ਨਸ਼ੇ ਸਾਡੇ ਸਮਾਜ ਨੂੰ ਕੈਂਸਰ ਦੀ ਤਰ੍ਹਾਂ ਅੰਦਰੋਂ ਅੰਦਰ ਹੀ ਖੋਖਲਾ ਕਰ ਰਹੇ ਹਨ - ਬੀ. ਡੀ. ਪੀ. ਓ. ਦੀਪਸ਼ਿਖਾ
ਦੀਦਾਰ ਗੁਰਨਾ
ਫਤਿਹਗੜ੍ਹ ਸਾਹਿਬ, 6 ਮਾਰਚ 2025 - ਨਸ਼ੇ ਸਾਡੇ ਸਮਾਜ ਨੂੰ ਕੈਂਸਰ ਦੀ ਤਰ੍ਹਾਂ ਅੰਦਰੋਂ ਅੰਦਰ ਹੀ ਖੋਖਲਾ ਕਰ ਰਹੇ ਹਨ l ਇਸ ਲਈ ਸਾਡਾ ਮੁਢਲਾ ਫਰਜ਼ ਬਣਦਾ ਹੈ, ਕਿ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰੀਏ l ਜੇਕਰ ਕੋਈ ਵਿਅਕਤੀ ਨਸ਼ੇ ਦੀ ਲੱਤ ਵਿੱਚ ਲੱਗ ਗਿਆ ਹੈ, ਤਾਂ ਉਸਨੂੰ ਨਸ਼ਾ ਛਡਾਊ ਕੇਂਦਰ ਵਿੱਚ ਦਾਖਲ ਕਰਵਾ ਕੇ ਉਸ ਨੂੰ ਇਸ ਨਾਮਰਾਦ ਬਿਮਾਰੀ ਤੋਂ ਬਚਾਈਏ l ਇਹ ਅਪੀਲ ਬੀ. ਡੀ. ਪੀ. ਓ. ਸਰਹੰਦ ਦੀਪਸ਼ਿਖਾ ਦਾਨੇਵਾਲੀਆ ਪਿੰਡਾਂ ਦੀਆਂ ਪੰਚਾਇਤਾਂ ਨੂੰ ਕੀਤੀ ਹੈ l
ਬੀ. ਡੀ. ਪੀ. ਓ. ਸਰਹਿੰਦ ਦੀਪਸ਼ਿਖਾ ਦਾਨੇਵਾਲੀਆ ਕਿਹਾ ਕਿ ਇਸੇ ਨੂੰ ਦੇਖਦੇ ਹੋਏ ਸਰਕਾਰ ਨੇ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਸ਼ੁਰੂ ਕੀਤੀ ਹੈ, ਜਿਸਦਾ ਮਕਸਦ ਨਸ਼ਿਆਂ ਦੀ ਵੱਧ ਰਹੀ ਲਤ ਨੂੰ ਖਤਮ ਕਰਨਾ ਅਤੇ ਨੌਜਵਾਨਾਂ ਨੂੰ ਨਵੇਂ ਮੌਕਿਆਂ ਨਾਲ ਜੋੜਨਾ ਹੈ। ਪਰ ਇਹ ਮੁਹਿੰਮ ਤਦ ਹੀ ਸਫਲ ਹੋ ਸਕਦੀ ਹੈ, ਜਦੋਂ ਅਸੀਂ ਸਾਰੇ ਪਿੰਡ ਵਾਸੀ ਮਿਲਕੇ ਇਸ ਵਿੱਚ ਭਾਗੀਦਾਰ ਬਣੀਏ। ਪਿੰਡ ਪੱਧਰ ਤੇ ਸਕੂਲਾਂ ਅਤੇ ਧਾਰਮਿਕ ਸਥਾਨਾਂ ਤੇ ਜਾਗਰੂਕਤਾ ਮੁਹਿੰਮ ਦੇ ਤਹਿਤ ਨਸ਼ਿਆਂ ਦੇ ਨੁਕਸਾਨ ਬਾਰੇ ਲੋਕਾਂ ਨੂੰ ਸਮਝਾਇਆ ਜਾਵੇ, ਅੱਜ ਸਾਡੇ ਨੌਜਵਾਨ ਨਸ਼ਿਆਂ ਦੀ ਚਪੇਟ ਵਿੱਚ ਆ ਰਹੇ ਹਨ, ਜਿਸ ਕਰਕੇ ਪਰਿਵਾਰ, ਸਮਾਜ ਅਤੇ ਪੂਰਾ ਪਿੰਡ ਪ੍ਰਭਾਵਿਤ ਹੋ ਰਿਹਾ ਹੈ ।
ਇਹ ਸਮੱਸਿਆ ਸਿਰਫ਼ ਇੱਕ ਵਿਅਕਤੀ ਦੀ ਨਹੀਂ, ਸਗੋਂ ਪੂਰੀ ਕੌਮ ਦੀ ਹੈ। ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਅਤੇ ਕਲਾ-ਸੰਸਕ੍ਰਿਤੀ ਵਲ ਪ੍ਰੇਰਿਤ ਕੀਤਾ ਜਾਵੇ। ਪੁਲਿਸ ਅਤੇ ਪ੍ਰਸ਼ਾਸਨ ਨਾਲ ਮਿਲ ਕੇ ਗ਼ੈਰਕਾਨੂੰਨੀ ਨਸ਼ਾ ਵੇਚਣ ਵਾਲਿਆਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇ, ਇਹ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁੱਧ” ਨੀਤੀ ਅਧੀਨ ਹੋਵੇ। ਜੋ ਵੀ ਵਿਅਕਤੀ ਨਸ਼ਿਆਂ ਦੀ ਲਤ ’ਚ ਫਸ ਚੁੱਕੇ ਹਨ, ਉਨ੍ਹਾਂ ਨੂੰ ਮੁਫ਼ਤ ਇਲਾਜ ਅਤੇ ਸਮਾਜ ’ਚ ਵਾਪਸ ਆਉਣ ਦਾ ਮੌਕਾ ਦਿੱਤਾ ਜਾਵੇ। ਉਹਨਾਂ ਪਿੰਡਾਂ ਦੇ ਸਰਪੰਚਾਂ ਨੂੰ ਅਪੀਲ ਕੀਤੀ ਕਿ ਪੰਚਾਇਤਾਂ ਦੀ ਅਗਵਾਈ ਇਸ ਮਹਿਮ ਨੂੰ ਕਾਮਯਾਬ ਬਣਾ ਸਕਦੀ ਹੈ, ਇਸ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹਰੇਕ ਪਿੰਡ ਵਿੱਚ ਲਾਗੂ ਕਰਕੇ ਇਸ ਬੁਰਾਈ ਨੂੰ ਜੜ ਤੋਂ ਖਤਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ “ਨਸ਼ੇ ਖਿਲਾਫ਼ ਨਹੀਂ ਲੜਾਂਗੇ, ਤਾਂ ਆਪਣੀ ਨਵੀਂ ਪੀੜ੍ਹੀ ਨੂੰ ਗਵਾ ਬੈਠਾਂਗੇ!”