ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਅਕਾਦਮਿਕ ਸੈਸ਼ਨ 2025-26 ਦੌਰਾਨ ਯੂਜੀ ਪ੍ਰੋਗਰਾਮਾਂ ਵਿੱਚ ਦਾਖਲੇ ਲਈ ਅਰਜ਼ੀਆਂ ਮੰਗੀਆਂ
ਅਸ਼ੋਕ ਵਰਮਾ
ਬਠਿੰਡਾ, 19 ਮਾਰਚ 2025: ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਅਕਾਦਮਿਕ ਸੈਸ਼ਨ 2025-26 ਲਈ ਆਪਣੇ ਅੰਡਰਗ੍ਰੈਜੂਏਟ (ਯੂਜੀ) ਪ੍ਰੋਗਰਾਮਾਂ ਵਿੱਚ ਦਾਖਲੇ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਯੂਨੀਵਰਸਿਟੀ ਸੀਯੂਈਟੀ (ਯੂਜੀ) 2025 ਅਤੇ ਐਨਸੀਈਟੀ-2025 ਰਾਹੀਂ ਯੂਜੀ ਪ੍ਰੋਗਰਾਮਾਂ ਵਿੱਚ ਦਾਖਲੇ ਲਈ ਅਰਜ਼ੀਆਂ ਮੰਗ ਰਹੀ ਹੈ, ਜਿਨ੍ਹਾਂ ਲਈ ਵਿਦਿਆਰਥੀ ਐਨਟੀਏ ਦੀ ਅਧਿਕਾਰਿਕ ਵੈਬਸਾਈਟ www.nta.ac.in ਤੇ ਜਾ ਕੇ ਰਜਿਸਟ੍ਰੇਸ਼ਨ ਕਰ ਸਕਦੇ ਹਨ।ਵਿਦਿਆਰਥੀਆਂ ਵਾਸਤੇ ਹੁਣ 5 ਯੂਜੀ ਪ੍ਰੋਗਰਾਮਾਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਇਨ੍ਹਾਂ ਵਿੱਚੋਂ ਬੀ.ਏ.- ਬੀ.ਐਡ. ਅਤੇ ਬੀ.ਐਸਸੀ.- ਬੀ.ਐਡ. ਵਿੱਚ ਦਾਖਲਾ ਐਨਸੀਈਟੀ-2025 ਰਾਹੀਂ ਹੋਵੇਗਾ, ਜਦਕਿ ਬੀ.ਫਾਰਮੇਸੀ, ਬੀ.ਟੈਕ. ਕੰਪਿਊਟਰ ਸਾਇੰਸ ਅਤੇ ਇੰਜੀਨੀਰਿੰਗ ਅਤੇ ਬੀ.ਏ.-ਐਲਐਲ.ਬੀ. ਵਿੱਚ ਦਾਖਲਾ ਸੀਯੂਈਟੀ (ਯੂਜੀ) 2025 ਰਾਹੀਂ ਕੀਤਾ ਜਾਵੇਗਾ।
ਸੀਯੂਈਟੀ (ਯੂਜੀ) 2025 ਵਿੱਚ ਅਰਜ਼ੀ ਦੇਣ ਦੀ ਆਖਰੀ ਮਿਤੀ 22 ਮਾਰਚ 2025 ਹੈ, ਜਦਕਿ ਐਨਸੀਈਟੀ-2025 ਲਈ 31 ਮਾਰਚ 2025 ਆਖਰੀ ਮਿਤੀ ਹੈ।ਇਹ ਸਾਰੇ 5 ਯੂਜੀ ਪ੍ਰੋਗਰਾਮ ਸੰਬੰਧਤ ਨਿਯਮਕ ਸੰਸਥਾਵਾਂ ਵੱਲੋਂ ਮਨਜ਼ੂਰਸ਼ੁਦਾ ਹਨ। ਬੀ.ਏ.- ਬੀ.ਐਡ. ਅਤੇ ਬੀ.ਐਸਸੀ.- ਬੀ. ਐਡ. ਨੂੰ ਐਨਸੀਟੀਈ ਨੇ ਮਨਜ਼ੂਰੀ ਦਿੱਤੀ ਹੈ। ਬੀ.ਫਾਰਮੇਸੀ ਨੂੰ ਫਾਰਮੇਸੀ ਕਾਉਂਸਿਲ ਔਫ ਇੰਡੀਆ, ਬੀ.ਟੈਕ. ਕੰਪਿਊਟਰ ਸਾਇੰਸ ਅਤੇ ਇੰਜੀਨੀਰਿੰਗ ਨੂੰ ਏਆਈਸੀਟੀਈ ਅਤੇ ਬੀ.ਏ.-ਐਲਐਲ.ਬੀ. ਨੂੰ ਬਾਰ ਕਾਉਂਸਿਲ ਔਫ ਇੰਡੀਆ ਵੱਲੋਂ ਪ੍ਰਵਾਨਗੀ ਮਿਲੀ ਹੈ।
ਇੱਛੁਕ ਵਿਦਿਆਰਥੀ ਸੀਯੂਈਟੀ (ਯੂਜੀ) 2025 ਅਤੇ ਐਨਸੀਈਟੀ-2025 ਰਾਹੀਂ ਅਰਜ਼ੀ ਦੇ ਸਕਦੇ ਹਨ। ਦਾਖਲੇ ਦੀ ਪ੍ਰਕਿਰਿਆ ਸੰਬੰਧੀ ਹੋਰ ਜਾਣਕਾਰੀ www.nta.ac.in, exams.nta.ac.in/NCET, cuet.nta.nic.in ਅਤੇ www.cup.edu.in ਤੇ ਉਪਲਬਧ ਹੈ।
ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਕਿਹਾ ਕਿ ਇਹ 10+2 ਪਾਸ ਵਿਦਿਆਰਥੀਆਂ ਲਈ ਬੇਹਤਰੀਨ ਮੌਕਾ ਹੈ ਕਿ ਉਹ ਨੈਕ ਤੋਂ ਏ ਪਲੱਸ ਮਾਨਤਾ ਪ੍ਰਾਪਤ ਯੂਨੀਵਰਸਿਟੀ ਵਿੱਚ ਦਾਖਲਾ ਲੈ ਸਕਦੇ ਹਨ। ਇਹ ਯੂਨੀਵਰਸਿਟੀ ਪਿਛਲੇ 6 ਸਾਲਾਂ ਤੋਂ ਐਨਆਈਆਰਐਫ ਰੈਂਕਿੰਗ ਵਿੱਚ ਭਾਰਤ ਦੀਆਂ 100 ਸ਼੍ਰੇਸ਼ਠ ਯੂਨੀਵਰਸਿਟੀਆਂ ਵਿੱਚ ਸ਼ਾਮਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ 5 ਯੂਜੀ ਕੋਰਸ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਵਿਸ਼ੇਸ਼ ਖੇਤਰਾਂ ਵਿੱਚ ਲੋੜੀਂਦੇ ਹੁਨਰ ਪ੍ਰਦਾਨ ਕਰਨ ਲਈ ਖਾਸ ਤਰੀਕੇ ਨਾਲ ਡਿਜ਼ਾਈਨ ਕੀਤੇ ਗਏ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਦਾਖਲੇ ਦੀ ਪ੍ਰਕਿਰਿਆ ਵਿੱਚ ਭਾਗ ਲੈਣ ਅਤੇ ਇਸ ਪ੍ਰਤਿਸ਼ਠਤ ਸੰਸਥਾ ਦਾ ਹਿੱਸਾ ਬਣਨ।