ਪੰਜਾਬੀ ਯੂਨੀਵਰਸਿਟੀ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਦੇ ਸਹਿਯੋਗ ਨਾਲ਼ ਕਰਵਾਈ ਕਾਨਫ਼ਰੰਸ
-'ਸਮਕਾਲੀ ਸੰਕਟ ਵਿੱਚ ਮੀਡੀਆ ਦੀ ਭੂਮਿਕਾ' ਵਿਸ਼ੇ 'ਤੇ ਕੀਤੀਆਂ ਵਿਚਾਰਾਂ
ਪਟਿਆਲਾ, 9 ਮਾਰਚ
ਪੰਜਾਬੀ ਯੂਨੀਵਰਸਿਟੀ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਦੇ ਸਹਿਯੋਗ ਨਾਲ਼ ਪੰਜਾਬ ਕਲਾ ਪ੍ਰੀਸ਼ਦ, ਚੰਡੀਗੜ੍ਹ ਵੱਲੋਂ ਪਿਛਲੇ ਦਿਨੀਂ ਯੂਨੀਵਰਸਿਟੀ ਵਿਖੇ 'ਸਮਕਾਲੀ ਸੰਕਟ ਵਿੱਚ ਮੀਡੀਆ ਦੀ ਭੂਮਿਕਾ' ਵਿਸ਼ੇ 'ਤੇ ਅੰਤਰਰਾਸ਼ਟਰੀ ਕਾਨਫ਼ਰੰਸ ਕਰਵਾਈ ਗਈ।
ਡਾ. ਨੈਨਸੀ ਦਵਿੰਦਰ ਕੌਰ, ਮੁਖੀ, ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਨੇ ਦੱਸਿਆ ਕਿ ਇਹ ਕਾਨਫਰੰਸ ਪੰਜਾਬ ਕਲਾ ਪ੍ਰੀਸ਼ਦ, ਚੰਡੀਗੜ੍ਹ ਵੱਲੋਂ ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਅਤੇ ਮਹਿੰਦਰ ਸਿੰਘ ਰੰਧਾਵਾ ਦੀ ਯਾਦ ਵਿੱਚ ਸ਼ੁਰੂ ਕੀਤੀ ਗਈ 'ਰੀਬੂਟਿੰਗ ਪੰਜਾਬ' ਪਹਿਲਕਦਮੀ ਅਧੀਨ ਆਯੋਜਿਤ ਕੀਤੀ ਗਈ।
ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਦੇ ਸਾਬਕਾ ਮੁਖੀ ਡਾ. ਹਰਜਿੰਦਰ ਵਾਲੀਆ ਨੇ ਸਵਾਗਤੀ ਭਾਸ਼ਣ ਵਿੱਚ ਪਤਵੰਤਿਆਂ ਦੀ ਜਾਣ-ਪਛਾਣ ਕਰਵਾਈ। ਕਾਨਫਰੰਸ ਨੂੰ ਡਾ. ਰਜਿੰਦਰ ਪਾਲ ਸਿੰਘ ਬਰਾੜ, ਸਾਬਕਾ ਡੀਨ ਭਾਸ਼ਾਵਾਂ ਅਤੇ ਡਾ. ਸਤਨਾਮ ਸਿੰਘ ਸੰਧੂ, ਸੰਪਾਦਕ ਪੰਜਾਬ ਵਿਰਾਸਤ ਨੇ ਸੰਬੋਧਨ ਕੀਤਾ। ਉਨ੍ਹਾਂ ਪੰਜਾਬ ਦੇ ਵਧ ਰਹੇ ਸੰਕਟ ਅਤੇ ਮੀਡੀਆ ਦੀ ਭੂਮਿਕਾ ਬਾਰੇ ਗੱਲ ਕਰਦਿਆਂ ਇਸ ਨੁਕਤੇ 'ਤੇ ਜ਼ੋਰ ਦਿੱਤਾ ਕਿ ਮੀਡੀਆ ਇੱਕ ਜ਼ਿੰਮੇਵਾਰ ਨਿਗਰਾਨ ਵਜੋਂ ਭੂਮਿਕਾ ਨਿਭਾ ਸਕਦਾ ਹੈ, ਗਲਤ ਜਾਣਕਾਰੀ ਦਾ ਮੁਕਾਬਲਾ ਕਰ ਸਕਦਾ ਹੈ ਅਤੇ ਸੰਕਟ ਦੇ ਸਮੇਂ ਉਸਾਰੂ ਸੰਵਾਦ ਨੂੰ ਉਤਸ਼ਾਹਿਤ ਕਰ ਸਕਦਾ ਹੈ।
ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਪਰਸਨ ਸਵਰਨਜੀਤ ਸਿੰਘ ਸਾਵੀ ਨੇ ਕਾਨਫਰੰਸ ਬਾਰੇ ਬੋਲਦਿਆਂ, ਦੱਸਿਆ ਕਿ ਪ੍ਰੀਸ਼ਦ ਨੇ ਪੰਜਾਬ ਦੇ ਵਿਦਿਆਰਥੀਆਂ ਅਤੇ ਬੁੱਧੀਜੀਵੀਆਂ ਨਾਲ ਜੁੜਨ ਲਈ 'ਰੀਬੂਟ ਪੰਜਾਬ' ਨਾਮਕ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੈ ਤਾਂ ਜੋ ਰਾਜ ਦੀ ਬਿਹਤਰੀ ਲਈ ਚਰਚਾ ਕੀਤੀ ਜਾ ਸਕੇ।
ਪ੍ਰਸਿੱਧ ਲੇਖਕ ਅਮਰਜੀਤ ਗਰੇਵਾਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ, ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਨੈਤਿਕ ਵਰਤੋਂ 'ਤੇ ਜ਼ੋਰ ਦਿੱਤਾ। ਡਾ. ਬਲਵਿੰਦਰ, ਨਿਰਮਾਤਾ ਅਤੇ ਮੇਜ਼ਬਾਨ ਨੇ ਪ੍ਰਵਾਸ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਦੁਰਦਸ਼ਾ ਬਾਰੇ ਗੱਲ ਕੀਤੀ।
ਇਸ ਸਮਾਗਮ ਵਿੱਚ ਵਿਦਿਆਰਥੀਆਂ ਅਤੇ ਖੋਜਾਰਥੀਆਂ ਵੱਲੋਂ ਖੋਜ ਪੱਤਰ ਪੇਸ਼ ਕੀਤੇ ਗਏ।
ਡਾ. ਬਿੰਦੂ ਸ਼ਰਮਾ, ਮੁਖੀ ਸਕੂਲ ਆਫ਼ ਕਮਿਊਨੀਕੇਸ਼ਨ ਸਟੱਡੀਜ਼, ਕੁਰੂਕਸ਼ੇਤਰ ਯੂਨੀਵਰਸਿਟੀ ਨੇ ਅਕਾਦਮੀਕ ਸੈਸ਼ਨ ਦੀ ਅਗਵਾਈ ਕੀਤੀ।
ਅੰਤ ਵਿੱਚ ਡਾ. ਨੈਨਸੀ ਦਵਿੰਦਰ ਕੌਰ ਨੇ ਬੁਲਾਰਿਆਂ, ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।