ਡਿਪਟੀ ਸਪੀਕਰ ਨੇ ਪਿੰਡ ਟੱਬਾ ਦੇ ਛੱਪੜ ਤੋਂ ਖੇਤਾਂ ਤੱਕ ਸਿੰਚਾਈ ਪ੍ਰੋਜੈਕਟ ਦਾ ਕੀਤਾ ਉਦਘਾਟਨ
ਹੁਸ਼ਿਆਰਪੁਰ/ਗੜ੍ਹਸ਼ੰਕਰ:19 ਮਾਰਚ 2025 - ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਗੜ੍ਹਸ਼ੰਕਰ ਵਿਧਾਨ ਸਭਾ ਦੇ ਪਿੰਡ ਟੱਬਾ ਵਿਖੇ ਕਿਸਾਨ ਜਾਗਰੂਕਤਾ ਕੈਂਪ ਰਾਹੀਂ ਪਿੰਡ ਦੇ ਛੱਪੜ ਦਾ ਪਾਣੀ ਜ਼ਮੀਨ ਹੇਠਾਂ ਪਈਆਂ ਪਾਈਪਾਂ ਰਾਹੀਂ ਪਹੁੰਚਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ।
ਡਿਪਟੀ ਸਪੀਕਰ ਨੇ ਕਿਹਾ ਕਿ ਪਿੰਡ ਦੀ ਕਈ ਸਾਲਾਂ ਤੋਂ ਮੰਗ ਸੀ ਕਿ ਛੱਪੜ ਦੇ ਪਾਣੀ ਦਾ ਕੋਈ ਹੱਲ ਕੀਤਾ ਜਾਵੇ ਜਿਸ ‘ਤੇ ਭੂਮੀ ਤੇ ਜਲ ਸੰਭਾਲ ਵਿਭਾਗ ਵੱਲੋਂ ਇਸ ਦਾ ਅਨੁਮਾਨ ਤਿਆਰ ਕੀਤਾ ਗਿਆ ਅਤੇ ਵਿਭਾਗ ਵੱਲੋਂ ਪਾਈਪ ਲਾਈਨ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਮੰਡਲ ਭੂਮੀ ਰੱਖਿਆ ਅਫਸਰ ਹਰਪ੍ਰੀਤ ਸਿੰਘ ਬਾਠ ਨੇ ਕਿਹਾ ਕਿ ਇਸ ਪ੍ਰੋਜੈਕਟ ਨਾਲ ਪਿੰਡ ਦੇ ਤਕਰੀਬਨ 90 ਲਾਭਪਾਤਰੀਆਂ ਦੀ 40 ਤੋਂ 50 ਏਕੜ ਬਿਰਾਨੀ ਜ਼ਮੀਨ ਨੂੰ ਸਿੰਚਾਈ ਅਧੀਨ ਲਿਆ ਕੇ ਉਨ੍ਹਾਂ ਦੀ ਉਪਜ ਵਿੱਚ ਵਾਧਾ ਕੀਤਾ ਜਾਵੇਗਾ ਤੇ ਪ੍ਰੋਜੈਕਟ ਦੀ ਅਨੁਮਾਨਤ ਕੀਮਤ 13 ਲੱਖ ਰੁਪਏ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਓ.ਐਸ.ਡੀ ਚਰਨਜੀਤ ਸਿੰਘ ਚੰਨੀ, ਉਪ ਮੰਡਲ ਭੂਮੀ ਰੱਖਿਆ ਅਫ਼ਸਰ ਗੜ੍ਹਸ਼ੰਕਰ ਬਲਜਿੰਦਰ ਸਿੰਘ, ਭੂਮੀ ਰੱਖਿਆ ਅਫਸਰ ਅਮਰਜੀਤ ਸਿੰਘ, ਰਮਨਦੀਪ ਸਿੰਘ, ਸਰਪੰਚ ਵਿਜੇ ਕੁਮਾਰ, ਸਮੂਹ ਪੰਚਾਇਤ ਮੈਂਬਰ ਤੇ ਨਗਰ ਨਿਵਾਸੀ ਮੌਜੂਦ ਸਨ।