ਸ਼ੈਰੀ ਕਲਸੀ ਨੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਵਿਕਾਸ ਕਾਰਜਾਂ ਦੀ ਕੀਤੀ ਸਮੀਖਿਆ
ਵਿਕਾਸ ਕਾਰਜਾਂ ਵਿੱਚ ਹੋਰ ਤੇਜ਼ੀ ਲਿਆਉਣ ਲਈ ਦਿੱਤੇ ਦਿਸ਼ਾ-ਨਿਰਦੇਸ਼
ਰੋਹਿਤ ਗੁਪਤਾ
ਬਟਾਲਾ,9 ਮਾਰਚ 2025 : ਬਟਾਲਾ ਦੇ ਵਿਧਾਇਕ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਵਲੋਂ ਹਲਕਾ ਬਟਾਲਾ ਅਤੇ ਖਾਸਕਰਕੇ ਸ਼ਹਿਰ ਬਟਾਲਾ ਅੰਦਰ ਚੱਲ ਰਹੇ ਅਤੇ ਨਵੇਂ ਕਰਵਾਉਣ ਵਾਲੇ ਵਿਕਾਸ ਕਾਰਜਾਂ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਬਟਾਲਾ ਵਿਖੇ ਮੀਟਿੰਗ ਕੀਤੀ ਗਈ। ਇਸ ਮੌਕੇ ਐਸ.ਡੀ.ਐਮ-ਕਮ-ਕਮਿਸ਼ਨਰ ਕਾਰਪੋਰੇਸ਼ਨ ਬਟਾਲਾ, ਵਿਕਰਮਜੀਤ ਸਿੰਘ ਪਾਂਥੇ, ਡੀ.ਐਸ.ਪੀ (ਐੱਚ), ਤੇਜਿੰਦਰਪਾਲ ਸਿੰਘ ਸੰਧੂ, ਡੀ.ਐਸ.ਪੀ (ਸਿਟੀ) ਸੰਜੀਵ ਕੁਮਾਰ ਅਤੇ ਸੀਵਰੇਜ, ਕਾਰਪੋਰੇਸ਼ਨ,ਵਾਟਰ ਸਪਲਾਈ ਅਤੇ ਸੈਨੀਟੇਸ਼ਨ , ਪਾਵਰਕਾਮ, ਪੀ.ਡਬਲਿਊ.ਡੀ(ਬੀ ਐਂਡ ਆਰ), ਮੰਡੀ ਬੋਰਡ, ਡਰੇਨਜ, ਜੰਗਲਾਤ ਅਤੇ ਪੁਲਿਸ ਵਿਭਾਗ ਦੇ ਅਧਿਕਾਰੀ ਮੌਜੂਦ ਸਨ।
ਮੀਟਿੰਗ ਦੌਰਾਨ ਵਿਧਾਇਕ ਸ਼ੈਰੀ ਕਲਸੀ ਨੇ ਸਮੂਹ ਵਿਭਾਗਾਂ ਨੂੰ ਚੱਲ ਰਹੇ ਅਤੇ ਨਵੇਂ ਕਰਵਾਉਣ ਵਾਲੇ ਵਿਕਾਸ ਕਾਰਜਾਂ ਨੂੰ ਸਮਾਂਬੱਧ ਢੰਗ ਨਾਲ ਨੇਪਰੇ ਚਾੜ੍ਹਨ ਲਈ ਦਿਸ਼ਾ ਨਿਰਦੇਸ਼ ਦਿੱਤੇ ਤਾਂ ਜੋ ਇਨ੍ਹਾਂ ਵਿਕਾਸ ਕਾਰਜਾਂ ਦਾ ਲੋਕਾਂ ਨੂੰ ਜਲਦ ਤੋਂ ਜਲਦ ਫਾਇਦਾ ਮਿਲ ਸਕੇ।
ਮੀਟਿੰਗ ਦੌਰਾਨ ਵਿਧਾਇਕ ਸ਼ੈਰੀ ਕਲਸੀ ਨੇ ਪੀ. ਡਬਲਿਊ ਡੀ ਕੋਲੋਂ ਕਾਹਨੂੰਵਾਨ ਰੋਡ ਦੇ ਕੰਮਾਂ ਦੀ ਜਾਣਕਾਰੀ ਲੈਂਦਿਆ ਪਾਵਰਕਾਮ ਵਿਭਾਗ ਨੂੰ ਸੜਕ ਕਿਨਾਰਿਆਂ ਬਿਜਲੀ ਦੇ ਖੰਬੇ ਹਟਾਉਣ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਆਪਣੇ ਨਾਲ ਸਬੰਧਤ ਕੰਮ ਸਮੇਂ ਸਿਰ ਮੁਕੰਮਲ ਕਰਨ ਲਈ ਸਖਤ ਹਦਾਇਤ ਕੀਤੀ, ਤਾਂ ਜੋ ਸੜਕ ਦਾ ਵਿਕਾਸ ਕੰਮ ਜਲਦ ਮੁਕੰਮਲ ਹੋ ਸਕੇ। ਉਨ੍ਹਾਂ ਗੁਰਦੁਆਰਾ ਪਲਾਹੀ ਸਾਹਿਬ ਤੋਂ ਲੈ ਕੇ ਬਟਾਲਾ ਤੱਕ ਅਤੇ ਵੱਖ-ਵੱਖ ਪਿੰਡਾਂ ਵਿੱਚ ਸੜਕਾਂ ਦੇ ਵਿਕਾਸ ਕਾਰਜਾਂ ਦੀ ਸਮੀਖਿਆ ਵੀ ਕੀਤੀ।
ਵਿਧਾਇਕ ਸ਼ੈਰੀ ਕਲਸੀ ਨੇ ਜਲੰਧਰ ਬਾਈਪਾਸ ਨੇੜੇ ਬਣ ਰਹੇ ਹੈਰੀਟੇਜ ਐਂਟਰੀ ਗੇਟ, ਸੁੱਖਾ ਸਿੰਘ ਮਹਿਤਾਬ ਸਿੰਘ ਚੌਂਕੀ ਨੇੜੇ ਬਣ ਰਹੇ ਕਲਾਕ ਟਾਵਰ, ਸਕੂਲ ਆਫ ਐਮੀਨੈਂਸ, ਤਹਿਸੀਲ ਕੰਪਲੈਕਸ ਸਮੇਤ ਵੱਖ ਵੱਖ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ।
ਮੀਟਿੰਗ ਦੌਰਾਨ ਵਿਧਾਇਕ ਸ਼ੈਰੀ ਕਲਸੀ ਨੇ ਸੀਵਰੇਜ ਵਿਭਾਗ ਨੂੰ ਨਾਲਿਆਂ ਦੀ ਸਫਾਈ ਕਰਨ, ਡਰੇਨਜ ਵਿਭਾਗ ਨੂੰ ਮਾਨਸੂਨ ਤੋ ਪਹਿਲਾਂ ਹੰਸਲੀ ਦੀ ਸਫਾਈ ਕਰਨ, ਕਾਰਪੋਰੇਸ਼ਨ ਨੂੰ ਸ਼ਹਿਰ ਵਿੱਚ ਪਬਲਿਕ ਟਾਇਲਟਸ ਬਣਾਉਣ, ਸਮੇਤ ਵੱਖ-ਵੱਖ ਵਿਕਾਸ ਕਾਰਜਾਂ ਸਬੰਧੀ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ।
ਮੀਟਿੰਗ ਦੌਰਾਨ ਉਨ੍ਹਾਂ ਮੰਡੀ ਬੋਰਡ ਵਲੋਂ ਦਾਣਾ ਮੰਡੀ ਵਿਖੇ ਸ਼ੈੱਡ ਬਣਾਉਣ ਦੇ ਚੱਲ ਰਹੇ ਵਿਕਾਸ ਕੰਮ, ਕਿਸਾਨ ਰੈਣ ਬਸੇਰਾ ਵਿੱਚ ਕਿਸਾਨਾਂ ਦੀ ਸਹੂਲਤ ਲਈ ਉਥੇ ਵਿਕਾਸ ਕੰਮ ਸ਼ੁਰੂ ਕਰਵਾਉਣ ਅਤੇ ਮੰਡੀ ਬੋਰਡ ਵਲੋਂ ਬਣਾਈਆਂ ਜਾਣ ਵਾਲੀਆਂ ਸੜਕਾਂ ਸਬੰਧੀ ਜਾਣਕਾਰੀ ਲਈ।
ਮੀਟਿੰਗ ਦੌਰਾਨ ਪਾਵਰਕਾਮ ਵਿਭਾਗ ਨੂੰ ਸ਼ਹਿਰ ਵਿਚਲੀਆਂ ਢਿੱਲੀਆਂ ਬਿਜਲੀ ਦੀਆਂ ਤਾਰਾਂ ਨੂੰ ਸਹੀ ਕਰਨ ਖਾਸਕਰਕੇ ਸ਼ਹਿਰ ਵਿਚਲੇ ਬਜਾਰ, ਸਿਨੇਮਾ ਰੋਡ ਸਬੰਧੀ ਅਧਿਕਾਰੀਆਂ ਨੂੰ ਜਲਦ ਕੰਮ ਕਰਨ ਦੀ ਹਦਾਇਤ ਕੀਤੀ।
ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਕੂੜੇ ਦੀ ਸਾਂਭ ਸੰਭਾਲ ਕਰਨ ਅਤੇ ਆਵਾਜਾਈ ਨੂੰ ਹੋਰ ਸੁਖਾਲੀ ਕਰਨ ਲਈ ਕਾਰਪੋਰੇਸ਼ਨ ਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨਾਲ ਵਿਸਥਾਰ ਵਿੱਚ ਮੀਟਿੰਗ ਕਰਦਿਆਂ ਕਿਹਾ ਕਿ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਅਤੇ ਕੂੜੇ ਦੇ ਢੇਰਾਂ ਨੂੰ ਨਾਲ ਦੀ ਨਾਲ ਚੁੱਕਣ ਲਈ ਵਿਸ਼ੇਸ਼ ਰਣਨੀਤੀ ਉਲੀਕੀ ਜਾਵੇ। ਉਨ੍ਹਾਂ ਸ਼ਹਿਰ ਵਿਚਲੀ ਟਰੈਫਿਕ ਦੀ ਹੱਲ ਲਈ ਵੱਖ ਵੱਖ ਨੁਕਤਿਆਂ ਤੇ ਵਿਚਾਰ ਵਟਾਂਦਰਾ ਕੀਤਾ ਤੇ ਜਲਦ ਇਸਦੇ ਹੱਲ ਲਈ ਅਧਿਕਾਰੀਆਂ ਨੂੰ ਕਿਹਾ।
ਵਿਧਾਇਕ ਸ਼ੈਰੀ ਕਲਸੀ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਵਿਕਾਸ ਕਾਰਜਾਂ ਨੇਪਰੇ ਚਾੜ੍ਹਨ ਵਿੱਚ ਕੋਈ ਢਿੱਲਮੱਠ ਨਾ ਵਰਤਣ ਤੇ ਤੈਅ ਸਮੇਂ ਅੰਦਰ ਵਿਕਾਸ ਕਾਰਜ ਮੁਕੰਮਲ ਕੀਤੇ ਜਾਣ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਦਰਪੇਸ਼ ਸਮੱਸਿਆ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ।