ਪੀ.ਏ.ਯੂ. ਦੇ ਵਿਦਿਆਰਥੀ ਨੂੰ ਸਰਵੋਤਮ ਥੀਸਸ ਪੁਰਸਕਾਰ ਹਾਸਲ ਹੋਇਆ
ਲੁਧਿਆਣਾ 12 ਮਾਰਚ, 2025 - ਪੀ.ਏ.ਯੂ. ਦੇ ਫਸਲ ਵਿਗਿਆਨ ਵਿਭਾਗ ਵਿਚ ਪੀ ਐੱਚ ਡੀ ਦੇ ਖੋਜਾਰਥੀ ਡਾ. ਰਕਸ਼ਿਤ ਭਗਤ ਨੂੰ ਬੀਤੇ ਦਿਨੀਂ 2024 ਲਈ ਸਰਵੋਤਮ ਥੀਸਸ ਪੁਰਸਕਾਰ ਪ੍ਰਦਾਨ ਕੀਤਾ ਗਿਆ| ਇਹ ਪੁਰਸਕਾਰ ਵਿਦਿਆਰਥੀ ਨੂੰ ਮੋਦੀਪੁਰਮ, ਮੇਰਠ, ਯੂ ਪੀ ਵਿਚ ਕਰਵਾਈ ਗਈ ਪਹਿਲੀ ਕੌਮਾਂਤਰੀ ਖੇਤੀ ਪ੍ਰਣਾਲੀਆਂ ਬਾਰੇ ਕਾਨਫਰੰਸ ਦੌਰਾਨ ਮਿਲਿਆ| ਇਹ ਕਾਨਫਰੰਸ ਭੋਜਨ, ਭੂਮੀ ਅਤੇ ਪਾਣੀ ਪ੍ਰਬੰਧਾਂ ਨੂੰ ਵਿਸ਼ਵ ਦੀ ਪੌਣ-ਪਾਣੀ ਤਬਦੀਲੀ ਦੇ ਸੰਬੰਧ ਵਿਚ ਸਮਝਣ ਲਈ ਆਈ ਸੀ ਏ ਆਰ ਕੇਂਦਰ ਵਿਖੇ ਕਰਵਾਈ ਗਈ ਸੀ|
ਡਾ. ਭਗਤ ਦਾ ਸ਼ੋਧ ਪ੍ਰਬੰਧ ਸੰਯੁਕਤ ਖੇਤੀ ਪ੍ਰਣਾਲੀ ਅਧੀਨ ਪੋਸ਼ਣ ਰੀਸਾਈਕਲਿੰਗ ਅਤੇ ਉਤਪਾਦਕਤਾ ਬਾਰੇ ਡਾ. ਸੋਹਨ ਸਿੰਘ ਵਾਲੀਆ ਦੀ ਨਿਗਰਾਨੀ ਹੇਠ ਲਿਖਿਆ ਗਿਆ ਸੀ| ਇਸ ਥੀਸਸ ਵਿਚ ਵਿਦਿਆਰਥੀ ਨੇ ਪੋਸ਼ਕਤਾ ਦੇ ਨਾਲ-ਨਾਲ ਗਰੀਨ ਹਾਊਸ ਗੈਸਾਂ, ਪ੍ਰਬੰਧ ਉਤਪਾਦਕਤਾ ਬਾਰੇ ਬੜੀਆਂ ਮੁੱਲਵਾਨ ਧਾਰਨਾਵਾਂ ਪੇਸ਼ ਕੀਤੀਆਂ ਸਨ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਡੀਨ ਪੋਸਟ ਗ੍ਰੈਜੁਏਟ ਸਟੱਡੀਜ਼ ਡਾ.ਮਾਨਇੰਦਰਾ ਸਿੰਘ ਗਿੱਲ ਅਤੇ ਫਸਲ ਵਿਗਿਆਨ ਵਿਭਾਗ ਦੇ ਮੁਖੀ ਡਾ. ਹਰੀ ਰਾਮ ਨੇ ਵਿਦਿਆਰਥੀ ਅਤੇ ਉਸਦੇ ਨਿਗਰਾਨ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ|