ਮਾਈ ਭਾਗੋ ਇੰਸਟੀਚਿਊਟ ਕੁੜੀਆਂ ਨੂੰ ਰੱਖਿਆ ਸੇਵਾਵਾਂ ਵਿੱਚ ਉੱਚ ਪੱਧਰੀ ਕੈਰੀਅਰ ਚੁਣਨ ਦਾ ਦਿੰਦਾ ਹੈ ਮੌਕਾ- ਜ਼ਿਲ੍ਹਾ ਰੋਜ਼ਗਾਰ ਅਫ਼ਸਰ
ਰੋਹਿਤ ਗੁਪਤਾ
ਗੁਰਦਾਸਪੁਰ, 19 ਮਾਰਚ 2025 - ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਮਾਈ ਭਾਗੋ ਏ.ਐੱਫ਼.ਪੀ.ਆਈ.) ਫ਼ਾਰ ਗਰਲਜ਼ ਪੰਜਾਬ ਸਰਕਾਰ ਦੁਆਰਾ ਇੱਕ ਵਿਸ਼ੇਸ਼ ਆਲ ਗਰਲਜ਼ ਟਰੇਨਿੰਗ ਇੰਸਟੀਚਿਊਟ ਵਜੋਂ ਸੈਕਟਰ 66, ਐੱਸ.ਏ.ਐੱਸ ਨਗਰ (ਮੁਹਾਲੀ) ਵਿੱਚ ਸਥਾਪਿਤ ਕੀਤਾ ਗਿਆ ਹੈ। ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ਼੍ਰੀ ਪਰਸ਼ੋਤਮ ਸਿੰਘ ਨੇ ਦੱਸਿਆ ਕਿ ਇਹ ਦੇਸ਼ ਵਿੱਚ ਕੁੜੀਆਂ ਲਈ ਆਪਣੀ ਕਿਸਮ ਦੀ ਇੱਕ ਵਿਲੱਖਣ ਇੰਸਟੀਚਿਊਟ ਹੈ, ਜਿੱਥੇ ਨੌਜਵਾਨ ਕੁੜੀਆਂ ਨੂੰ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਡ ਅਫ਼ਸਰ ਵਜੋਂ ਕੈਰੀਅਰ ਲਈ ਸਿਖਲਾਈ ਦਿੱਤੀ ਜਾਂਦੀ ਹੈ। ਤਿੰਨ ਸਾਲਾਂ ਦੀ ਸਿਖਲਾਈ ਦੀ ਮਿਆਦ ਦੇ ਦੌਰਾਨ, ਲੇਡੀਕੈਡੇਟ ਐੱਮ.ਸੀ.ਐੱਮ ਡੀ.ਏ.ਵੀ. ਕਾਲਜ, ਚੰਡੀਗੜ੍ਹ ਤੋਂ ਬੀ.ਏ/ਬੀ.ਐੱਸ.ਸੀ (ਨਾਨ ਮੈਡੀਕਲ)/ਬੀ.ਕਾਮ/ਕੰਪਿਊਟਰ ਐਪਲੀਕੇਸ਼ਨ ਨਾਲ ਗ੍ਰੈਜੂਏਟ ਵੀ ਹੁੰਦੀਆਂ ਹਨ । ਇਹ ਇੰਸਟੀਚਿਊਟ ਪੰਜਾਬ ਦੀਆਂ 10+2 ਪੱਧਰ ਦੀਆਂ ਕੁੜੀਆਂ ਨੂੰ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਡ ਅਫ਼ਸਰ ਵਜੋਂ ਇੱਕ ਉੱਚ ਪੱਧਰੀ ਕੈਰੀਅਰ ਚੁਣਨ ਦਾ ਜੀਵਨ ਭਰ ਦਾ ਸੁਨਹਿਰੀ ਮੌਕਾ ਪ੍ਰਦਾਨ ਕਰਦਾ ਹੈ।
ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ੍ਰੀ ਪਰਸ਼ੋਤਮ ਸਿੰਘ ਨੇ ਦੱਸਿਆ ਕਿ ਇਹ ਇੰਸਟੀਚਿਊਟ ਪੂਰੀ ਤਰ੍ਹਾਂ ਰਿਹਾਇਸ਼ੀ ਹੈ ਅਤੇ ਇਸ ਵਿੱਚ ਮਲਟੀ ਜਿਮ, ਤੈਰਾਕੀ, ਸ਼ੂਟਿੰਗ, ਖੇਡ ਖੇਤਰ, ਵਾਕਿੰਗ ਪਲਾਜ਼ਾ ਆਦਿ ਸ਼ਾਮਲ ਕਰਨ ਲਈ ਸਾਰੀਆਂ ਆਧੁਨਿਕ ਸਹੂਲਤਾਂ ਹਨ। ਸਿਖਲਾਈ, ਬੋਰਡਿੰਗ ਰਿਹਾਇਸ਼ ਮੈਸਿੰਗ, ਵਰਦੀਆਂ ਆਦਿ ਦੀ ਪੂਰੀ ਲਾਗਤ ਪੰਜਾਬ ਸਰਕਾਰ ਦੁਆਰਾ ਅਦਾ ਕੀਤੀ ਜਾਂਦੀ ਹੈ ਅਤੇ ਵਿਦਿਆਰਥੀਆ ਨੂੰ ਸਿਰਫ਼ ਕਾਲਜ ਫ਼ੀਸਾਂ ਦਾ ਭੁਗਤਾਨ ਕਰਨਾ ਪੈਂਦਾ ਹੈ ਜੋ ਕਿ ਬਹੁਤ ਘੱਟ ਹੈ । ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਵਿਖੇ ਗ੍ਰੈਜੂਏਟ ਬੈਚ ਲਈ ਹੋਣ ਵਾਲੀ ਲਿਖਤੀ ਪ੍ਰੀਖਿਆ ਲਈ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਆਨਲਾਈਨ ਅਰਜ਼ੀ ਦੇਣ ਦੀ ਆਖ਼ਰੀ ਮਿਤੀ 18.04.2025 ਹੈ ਅਤੇ ਫ਼ੀਸ ਜਮ੍ਹਾ ਕਰਵਾਉਣ ਦੀ ਆਖ਼ਰੀ ਮਿਤੀ 20.04.2025 ਹੈ । ਉਮਰ 1 ਜੁਲਾਈ 2025 ਨੂੰ 16 ਸਾਲ ਤੋਂ 19 ਸਾਲ ਹੋਣੀ ਚਾਹੀਦੀ ਹੈ। ਭਾਰਤੀ ਰੱਖਿਆ ਬਲਾਂ ਲਈ ਡਾਕਟਰੀ ਮਾਪਦੰਡਾਂ ਨੂੰ ਪੂਰਾ ਕਰਨ ਤੋਂ ਇਲਾਵਾ, ਘੱਟੋ ਘੱਟ ਉਚਾਈ 153 ਸੈਂਟੀਮੀਟਰ ਹੋਣੀ ਚਾਹੀਦੀ ਹੈ। ਐਂਟਰਸ ਟੈੱਸਟ ਲਈ ਇਸ਼ਤਿਹਾਰ/ਨੋਟੀਫ਼ਿਕੇਸ਼ਨ, ਯੋਗਤਾ, ਮਾਪਦੰਡ, ਲਿਖਤੀ ਦਾਖਲਾ ਪ੍ਰੀਖਿਆ ਅਤੇ ਇੰਟਰਵਿਊ ਦੀ ਸੰਭਾਵਿਤ ਮਿਤੀ ਪੰਜਾਬ ਦੇ ਪ੍ਰਮੁੱਖ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਕੀਤੀ ਜਾਂਦੀ ਹੈ। ਪ੍ਰਾਰਥੀ ਯੋਗਤਾ ਅਤੇ ਹੋਰ ਮਾਪਦੰਡਾਂ ਬਾਰੇ ਡਿਟੇਲ ਜਾਣਕਾਰੀ https://mbafpigirls.in/ ਵੈੱਬਸਾਈਟ 'ਤੇ ਜਾ ਕੇ ਹਾਸਲ ਕਰ ਸਕਦੇ ਹਨ।