ਸਪਰੇ ਤਕਨਾਲੋਜੀ ਸਬੰਧੀ ਜਾਗਰੂਕ ਕੀਤਾ ਜਾਵੇ। ਡਾ.ਜਗਦੀਸ਼ ਸਿੰਘ, ਮੁੱਖ ਖੇਤੀਬਾੜੀ ਅਫਸਰ, ਬਠਿੰਡਾ ਨੇ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਵਿੱਚ 60 ਪ੍ਰਤੀਸ਼ਤ ਨਰਮੇ ਦੀਆਂ ਛਿਟੀਆਂ ਦੇ ਢੇਰਾਂ ਦਾ ਪ੍ਰਬੰਧਨ ਕਰ ਦਿੱਤਾ ਗਿਆ ਹੈ ਅਤੇ ਇਸ ਮਹੀਨੇ ਦੌਰਾਨ ਜ਼ਿਲ੍ਹੇ ਦੇ ਸਾਰੇ ਪਿੰਡ ਕਵਰ ਕਰ ਲਏ ਜਾਣਗੇ। ਇਨ੍ਹਾਂ ਕਿਸਾਨ ਸਿਖਲਾਈ ਕੈਂਪਾਂ ਵਿੱਚ ਨਰਮੇ ਹੇਠ ਰਕਬਾ ਵਧਾਉਣ, ਛਿਟੀਆਂ ਦੇ ਪ੍ਰਬੰਧਨ ਅਤੇ ਨਦੀਨ ਨਸ਼ਟ ਮੁਹਿੰਮ ਬਾਰੇ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਦੌਰਾਨ ਡਾ. ਵਿਜੇ ਕੁਮਾਰ, ਪ੍ਰਿੰਸੀਪਲ ਵਿਗਿਆਨੀ, ਪੀ.ਏ.ਯੂ ਲੁਧਿਆਣਾ ਨੇ ਪੀ.ਪੀ.ਟੀ.ਰਾਹੀ ਨਰਮੇ ਦੀ ਫਸਲ ਤੇ ਗੁਲਾਬੀ ਸੁੰਡੀ, ਚਿੱਟੀ ਮੱਖੀ, ਥਰਿੱਪ, ਜੈਸਿਡ ਅਤੇ ਹੋਰ ਬਿਮਾਰੀਆਂ ਬਾਰੇ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ।
ਮੀਟਿੰਗ ਦੌਰਾਨ ਨਰਮਾ ਪੱਟੀ ਦੇ ਮੁੱਖ ਖੇਤੀਬਾੜੀ ਅਫਸਰ ਡਾ. ਹਰਪ੍ਰੀਤ ਕੌਰ (ਮਾਨਸਾ), ਡਾ. ਜਗਸੀਰ ਸਿੰਘ (ਬਰਨਾਲਾ) ਡਾ. ਕਰਨਜੀਤ ਸਿੰਘ (ਮੋਗਾ), ਡਾ. ਕੁਲਵੰਤ ਸਿੰਘ (ਫਰੀਦਕੋਟ), ਡਾ. ਧਰਮਿੰਦਰਜੀਤ ਸਿੰਘ (ਸੰਗਰੂਰ), ਡਾ. ਜਗਦੀਸ਼ ਸਿੰਘ (ਬਠਿੰਡਾ) ਅਤੇ ਸ੍ਰੀ ਮੁਕਤਸਰ ਸਾਹਿਬ ਦੇ ਅਧਿਕਾਰੀ ਡਾ. ਸੁਖਜਿੰਦਰ ਸਿੰਘ ਵੱਲੋਂ ਆਪੋ-ਆਪਣੇ ਜ਼ਿਲ੍ਹੇ ਵਿੱਚ ਨਰਮੇ ਦੀ ਫਸਲ ਸਬੰਧੀ ਕੀਤੇ ਜਾ ਰਹੇ ਕੰਮਾਂ ਦੀ ਪ੍ਰਗਤੀ ਅਤੇ ਆਉਣ ਵਾਲੀ ਫਸਲ ਦੀ ਵਿਉਂਤਬੰਦੀ ਸਾਂਝੀ ਕੀਤੀ ਗਈ।ਇਸ ਮੌਕੇ ਡਾ. ਚਰਨਜੀਤ ਸਿੰਘ ਡਿਪਟੀ ਡਾਇਰੈਕਟਰ(ਕਾਟਨ) ਸ੍ਰੀ ਮੁਕਤਸਰ ਸਾਹਿਬ ਅਤੇ ਡਾ.ਧਰਮਪਾਲ, ਡਿਪਟੀ ਡਾਇਰੈਕਟਰ ਖੇਤੀਬਾੜੀ (ਦਾਲਾਂ) ਪੰਜਾਬ, ਬਠਿੰਡਾ ਨੇ ਵੀ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਠਿੰਡਾ ਦੇ ਬਲਾਕ ਖੇਤੀਬਾੜੀ ਅਫਸਰਾਂ ਅਤੇ ਖੇਤੀਬਾੜੀ ਵਿਕਾਸ ਅਫਸਰਾਂ ਤੋਂ ਇਲਾਵਾ ਕਾਟਨ ਫੈਕਟਰੀਆਂ ਅਤੇ ਤੇਲ ਮਿੱਲਾਂ ਦੇ ਮਾਲਕਾਂ⁄ਨੁਮਾਇੰਦਿਆਂ ਨੇ ਵੀ ਭਾਗ ਲਿਆ।