ਕਵਰੇਜ ਦੌਰਾਨ ਪੱਤਰਕਾਰ ਜਗਦੀਪ ਥਲੀ ਨਾਲ ਗੁੰਡਾਗਰਦੀ, ਹੱਥੋ ਪਾਈ ਅਤੇ ਧਮਕੀਆਂ ਦੇਣ ਵਾਲੇ ਖਿਲਾਫ ਪੁਲਿਸ ਪ੍ਰਸ਼ਾਸਨ ਜਲਦ ਸਖਤ ਤੋਂ ਸਖਤ ਕਰੇ ਕਾਰਵਾਈ - ਪ੍ਰੈਸ ਕਲੱਬ
ਰੂਪਨਗਰ 12 ਮਾਰਚ 2025 :ਅੱਜ ਰੂਪਨਗਰ ਵਿੱਚ ਸਤਲੁਜ ਪ੍ਰੈਸ ਕਲੱਬ ਦੇ ਸੀਨੀਅਰ ਪੱਤਰਕਾਰਾਂ ਦੀ ਮੀਟਿੰਗ ਕਲੱਬ ਦੇ ਸਾਥੀ ਪੱਤਰਕਾਰ ਜਗਦੀਪ ਸਿੰਘ ਥਲੀ ਨਾਲ ਹੋਈ, ਇਸ ਮੌਕੇ ਉਹਨਾਂ ਫਗਵਾੜਾ ਵਿਖੇ ਕਵਰੇਜ ਦੌਰਾਨ ਹੋਈ ਸਾਰੀ ਘਟਨਾ ਬਾਰੇ ਜਾਣਕਾਰੀ ਹਾਸਿਲ ਕੀਤੀ । ਕਵਰੇਜ ਦੌਰਾਨ ਪੱਤਰਕਾਰ ਜਗਦੀਪ ਸਿੰਘ ਥਲੀ ਤੇ ਉਹਨਾਂ ਦੇ ਸਹਿਯੋਗੀਆਂ ਨਾਲ ਜੋ ਗੁੰਡਾਗਰਦੀ ਢਾਬਾ ਮਾਲਕ ਤੇ ਉਸਦੇ ਕਰਿੰਦਿਆਂ ਨੇ ਕੀਤੀ ਉਸਦੀ ਨਿਖੇਧੀ ਕਰਦੇ ਹੋਏ ਸਤਲੁਜ ਪ੍ਰੈਸ ਕਲੱਬ ਦੇ ਪ੍ਰਧਾਨ ਅਤੇ ਸਮੂਹ ਮੈਂਬਰਾਂ ਨੇ ਇੱਕ ਸੁਰ ਵਿੱਚ ਕਿਹਾ ਕਿ ਢਾਬਾ ਮਾਲਕ ਤੇ ਕਰਿੰਦਿਆਂ ਦੀ ਗੁੰਡਾਗਰਦੀ ਬਰਦਾਸ਼ਤ ਯੋਗ ਨਹੀਂ ਕਿ ਕੋਈ ਲੋਕਾਂ ਦੀ ਲੁੱਟ ਕਰ ਰਿਹਾ ਹੋਵੇ ਤੇ ਜੇਕਰ ਪੱਤਰਕਾਰ ਉਸ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰੇ ਤਾਂ ਉਸ ਨਾਲ ਗੁੰਡਾਗਰਦੀ ਤੇ ਬਦਮਾਸ਼ੀ ਕੀਤੀ ਜਾਵੇ।
ਉਹਨਾਂ ਕਿਹਾ ਕਿ ਪੱਤਰਕਾਰਾਂ ਤੇ ਉਗਲਾਂ ਚੁੱਕ ਕੇ ਆਰੋਪੀ ਆਪਣੇ ਆਪ ਨੂੰ ਸਹੀ ਸਾਬਿਤ ਕਰਨ ਦੀ ਕੋਸ਼ਿਸ਼ ਵਿੱਚ ਹੁੰਦਾ ਹੈ ਪਰ ਉਸਦੇ ਖਿਲਾਫ ਜੋ ਅੱਜ ਅਨੇਕਾਂ ਲੋਕ ਆਵਾਜ਼ ਚੁੱਕ ਰਹੇ ਹਨ ਪ੍ਰਸ਼ਾਸਨ ਨੂੰ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜੋ ਉੱਥੇ ਲੋਕਾਂ ਦੀ ਲੁੱਟ ਖਸੁੱਟ ਹੋ ਰਹੀ ਸੀ ਉਸ ਢਾਬਾ ਮਾਲਕ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਅਤੇ ਜੋ ਉਸਨੇ ਗੁੰਡਾਗਰਦੀ ਪੱਤਰਕਾਰ ਸਾਥੀ ਜਗਦੀਪ ਸਿੰਘ ਥਲੀ ਤੇ ਉਹਨਾਂ ਦੇ ਸਹਿਯੋਗੀਆਂ ਨਾਲ ਕੀਤੀ ਉਸੇ ਵੀ ਸਖਤ ਤੋਂ ਸਖਤ ਧਾਰਾਵਾਂ ਤਹਿਤ ਪਰਚਾ ਦਰਜ ਹੋਣਾ ਚਾਹੀਦਾ ਹੈ ।
ਜੇਕਰ ਪ੍ਰਸ਼ਾਸਨ ਇਸ ਵਿੱਚ ਕੋਈ ਢਿੱਲੀ ਜਾਂ ਕੰਮ ਚਲਾਊ ਕਾਰਵਾਈ ਕਰਦਾ ਹੈ ਤਾਂ ਸਾਰੇ ਹੀ ਪੱਤਰਕਾਰ ਸਾਥੀ ਇਸ ਖਿਲਾਫ ਆਵਾਜ਼ ਬੁਲੰਦ ਕਰਨਗੇ, ਸਾਰੇ ਹੀ ਪੱਤਰਕਾਰ ਸਾਥੀਆਂ ਨੇ ਕਿਹਾ ਕਿ ਰੂਪਨਗਰ ਜਿਲੇ ਦੇ ਸਮੂਹ ਪੱਤਰਕਾਰ ਸਾਥੀ ਜਗਦੀਪ ਸਿੰਘ ਥਾਲੀ ਦੇ ਨਾਲ ਖੜੇ ਹਨ ਤੇ ਕਿਸੇ ਵੀ ਤਰ੍ਹ ਦਾ ਧੱਕਾ ਪੱਤਰਕਾਰ ਸਾਥੀ ਨਾਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਪੱਤਰਕਾਰ ਸਾਥੀ ਜਗਦੀਪ ਸਿੰਘ ਥਲੀ,ਸਤਲੁਜ ਪ੍ਰੈਸ ਕਲੱਬ ਪ੍ਰਧਾਨ ਸਰਬਜੀਤ ਸਿੰਘ, ਸੀਨੀਅਰ ਪੱਤਰਕਾਰ ਵਿਜੇ ਕਪੂਰ, ਸੀਨੀਅਰ ਪੱਤਰਕਾਰ ਮਨਜੀਤ ਸਿੰਘ ਲਾਡੀ ਖਾਬੜਾ, ਸੀਨੀਅਰ ਪੱਤਰਕਾਰ ਦਰਸ਼ਨ ਸਿੰਘ ਗਰੇਵਾਲ, ਸੀਨੀਅਰ ਪੱਤਰਕਾਰ ਸ਼ਮਸ਼ੇਰ ਬੱਗਾ , ਦਵਿੰਦਰ ਸ਼ਰਮਾ ਤੋਂ ਇਲਾਵਾ ਜਿਲੇ ਦੇ ਹੋਰ ਵੀ ਸੀਨੀਅਰ ਪੱਤਰਕਾਰ ਸਾਥੀ ਮੌਜੂਦ ਸਨ।