ਧਾਰਮਿਕ ਸਿੱਖਿਆ ਲਈ ਵਿਸ਼ੇਸ਼ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ-ਚੇਅਰਮੈਨ ਮੁਹੰਮਦ ਓਵੈਸ
ਕਿਹਾ ਕੁਰਾਨ ਏ ਪਾਕ ਅੰਦਰ ਕਿਹਾ ਗਿਆ ਹੈ "ਇੱਕਰਾ" ਭਾਵ ਕਿ ਪੜ੍ਹ ਲੇਕਿਨ ਇਸ ਤੋਂ ਅੱਗੇ "ਬਿਸਵੀਂ ਰੱਬੀ ਕੱਲਾ ਜੀ" ਨੂੰ ਕੋਈ ਨਹੀਂ ਦੇਖ ਰਿਹਾ
ਬੱਚਿਆਂ ਨੂੰ ਡਾਕਟਰ ਜਾਂ ਇੰਜੀਨੀਅਰ ਬਨਾਉਣ ਦੇ ਨਾਲ ਨਾਲ ਪਹਿਲਾਂ ਬੱਚਿਆਂ ਦੀ ਸਖਸ਼ੀਅਤ ਦਾ ਵਿਕਾਸ ਕਰਕੇ ਉਨ੍ਹਾਂ ਨੂੰ ਇੱਕ ਚੰਗਾ ਇਨਸਾਨ ਬਣਾਇਆ ਜਾਵੇ
ਬੋਰਡ ਸਕੂਲਾਂ ਦੇ ਅੰਦਰ ਪੜਨ ਵਾਲੇ ਵਿਦਿਆਰਥੀ ਇਸ ਤਰ੍ਹਾਂ ਦੀ ਸਿੱਖਿਆ ਲੈਣ ਤਾਂ ਜੋ ਇਹ ਦੁਨੀਆਂ ਤੇ ਆਖਰਤ ਵਿੱਚ ਕਾਮਯਾਬ ਹੋ ਸਕਣ
ਸਕੂਲਾਂ ਦੇ ਅਧਿਆਪਕਾਂ ਨੂੰ ਵੀ ਵਿਦਿਆਰਥੀਆਂ ਅੱਗੇ ਚਾਨਣ ਮੁਨਾਰਾ ਬਣਾਉਣ ਲਈ ਕੀਤੀ ਜਾਵੇਗੀ ਕੋਸ਼ਿਸ਼
ਚੇਅਰਮੈਨ ਬਣਨ ਤੋਂ ਬਾਅਦ ਪਹਿਲੀ ਵਾਰ ਮੁਹੰਮਦ ਓਵੈਸ ਵੱਲੋਂ ਵਿੱਦਿਅਕ ਅਦਾਰਿਆਂ ਦੇ ਨਾਲ ਨਾਲ ਹਜ਼ਰਤ ਹਲੀਮਾ ਹਸਪਤਾਲ ਦਾ ਕੀਤਾ ਗਿਆ ਦੌਰਾ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ, 19 ਮਾਰਚ 2025
ਮਲੇਰਕੋਟਲਾ ਅੰਦਰ ਚੱਲ ਰਹੇ ਪੰਜਾਬ ਵਕਫ ਬੋਰਡ ਦੇ ਅਦਾਰਿਆਂ ਨੂੰ ਜਿੱਥੇ ਸਮੇਂ ਦਾ ਹਾਨੀ ਬਣਾਇਆ ਜਾਵੇਗਾ ਉਥੇ ਹੀ ਇਹਨਾਂ ਅੰਦਰ ਧਾਰਮਿਕ ਸਿੱਖਿਆ ਲਈ ਵਿਸ਼ੇਸ਼ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਵਕਫ਼ ਬੋਰਡ ਦੇ ਨਵ-ਨਿਯੁਕਤ ਚੇਅਰਮੈਨ ਮੁਹੰਮਦ ਓਵੈਸ ਨੇ ਵਕਫ਼ ਬੋਰਡ ਵੱਲੋਂ ਮਾਲੇਰਕੋਟਲਾ ਵਿੱਚ ਚਲਾਏ ਜਾ ਰਹੇ ਇਸਲਾਮੀਆ ਵਿਦਿਅਕ ਅਦਾਰਿਆਂ ਦਾ ਦੌਰਾ ਕਰਕੇ ਸਮੁੱਚੇ ਵਿਦਿਅਕ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਗੱਲਬਾਤ ਕਰਦਿਆਂ ਕਹੀ। ਉਹਨਾਂ ਕਿਹਾ ਕਿ ਕੁਰਾਨ ਏ ਪਾਕ ਅੰਦਰ ਕਿਹਾ ਗਿਆ ਹੈ "ਇੱਕਰਾ" ਭਾਵ ਕਿ ਪੜ੍ਹ ਲੇਕਿਨ ਇਸ ਤੋਂ ਅੱਗੇ ਬਿਸਵੀਂ ਰੱਬੀ ਕੱਲਾ ਜੀ" ਨੂੰ ਕੋਈ ਨਹੀਂ ਦੇਖ ਰਿਹਾ ਭਾਵ ਕਿ ਪੜ੍ਹ ਰੱਬ ਦੇ ਨਾਂ ਨਾਲ। ਮਤਲਬ ਕਿ ਇਹਨਾਂ ਅਦਾਰਿਆਂ ਅੰਦਰ ਅਜਿਹੀ ਸਿੱਖਿਆ ਦੇਣ ਦਾ ਪ੍ਰਬੰਧ ਕੀਤਾ ਜਾਵੇਗਾ ਜੋ ਵਿਦਿਆਰਥੀਆਂ ਨੂੰ ਇਸਲਾਮ ਅਤੇ ਰੱਬ ਨਾਲ ਵੀ ਜੋੜੇ । ਇਸ ਲਈ ਕੋਸ਼ਿਸ਼ ਕੀਤੀ ਜਾਵੇਗੀ ਕਿ ਦੋ ਪੀਰੀਅਡ ਇਸਲਾਮੀਆਤ ਵਾਸਤੇ ਰੱਖੇ ਜਾਣ। ਇਹਨਾਂ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਵਿਦਿਆਰਥੀਆਂ ਅੱਗੇ ਚਾਨਣ ਮੁਨਾਰਾ ਬਣਾਉਣ ਲਈ ਕੋਸ਼ਿਸ਼ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਮਾਲੇਰਕੋਟਲਾ ਅੰਦਰ ਅਲ-ਫਲਾਹ ਵਰਗੇ ਚਾਰ ਪੰਜ ਹੋਰ ਸਕੂਲ ਸਕੂਲਾਂ ਦੀ ਸਖਤ ਜਰੂਰਤ ਹੈ। ਤਾਂ ਜੋ ਮੁਸਲਿਮ ਬੱਚਿਆਂ ਨੂੰ ਚੰਗੀ ਸਿੱਖਿਆ ਮਿਲ ਸਕੇ। ਕੋਈ ਵਿਦਿਆਰਥੀ ਗਰੀਬੀ ਕਾਰਨ ਉਚ ਵਿੱਦਿਆ ਹਾਸਲ ਕਰਨ ਤੋਂ ਵਾਂਝੇ ਰਹਿੰਦੇ ਬੱਚਿਆਂ ਬਾਰੇ ਚੇਅਰਮੈਨ ਉਵੈਸ ਨੇ ਕਿਹਾ ਕਿ ਬੱਚਿਆਂ ਨੂੰ ਡਾਕਟਰ ਜਾਂ ਇੰਜੀਨੀਅਰ ਬਨਾਉਣ ਦੇ ਨਾਲ ਨਾਲ ਮੇਰੀ ਨਿੱਜੀ ਕੋਸ਼ਿਸ਼ ਹੋਵੇਗੀ ਕਿ ਪਹਿਲਾਂ ਬੱਚਿਆਂ ਦੀ ਸਖਸ਼ੀਅਤ ਦਾ ਵਿਕਾਸ ਕਰਕੇ ਉਨ੍ਹਾਂ ਨੂੰ ਇੱਕ ਚੰਗਾ ਇਨਸਾਨ ਬਣਾਇਆ ਜਾਵੇ ਤਾਂ ਜੋ ਇਹ ਦੁਨੀਆਂ ਤੇ ਆਖਰਤ ਵਿੱਚ ਕਾਮਯਾਬ ਹੋ ਸਕਣ।ਉਨ੍ਹਾਂ ਦੇ ਨਾਲ ਬੋਰਡ ਦੇ ਮੁੱਖ ਸੀਈਓ ਲਤੀਫ਼ ਅਹਿਮਦ ਥਿੰਦ ਸਮੇਤ ਵਕਫ਼ ਬੋਰਡ ਦੇ ਮੈਂਬਰ ਐਡਵੋਕੇਟ ਸ਼ਮਸ਼ਾਦ ਅਲੀ ਅਤੇ ਸ਼ਹਿਬਾਜ਼ ਰਾਣਾ ਆਦਿ ਵੀ ਮੌਜੂਦ ਸਨ।
ਚੇਅਰਮੈਨ ਮੁਹੰਮਦ ਉਵੇਸ ਨੇ ਲੜਕੀਆਂ ਅਤੇ ਲੜਕਿਆਂ ਦੇ ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲਾਂ ਅਤੇ ਇਸਲਾਮੀਆ ਗਰਲਜ ਕਾਲਜ ਦੇ ਦੌਰ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤਾਲੀਮ ਹਾਸਲ ਕਰਨਾ ਹਰੇਕ ਮੁਸਲਮਾਨ 'ਤੇ ਫ਼ਰਜ਼ ਹੈ ਅਤੇ ਸਿੱਖਿਆ ਪ੍ਰਾਪਤ ਕਰਕੇ ਹੀ ਇਕ ਵਿਅਕਤੀ ਪੂਰਨ ਇਨਸਾਨ ਬਣ ਸਕਦਾ ਹੈ। ਤਾਲੀਮ ਨੂੰ ਕਿਸੇ ਵੀ ਸਮਾਜ ਦਾ ਆਇਨਾ ਦਸਦਿਆਂ ਉਨਾਂ ਕਿਹਾ ਕਿ ਕੋਈ ਵੀ ਸਮਾਜ ਤਾਲੀਮ ਦੇ ਪਹੀਆਂ ਉਤੇ ਹੀ ਤਰੱਕੀ ਕਰ ਸਕਦਾ ਹੈ ਅਤੇ ਤਾਲੀਮ ਹੀ ਇਨਸਾਨੀ ਹੱਕ-ਹਕੂਕ ਤੋਂ ਆਗਾਹੀ ਤਰੱਕੀ ਵੱਲ ਜਾਣ ਦਾ ਪਹਿਲਾ ਰਸਤਾ ਹੈ। ਉਨ੍ਹਾਂ ਯਕੀਨ ਦਿਵਾਇਆ ਕਿ ਤਾਲੀਮ ਸਬੰਧੀ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਜਿਹੜੇ ਵੀ ਉਪਾਅ ਕਰਨ ਦੀ ਜ਼ਰੂਰਤ ਹੋਵੇਗੀ ਪਹਿਲ ਦੇ ਆਧਾਰ 'ਤੇ ਕੀਤੇ ਜਾਣਗੇ। ਚੇਅਰਮੈਨ ਮੁਹੰਮਦ ਓਵੈਸ ਨੇ ਕਿਹਾ ਕਿ ਲੜਕੀਆਂ ਨੂੰ ਆਪਣੇ ਪੈਰਾਂ ਤੇ ਖੜ੍ਹਾ ਕਰਨ ਲਈ ਦੀਨੀ ਤਾਲੀਮ ਦੇ ਨਾਲ ਨਾਲ ਰੁਜ਼ਗਾਰ ਮੁਖੀ ਪੜ੍ਹਾਈ ਦਾ ਪ੍ਰਬੰਧ ਕੀਤਾ ਜਾਣਾ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਅਧਿਆਪਕਾਂ ਨਾਲ ਮੀਟਿੰਗ ਕਰਕੇ ਵਿਦਿਅਕ ਸੰਸਥਾਵਾਂ ਦੀਆਂ ਸਮੱਸਿਆਵਾਂ ਅਤੇ ਬਿਹਤਰੀ ਲਈ ਕੀਤੇ ਜਾ ਸਕਣ ਵਾਲੇ ਯਤਨਾਂ ਬਾਰੇ ਵਿਚਾਰ ਚਰਚਾ ਕੀਤੀ। ਚੇਅਰਮੈਨ ਮੁਹੰਮਦ ਓਵੈਸ ਨੇ ਵਕਫ਼ ਬੋਰਡ ਵੱਲੋਂ ਚਲਾਏ ਜਾ ਰਹੇ ਹਜ਼ਰਤ ਹਲੀਮਾ ਹਸਪਤਾਲ ਦਾ ਵੀ ਦੌਰਾ ਕੀਤਾ ਅਤੇ ਡਾਕਟਰਾਂ ਤੇ ਮਰੀਜ਼ਾਂ ਨੂੰ ਮਿਲ ਕੇ ਸਥਾਨਕ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਹਸਪਤਾਲ ਨੂੰ ਇਸ ਖਿੱਤੇ ਦਾ ਸਭ ਤੋਂ ਬਿਹਤਰ ਮੈਡੀਕਲ ਸਹੂਲਤਾਂ ਵਾਲਾ ਹਸਪਤਾਲ ਬਣਾਇਆ ਜਾਵੇਗਾ।