ਡੇਅ ਲਾਈਟ ਸੇਵਿੰਗ-ਅਗਲੇ ਮਹੀਨੇ ਖਤਮ
ਐਤਵਾਰ 06 ਅਪ੍ਰੈਲ ਤੋਂ ਨਿਊਜ਼ੀਲੈਂਡ ਦੀਆਂ ਘੜੀਆਂ ਇਕ ਘੰਟਾ ਪਿੱਛੇ ਹੋ ਜਾਣਗੀਆਂ
-ਸਿਆਲ ਦੇ ਆਗਾਮੀ ਮਹੀਨਿਆਂ ਦਾ ਮੌਸਮ ਹੋਵੇਗਾ ਸ਼ੁਰੂ
-01 ਅਪ੍ਰੈਲ ਤੋਂ ਘੱਟੋ-ਘੱਟ ਮਿਹਨਤਾਨਾ 23.50 ਡਾਲਰ ਪ੍ਰਤੀ ਘੰਟਾ
-ਹਰਜਿੰਦਰ ਸਿੰਘ ਬਸਿਆਲਾ-
ਆਕਲੈਂਡ, 06 ਮਾਰਚ, 2025:-ਨਿਊਜ਼ੀਲੈਂਡ ਦੇ ਵਿਚ ‘ਡੇਅ ਲਾਈਟ ਸੇਵਿੰਗ’ ਨਿਯਮਾਂ ਤਹਿਤ ਸਮਾਂ ਦੱਸਣ ਵਾਲੀਆਂ ਘੜੀਆਂ ਦਾ ਸਮਾਂ ਅਗਲੇ ਮਹੀਨੇ ਐਤਵਾਰ 06 ਅਪ੍ਰੈਲ 2025 ਨੂੰ ਤੜਕੇ ਸਵੇਰੇ 3 ਵਜੇ ਇਕ ਘੰਟਾ ਪਿੱਛੇ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਪਿਛਲੇ 189 ਦਿਨਾਂ ਦੀ ਚੱਲ ਰਹੀ ਡੇਅ ਲਾਈਟ ਸੇਵਿੰਗ (ਦਿਨ ਦੀ ਰੋਸ਼ਨੀ ਦੀ ਬੱਚਤ) ਖਤਮ ਹੋ ਜਾਵੇਗੀ। ਇਹ ਸਮਾਂ ਇਸੀ ਤਰ੍ਹਾਂ 28 ਸਤੰਬਰ 2025 ਤੱਕ ਜਾਰੀ ਰਹੇਗਾ ਅਤੇ ਫਿਰ ਘੜੀਆਂ ਇਕ ਘੰਟਾ ਅੱਗੇ ਕਰ ਦਿੱਤੀਆਂ ਜਾਣਗੀਆਂ ਤੇ ਡੇਅ ਲਾਈਟ ਸੇਵਿੰਗ ਦੁਬਾਰਾ ਸ਼ੁਰੂ ਹੋਵੇਗੀ। ਆਮ ਤੌਰ ’ਤੇ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਕ ਦਿਨ ਪਹਿਲਾਂ ਯਾਨਿ ਕਿ ਸ਼ਨੀਵਾਰ (5 ਅਪ੍ਰੈਲ) ਨੂੰ ਸੌਣ ਤੋਂ ਪਹਿਲਾਂ ਆਪਣੀਆਂ ਚਾਬੀ ਵਾਲੀਆਂ ਘੜੀਆਂ ਤੇ ਕੰਧ ਘੜੀਆਂ (ਟਾਈਮਪੀਸ) ਇਕ ਘੰਟਾ ਪਿੱਛੇ ਕਰ ਲੈਣ ਤਾਂ ਕਿ ਉਨ੍ਹਾਂ ਨੂੰ ਸਵੇਰੇ ਉਠਣ ਸਾਰ ਬਦਲਿਆ ਹੋਇਆ ਸਮਾਂ ਮਿਲ ਸਕੇ। ਸਮਾਰਟ ਫੋਨਾਂ ਦੇ ਉਤੇ ਇਹ ਸਮਾਂ ਅਕਸਰ ਆਪਣੇ ਆਪ ਬਦਲ ਜਾਂਦਾ ਹੈ। 6 ਅਪ੍ਰੈਲ ਨੂੰ ਸੂਰਜ ਸਵੇਰੇ 7.38 ਵਜੇ ਦੀ ਥਾਂ 6.38 ਉਤੇ ਚੜ੍ਹੇਗਾ ਅਤੇ ਸ਼ਾਮ 6.07 ਮਿੰਟ ਉਤੇ ਮਿਟੇਗਾ। 6 ਅਪ੍ਰੈਲ ਨੂੰ ਲੋਕਾਂ ਨੂੰ ਇਕ ਘੰਟਾ ਪਹਿਲਾਂ ਸੂਰਜ ਚੜਿ੍ਹਆ ਹੋਇਆ ਪ੍ਰਤੀਤ ਹੋਵੇਗਾ ਤੇ ਇਕ ਘੰਟਾ ਪਹਿਲਾਂ ਸੂਰਜ ਮਿਟ ਜਾਵੇਗਾ। ਦਿਨ ਦੀ ਲੰਬਾਈ ਰਹੇਗੀ 11 ਘੰਟੇ 29 ਮਿੰਟ ਅਤੇ 13 ਸੈਕਿੰਡ। ਜੂਨ, ਜੁਲਾਈ ਅਤੇ ਅਗਸਤ ਮਹੀਨਾ ਨਿਊਜ਼ੀਲੈਂਡ ਦੇ ਵਿਚ ਸਿਆਲ ਦੇ ਮਹੀਨੇ ਮੰਨੇ ਜਾਂਦੇ ਹਨ।
ਬਦਲੇ ਹੋਏ ਸਮੇਂ ਅਨੁਸਾਰ ਜਦੋਂ ਭਾਰਤ ਵਿਚ ਦੁਪਹਿਰ ਦੇ 12 ਵੱਜਣਗੇ ਤਾਂ ਨਿਊਜ਼ੀਲੈਂਡ ਦੇ ਵਿਚ ਸ਼ਾਮ ਦੇ 6.30 ਹੋਇਆ ਕਰਨਗੇ ਜਾਂ ਕਹਿ ਲਈਏ ਜਦੋਂ ਨਿਊਜ਼ੀਲੈਂਡ ਦੁਪਹਿਰ ਦੇ 12 ਵਜੇ ਹੋਣਗੇ ਤਾਂ ਇੰਡੀਆ ਸਵੇਰ ਦੇ 5.30 ਹੋਇਆ ਕਰਨਗੇ।
ਮੌਸਮ ਪਤਝੜ ਦਾ: ਇਸ ਵੇਲੇ ਨਿਊਜ਼ੀਲੈਂਡ ਦੇ ਵਿਚ ਪਤਝੜ (ਓਟਮ) ਦਾ ਮੌਸਮ ਚੱਲ ਰਿਹਾ ਹੈ ਜੋ ਕਿ ਮਈ ਤੱਕ ਜਾਰੀ ਰਹੇਗਾ। ਇਸ ਨੂੰ ਗਰਮੀ ਤੋਂ ਸਰਦੀ ਦਾ ਸਫਰ ਵੀ ਕਿਹਾ ਜਾਂਦਾ ਹੈ।
ਆਸਟਰੇਲੀਆਾ: ਆਸਟਰੇਲੀਆ (ਸਿਡਨੀ) ਦੇ ਵਿਚ ਵੀ 06 ਅਪ੍ਰੈਲ ਨੂੰ ਘੜੀਆਂ ਇਕ ਘੰਟਾ ਪਿਛੇ ਹੋ ਜਾਣਗੀਆਂ ਅਤੇ 05 ਅਕਤੂਬਰ ਨੂੰ ਦੁਬਾਰਾ ਇਕ ਘੰਟਾ ਅੱਗੇ ਹੋਣਗੀਆਂ।
ਪਹਿਲੀ ਤੋਂ ਘੱਟੋ-ਘੱਟ ਮਿਹਨਤਾਨਾ ਵਧੇਗਾ
ਨਿਊਜ਼ੀਲੈਂਡ ਦੇ ਵਿਚ ਪਹਿਲੀ ਅਪ੍ਰੈਲ 2025 ਤੋਂ ਮਿਹਨਤਾਨਾ ਦਰ ( 16 ਸਾਲ ਤੋਂ ਉਪਰ) ਪ੍ਰਤੀ ਘੰਟਾ 23.50 ਡਾਲਰ ਹੋ ਜਾਵੇਗੀ ਜਦ ਕਿ ਇਸ ਵੇਲੇ ਇਹ 23.15 ਡਾਲਰ ਹੈ। ਇਹ ਵਾਧਾ 35 ਸੈਂਟ ਦਾ ਹੋਵੇਗਾ। ਜੇਕਰ ਕੋਈ ਵਿਅਕਤੀ 40 ਘੰਟੇ ਪ੍ਰਤੀ ਹਫਤਾ ਕੰਮ ਕਰਦਾ ਹੈ ਤਾਂ ਉਸਨੂੰ 14 ਡਾਲਰ ਦਾ ਫਰਕ ਪੈ ਜਾਵੇਗਾ ਤੇ ਸਲਾਨਾ ਲਗਪਗ 728 ਡਾਲਰ ਦਾ ਫਰਕ ਪਵੇਗਾ। ਸ਼ੁਰੂਆਤ ਅਤੇ ਅਭਿਆਸੀ ਸਮੇਂ ਦੇ ਲਈ ਇਹ ਮਿਹਨਤਾਨਾ ਦਰ 18.80 ਡਾਲਰ ਪ੍ਰਤੀ ਘੰਟਾ ਹੋ ਜਾਵੇਗੀ। ਇੰਪਲਾਇਮੈਂਟ ਨਿਊਜ਼ੀਲੈਂਡ ਵੱਲੋਂ ਰੁਜ਼ਗਾਰ ਦਾਤਾਵਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ-ਆਪਣੇ ਪੇਅਰੋਲ ਸਿਸਟਮ ਦੇ ਵਿਚ ਇਹ ਤਬਦੀਲੀਆਂ ਕਰ ਲੈਣ। ਕਰਮਚਾਰੀ ਵੀ ਆਪਣੇ ਮਾਲਕਾਂ ਨੂੰ ਇਸ ਸਬੰਧੀ ਦੱਸ ਸਕਦੇ ਹਨ।