ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਜ਼ਿਲ੍ਹਾ ਪੱਧਰੀ ਦੋ ਰੋਜ਼ਾ ਵਰਕਸ਼ਾਪ
ਵਾਤਾਵਰਨ ਬਚਾਓ, ਨਸ਼ਾ ਤਿਆਗੋ ਤੇ ਖੇਤੀਬਾੜੀ ਨੂੰ ਲਾਹੇਵੰਦ ਬਣਾਉਣ ਦਾ ਸੁਨੇਹਾ
ਸ੍ਰੀ ਮੁਕਤਸਰ ਸਾਹਿਬ 19 ਮਾਰਚ
ਪੰਜਾਬ ਸਰਕਾਰ ਦੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਸਹਾਇਕ ਡਾਰੈਕਟਰ ਰਘਬੀਰ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਵਿਰੋਧੀ ਅਤੇ ਵੱਖ ਵੱਖ ਵਿਸ਼ਿਆਂ ਨਾਲ ਸੰਬੰਧਿਤ 2 ਰੋਜ਼ਾ ਜਾਗਰੂਕਤਾ ਵਰਕਸ਼ਾਪ ਕੀਤੀ ਗਈ।
ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਸ੍ਰੀ ਮੁਕਤਸਰ ਸਾਹਿਬ ਰਘਵੀਰ ਸਿੰਘ ਮਾਨ ਦੀ ਰਹਿਨੁਮਾਈ ਹੇਠ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ਹੋਈ ਇਸ ਦੋ ਰੋਜ਼ਾ ਵਰਕਸ਼ਾਪ ਵਿੱਚ ਵੱਖ ਵੱਖ ਵਿਭਾਗਾਂ ਤੋਂ ਆਏ ਮਾਹਿਰਾਂ ਨੇ ਯੁਵਕ ਸੇਵਾਵਾਂ ਕਲੱਬਾਂ ਦੇ ਨੁਮਾਇੰਦਿਆਂ ਅਤੇ ਨੌਜਵਾਨਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਆਪਣੇ ਆਪਣੇ ਵਿਸ਼ਿਆਂ ਸਬੰਧੀ ਜਾਣਕਾਰੀ ਦਿੱਤੀ ।
ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰ ਰਹੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਸਹਾਇਕ ਡਾਇਰੈਕਟਰ ਸ.ਰਘਬੀਰ ਸਿੰਘ ਮਾਨ ਨੇ ਨੌਜਵਾਨਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਵਿਭਾਗ ਦੀਆਂ ਵੱਖ ਵੱਖ ਸਕੀਮਾਂ ਅਤੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਨੌਜਵਾਨ ਪਿੰਡਾਂ ਵਿੱਚ ਯੁਵਕ ਕਲੱਬਾਂ ਦਾ ਗਠਨ ਕਰਕੇ ਵਿਭਾਗ ਦੀਆਂ ਸਕੀਮਾਂ ਜਿਵੇਂ ਐਡਵੈਂਚਰ ਕੈਂਪ, ਹਾਈਕਿੰਗ ਟਰੈਕਿੰਗ ਕੈਂਪ, ਯੂਥ ਲੀਡਰਸ਼ਿਪ ਟਰੇਨਿੰਗ ਕੈਂਪ, ਯੁਵਕ ਮੇਲੇ, ਯੁਵਕ ਕਲੱਬਾਂ ਨੂੰ ਵਿੱਤੀ ਸਹਾਇਤਾ, ਸੱਭਿਆਚਾਰਕ ਵਿਚਾਰ ਵਿਟਾਂਦਰਾ ਪ੍ਰੋਗਰਾਮ, ਆਦਿ ਦਾ ਲਾਭ ਪ੍ਰਾਪਤ ਕਰ ਸਕਦੇ ਹਨ।
ਉਹਨਾਂ ਦੱਸਿਆ ਕਿ ਵਿਭਾਗ ਦੀਆਂ ਵੱਖ-ਵੱਖ ਗਤੀਵਿਧੀਆਂ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਚੰਗਾ ਕੰਮ ਕਰਨ ਦੇ ਆਧਾਰ ਤੇ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਇਸ ਸਮੇਂ ਵਣ ਵਿਭਾਗ, ਖੇਤੀਬਾੜੀ ਵਿਭਾਗ, ਅਤੇ ਸਿਹਤ ਵਿਭਾਗ ਤੋਂ ਅਲੱਗ ਅਲੱਗ ਬੁਲਾਰਿਆਂ ਨੇ ਆਪਣੇ ਆਪਣੇ ਡਿਪਾਰਟਮੈਂਟ ਦੀਆ ਸਕੀਮਾਂ ਬਾਰੇ ਨੌਜਵਾਨਾਂ ਨੂੰ ਜਾਣੂ ਕਰਵਾਇਆ।