ਕਲੈਪਿੰਗ ਐਂਡ ਲਾਫਿੰਗ ਕਲੱਬ ਵੱਲੋਂ ਮੇਅਰ ਪਦਮਜੀਤ ਸਿੰਘ ਮਹਿਤਾ ਨੂੰ ਮੈਂਬਰਸ਼ਿਪ ਡਾਇਰੈਕਟਰੀ ਭੇਂਟ
ਅਸ਼ੋਕ ਵਰਮਾ
ਬਠਿੰਡਾ, 19 ਮਾਰਚ 2025 : ਕਲੈਪਿੰਗ ਐਂਡ ਲਾਫਿੰਗ ਕਲੱਬ, ਰੋਜ਼ ਗਾਰਡਨ, ਬਠਿੰਡਾ ਦੇ ਪ੍ਰਧਾਨ ਚੌਧਰੀ ਪ੍ਰਤਾਪ ਸਿੰਘ ਅਤੇ ਜਨਰਲ ਸਕੱਤਰ ਸ਼੍ਰੀ ਐਮਆਰ ਮਦਾਨ ਨੇ ਆਪਣੇ ਕਲੱਬ ਦੀ ਮੈਂਬਰਸ਼ਿਪ ਡਾਇਰੈਕਟਰੀ ਦਾ ਪੰਜਵਾਂ ਐਡੀਸ਼ਨ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੂੰ ਭੇਂਟ ਕੀਤਾ। ਇਸ ਦੌਰਾਨ ਉਨ੍ਹਾਂ ਵੱਲੋਂ ਮੇਅਰ ਸਾਹਿਬ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਕਿ ਕਲੱਬ ਦੇ 200 ਮੈਂਬਰਾਂ ਵਿੱਚੋਂ 70 ਤੋਂ 86 ਸਾਲ ਤੱਕ ਦੀ ਉਮਰ ਦੇ ਕਰੀਬ 80 ਮੈਂਬਰ ਅਜਿਹੇ ਹਨ, ਜੋ ਤੁਰਨ ਫਿਰਨ ਵਿੱਚ ਦਿੱਕਤ ਮੰਨਦੇ ਹਨ, ਜਿਨ੍ਹਾਂ ਲਈ ਓਪਨ ਜਿੰਮ, ਰੋਜ਼ ਗਾਰਡਨ ਵਿੱਚ ਇੱਕ ਨਵਾਂ ਸਾਈਕਲ ਹੋਰ ਲਗਵਾਇਆ ਜਾਵੇ ਅਤੇ ਪੁਰਾਣੇ ਸਾਈਕਲ ਦੀ ਰਿਪੇਅਰ ਕਰਵਾਈ ਜਾਵੇ। ਉਨ੍ਹਾਂ ਇਹ ਵੀ ਮੰਗ ਰੱਖੀ ਕਿ ਇਨ੍ਹਾਂ ਸਾਈਕਲਾਂ ਦੀ ਰਿਪੇਅਰ ਲਈ ਇੱਕ ਕਰਮਚਾਰੀ ਦੀ ਡਿਊਟੀ ਲਗਾਈ ਜਾਵੇ, ਤਾਂ ਜੋ ਕਲੱਬ ਦੇ ਬੁਜੂਰਗ ਮੈਂਬਰਾਂ ਨੂੰ ਪਰੇਸ਼ਾਨੀਆਂ ਤੋਂ ਛੁਟਕਾਰਾ ਮਿਲ ਸਕੇ।
ਉਨ੍ਹਾਂ ਕਿਹਾ ਕਿ ਨਵੇਂ ਸਾਈਕਲ ਦੀ ਮੰਗ ਕਾਫੀ ਲੰਮੇ ਸਮੇਂ ਤੋਂ ਚਲਦੀ ਆ ਰਹੀ ਹੈ। ਉਨ੍ਹਾਂ ਇਹ ਵੀ ਮੰਗ ਰੱਖੀ ਕਿ ਓਪਨ ਜਿੰਮ ਵਿੱਚ ਦੋ ਇੰਸਟਰੂਮੈਂਟਸ/ ਮਸ਼ੀਨਾਂ ਦੀ ਮੁਰੰਮਤ ਕਰਵਾਈ ਜਾਵੇ। ਇਸ ਦੌਰਾਨ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਬੁਜੂਰਗ ਸਾਡੇ ਸਮਾਜ ਦੇ ਉਹ ਥੰਮ ਹਨ, ਜਿਨ੍ਹਾਂ ਵੱਲੋਂ ਸਮਾਜ ਨੂੰ ਨਵੀਂ ਸੇਧ ਦੇਣੀ ਹੁੰਦੀ ਹੈ ਅਤੇ ਸਾਡੇ ਬੁਜੂਰਗ ਹੀ ਮਜ਼ਬੂਤ ਤੇ ਚੰਗੇ ਸਮਾਜ ਦੀ ਪਹਿਚਾਣ ਹੁੰਦੇ ਹਨ, ਜਿਨ੍ਹਾਂ ਦੀਆਂ ਹਰੇਕ ਸਮੱਸਿਆਵਾਂ ਦਾ ਸਮਾਧਾਨ ਕਰਨਾ ਸਾਡਾ ਫਰਜ਼ ਬਣਦਾ ਹੈ। ਮੇਅਰ ਸਾਹਿਬ ਨੇ ਕਿਹਾ ਕਿ ਕਲੈਪਿੰਗ ਐਂਡ ਲਾਫਿੰਗ ਕਲੱਬ ਨੇ ਸਮਾਜ ਨੂੰ ਚੰਗੀ ਸਿਹਤ ਦੇਣ ਲਈ ਇੱਕ ਨਵੀਂ ਪਹਿਚਾਣ ਦਿੱਤੀ ਹੈ। ਮੇਅਰ ਸਾਹਿਬ ਵੱਲੋਂ ਕਲੱਬ ਦੀਆਂ ਮੰਗਾਂ ਨੂੰ ਜਲਦ ਪੂਰਾ ਕਰਨ ਦਾ ਭਰੋਸਾ ਵੀ ਕਲੱਬ ਦੇ ਅਹੁਦੇਦਾਰਾਂ ਨੂੰ ਦਿੱਤਾ ਗਿਆ।
ਅੱਜ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੂੰ ਸਫਾਈ ਸੇਵਕ ਯੂਨੀਅਨ ਨੇ ਮਿਲ ਕੇ ਆਪਣੀਆਂ ਮੰਗਾਂ ਦੇ ਸਮਾਧਾਨ ਲਈ ਅਪੀਲ ਕੀਤੀ, ਜਿਸ ਸਬੰਧੀ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਲਦ ਹੀ ਉਨ੍ਹਾਂ ਦੀਆਂ ਮੰਗਾਂ ਦਾ ਉਚਿਤ ਹੱਲ ਕੀਤਾ ਜਾਵੇਗਾ। ਅੱਜ ਦਿਨ ਭਰ ਮੇਅਰ ਸਾਹਿਬ ਨੂੰ ਮਿਲਣ ਲਈ ਸ਼ਹਿਰ ਦੀਆਂ ਸੰਗਤਾਂ ਪਹੁੰਚੀਆਂ ਸਨ, ਜਿਨ੍ਹਾਂ ਦੀਆਂ ਸਮੱਸਿਆਵਾਂ ਦਾ ਮੇਅਰ ਸਾਹਿਬ ਨੇ ਮੌਕੇ 'ਤੇ ਨਿਪਟਾਰਾ ਵੀ ਕਰਵਾਇਆ। ਉਨ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਨਗਰ ਨਿਗਮ ਵਿੱਚ ਆਉਣ ਵਾਲੇ ਹਰੇਕ ਵਿਅਕਤੀ ਦਾ ਕੰਮ ਪਹਿਲ ਦੇ ਆਧਾਰ 'ਤੇ ਕੀਤਾ ਜਾਵੇ, ਉਨ੍ਹਾਂ ਦੇ ਸਮੇਂ ਦੀ ਬਚਤ ਕੀਤੀ ਜਾਵੇ ਅਤੇ ਉਨ੍ਹਾਂ ਨਾਲ ਚੰਗਾ ਵਿਵਹਾਰ ਕੀਤਾ ਜਾਵੇ।