ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਕੈਲੀਫੋਰਨੀਆ ਵੱਲੋਂ ਅਜੋਕੀ ਪੰਜਾਬੀ ਗ਼ਜ਼ਲ ਬਾਰੇ ਵਿਸ਼ੇਸ਼ ਸਮਾਗਮ
ਨੌਜਵਾਨ ਸ਼ਾਇਰ ਸੁਖਦੀਪ ਔਜਲਾ ਪਹਿਲੇ ਸਤਨਾਮ ਯਾਦਗਾਰੀ ਐਵਾਰਡ ਨਾਲ ਸਨਮਾਨਿਤ
ਹਰਦਮ ਮਾਨ
ਮੋਹਾਲੀ, 10 ਮਾਰਚ 2025-ਬੀਤੇ ਦਿਨ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਐਸ.ਏ.ਐਸ. ਨਗਰ (ਮਹਾਲੀ) ਵਿਖੇ ਕਰਵਾਈ ਤਿੰਨ ਰੋਜ਼ਾ ਆਲਮੀ ਕਾਨਫਰੰਸ ਵਿੱਚ ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਕੈਲੀਫੋਰਨੀਆ (ਅਮਰੀਕਾ) ਅਤੇ ਗ਼ਜ਼ਲ ਮੰਚ ਸਰੀ (ਕੈਨੇਡਾ) ਵੱਲੋਂ ਇਕ ਸ਼ੈਸ਼ਨ ਦੌਰਾਨ ਅਜੋਕੀ ਪੰਜਾਬੀ ਗ਼ਜ਼ਲ ਬਾਰੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਕੈਲੀਫੋਰਨੀਆ ਦੇ ਪ੍ਰਧਾਨ ਕੁਲਵਿੰਦਰ, ਗਜ਼ਲ ਮੰਚ ਸਰੀ ਦੇ ਪ੍ਰਧਾਨ ਜਸਵਿੰਦਰ, ਪੰਜਾਬੀ ਯੂਨੀਵਰਸਿਟੀ ਦੇ ਡਾ. ਜਸਵਿੰਦਰ ਸਿੰਘ ਤੇ ਡਾ. ਜਸਵਿੰਦਰ ਸੈਣੀ ਅਤੇ ਸ਼ਾਇਰ ਸੁਖਦੀਪ ਔਜਲਾ ਨੇ ਕੀਤੀ। ਸਟੇਜ ਦਾ ਸੰਚਾਲਨ ਕਰਦਿਆਂ ਰਾਜਵੰਤ ਰਾਜ ਨੇ ਗ਼ਜ਼ਲ ਮੰਚ ਸਰੀ ਦੀ ਸਥਾਪਨਾ, ਇਸ ਦੇ ਕਾਰਜ ਅਤੇ ਪ੍ਰੋਗਰਾਮਾਂ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ ਅਤੇ ਜਗਜੀਤ ਨੌਸ਼ਹਿਰਵੀ ਨੇ ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਕੈਲੀਫੋਰਨੀਆ ਦੀਆਂ ਸਰਗਰਮੀਆਂ ਬਾਰੇ ਜਾਣੂੰ ਕਰਵਾਇਆ।
ਡਾਕਟਰ ਜਸਵਿੰਦਰ ਸੈਣੀ ਵੱਲੋਂ ਨੌਜਵਾਨ ਸ਼ਾਇਰ ਸੁਖਦੀਪ ਔਜਲਾ ਦੇ ਪਲੇਠੇ ਗ਼ਜ਼ਲ ਸੰਗ੍ਰਹਿ ‘ਇਕ ਕਮਰੇ ਦਾ ਸ਼ਾਇਰ’ ਬਾਰੇ ਸੰਖੇਪ ਵਿੱਚ ਪਰਚਾ ਪੜ੍ਹਿਆ ਗਿਆ। ਡਾ. ਜਸਵਿੰਦਰ ਸੈਣੀ ਨੇ ਕਿਹਾ ਕਿ ਸੁਖਦੀਪ ਦੀਆਂ ਗ਼ਜ਼ਲਾਂ ਨਵੀਂ ਪੰਜਾਬੀ ਗ਼ਜ਼ਲ ਦਾ ਪ੍ਰਤੀਨਿਧ ਰੂਪ ਲੈ ਕੇ ਹਾਜ਼ਰ ਹੋਈਆਂ ਹਨ ਅਤੇ ਇਹ ਦਰਸਾਉਂਦੀਆਂ ਹਨ ਕਿ ਨਵੀਂ ਪੀੜ੍ਹੀ ਦੀ ਗ਼ਜ਼ਲ ਆਪਣੇ ਅੰਦਰ ਕਈ ਨਵੀਆਂ ਸੰਭਾਵਨਾਵਾਂ ਅਤੇ ਕਈ ਨਵੇਂ ਰੂਪਾਂ ਸਰੂਪਾਂ ਨੂੰ ਉਜਾਗਰ ਕਰ ਰਹੀ ਹੈ। ਇਸ ਕਰਕੇ ਇਸ ਗ਼ਜ਼ਲ ਦਾ ਮੂੰਹ ਮੁਹਾਂਦਰਾ ਸਾਡੀ ਪੁਰਾਣੀ ਗ਼ਜ਼ਲ ਤੋਂ ਵੱਖ ਹੈ। ਬੇਸ਼ੱਕ ਨਵੀਂ ਪੰਜਾਬੀ ਗ਼ਜ਼ਲ ਵੀ ਆਪਣੇ ਅੰਦਰ ਰਵਾਇਤ ਨੂੰ ਸੰਭਾਲੀ ਬੈਠੀ ਹੈ ਪਰ ਇਸ ਨੇ ਵਿਸ਼ੇ ਅਤੇ ਤਕਨੀਕੀ ਪੱਖ ਤੋਂ ਕੁਝ ਨਵੀਆਂ ਸੰਭਾਵਨਾਵਾਂ ਪੈਦਾ ਕੀਤੀਆਂ ਹਨ।
ਡਾ. ਜਸਵਿੰਦਰ ਸਿੰਘ ਨੇ ਸੁਖਦੀਪ ਔਜਲਾ ਨੂੰ ਐਵਾਰਡ ਦੇਣ ‘ਤੇ ਸ਼ਾਇਰ ਕੁਲਵਿੰਦਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਦੋਂ ਵੱਡੇ ਲੇਖਕ ਛੋਟੇ ਲੇਖਕਾਂ ਨੂੰ ਸ਼ਾਬਾਸ਼ੀ ਦਿੰਦੇ ਨੇ ਤਾਂ ਉਹ ਹੋਰ ਸਾਬਤ ਅਤੇ ਵਧੀਆ ਪੁਟਦੇ ਹਨ। ਇਹ ਬਹੁਤ ਸ਼ਲਾਘਾਯੋਗ ਉਪਰਾਲਾ ਹੇ ਅਤੇ ਇਹ ਸ਼ਾਬਾਸ਼ੀ ਸੁਖਦੀਪ ਨੂੰ ਹੋਰ ਸਾਹਿਤ, ਗਜ਼ਲ ਅਤੇ ਕਵਿਤਾ ਦੇ ਲੇਖੇ ਲਾਏਗੀ। ਗ਼ਜ਼ਲ ਅਤੇ ਖੁੱਲ੍ਹੀ ਕਵਿਤਾ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬੀ ਗ਼ਜ਼ਲ ਨੇ ਕਵਿਤਾ ਦੀ ਅੰਦਰਲੀ ਰਵਾਨੀ ਨੂੰ, ਕਵਿਤਾ ਵਿਚਲੇ ਭਾਵਾਂ ਤੇ ਖ਼ਿਆਲਾਂ ਤੇ ਨਾਲ ਦੀ ਨਾਲ ਲਫ਼ਜ਼ਾਂ ਦੇ ਸੁਰਤਾਲ ਨੂੰ ਕਾਇਮ ਰੱਖਣ ਵਿਚ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਪ੍ਰਵਾਸੀ ਪੰਜਾਬੀ ਭਾਈਚਾਰੇ ਨੇ, ਪਰਵਾਸੀ ਪੰਜਾਬੀ ਸਾਹਿਤ ਅਤੇ ਸਾਹਿਤਕਾਰਾਂ ਨੇ ਪੰਜਾਬ ਦੀ ਚੇਤਨਾ, ਸੰਵੇਦਨਾ ਅਤੇ ਪੰਜਾਬ ਨੂੰ ਬਦਲਣ ਲਈ ਬਹੁਤ ਵੱਡਾ ਰੋਲ ਅਦਾ ਕੀਤਾ ਹੈ। ਪੰਜਾਬੀ ਜਿੱਥੇ ਵੀ ਹਨ ਉਹਨਾਂ ਦੇ ਮਨ ਵਿੱਚ ਪੰਜਾਬ ਦਾ ਫਿਕਰ ਹੈ, ਪੰਜਾਬ ਦਾ ਦਰਦ ਹੈ ਤੇ ਪੰਜਾਬ ਲਈ ਕੁਝ ਕਰਨ ਦਾ ਤਹੱਈਆ ਹੈ।
ਉਪਰੰਤ ਸ਼ਾਇਰ ਸੁਖਦੀਪ ਔਜਲਾ ਨੂੰ ਪਹਿਲਾ ਸਤਨਾਮ ਯਾਦਗਾਰੀ ਐਵਾਰਡ ਪ੍ਰਦਾਨ ਕੀਤਾ ਗਿਆ। ਸੁਖਦੀਪ ਔਜਲਾ ਨੇ ਇਸ ਸਨਮਾਨ ਲਈ ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਕੈਲੀਫੋਰਨੀਆ, ਗ਼ਜ਼ਲ ਮੰਚ ਸਰੀ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਨਾਲ ਜੁੜੀਆਂ ਸਭਨਾਂ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੇਰਾ ਇਸ ਐਵਾਰਡ ਲਈ ਚੁਣੇ ਜਾਣਾ ਮੇਰੇ ਲਈ ਮਾਣ ਅਤੇ ਖੁਸ਼ੀ ਵਾਲੀ ਗੱਲ ਹੈ। ਸੁਖਦੀਪ ਨੇ ਆਪਣੇ ਲਿਖਣ ਕਾਰਜ ਬਾਰੇ ਦੱਸਿਆ ਅਤੇ ਆਪਣੀਆਂ ਕੁਝ ਗ਼ਜ਼ਲਾਂ ਸਰੋਤਿਆਂ ਦੀ ਨਜ਼ਰ ਕੀਤੀਆਂ।
ਅੰਤ ਵਿਚ ਅਮਰੀਕਾ, ਕੈਨੇਡਾ ਅਤੇ ਆਸਟਰੇਲੀਆ ਤੋਂ ਪਹੁੰਚੇ ਗ਼ਜ਼ਲਗੋਆਂ ‘ਤੇ ਆਧਾਰਤ ਕਵੀ ਦਰਬਾਰ ਹੋਇਆ ਜਿਸ ਵਿਚ ਨਾਮਵਰ ਸ਼ਾਇਰ ਜਸਵਿੰਦਰ, ਕੁਲਵਿੰਦਰ, ਰਾਜਵੰਤ ਰਾਜ, ਜਗਜੀਤ ਨੌਸ਼ਹਿਰਵੀ, ਪ੍ਰੀਤ ਮਨਪ੍ਰੀਤ, ਹਰਦਮ ਮਾਨ, ਡਾ. ਗੁਰਮਿੰਦਰ ਸਿੱਧੂ, ਜੱਗੀ ਜੌਹਲ, ਗੁਰਮੀਤ ਸਿੱਧੂ ਅਤੇ ਡਾ. ਜਗੀਰ ਕਾਹਲੋਂ ਨੇ ਆਪਣਾ ਕਲਾਮ ਪੇਸ਼ ਕੀਤਾ।