ਘੁੱਗੀ ਅਤੇ ਬੱਬੂ ਨੇ ਬੇਰਹਿਮੀ ਨਾਲ ਕੀਤਾ ਸੀ ਚੌਂਕੀਦਾਰ ਦਾ ਕਤਲ- ਮੁਲਜ਼ਮ ਗ੍ਰਿਫਤਾਰ
ਅਸ਼ੋਕ ਵਰਮਾ
ਬਠਿੰਡਾ,6ਮਾਰਚ2025: ਮਲੋਟ ਰੋਡ ’ਤੇ ਸਥਿਤ ਬਾਜ਼ਾਰ ਵਿੱਚ ਦੁਕਾਨਾਂ ਲਈ ਚੌਕੀਦਾਰ ਵਜੋਂ ਕੰਮ ਕਰਨ ਵਾਲੇ 55 ਸਾਲਾ ਵਿਅਕਤੀ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਦੇ ਮਾਮਲੇ ਵਿੱਚ ਬਠਿੰਡਾ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕਰ ਲਈ ਹੈ। ਮੁਲਜਮਾਂ ਦੀ ਪਛਾਨ ਗੁਰਪ੍ਰੀਤ ਸਿੰਘ ਉਰਫ ਬੱਬੂ ਪੁੱਤਰ ਬਹਾਦਰ ਸਿੰਘ ਵਾਸੀ ਗਿੱਦੜਬਾਹਾ ਅਤੇ ਬਲਜਿੰਦਰ ਸਿੰਘ ਉਰਫ ਘੁੱਗੀ ਪੁੱਤਰ ਹਰਬੰਸ ਸਿੰਘ ਵਾਸੀ ਬਹਿਮਣ ਦਿਵਾਨਾ ਦੋਵੇਂ ਹਾਲ ਅਬਾਦ ਪੱਕਾ ਧੋਬੀਆਣਾ ਬਸਤੀ ਬਠਿੰਡਾ ਵਜੋਂ ਹੋਈ ਹੈ। ਪੁਲਿਸ ਹੁਣ ਇਸ ਮਾਮਲੇ ’ਚ ਅਗਲੀ ਕਾਰਵਾਈ ਕਰਨ ’ਚ ਜੁਟ ਗਈ ਹੈ। ਮ੍ਰਿਤਕ ਗੁਰੂ ਨਾਨਕ ਨਗਰ ਦੇ ਰਹਿਣ ਵਾਲੇ ਕ੍ਰਿਸ਼ਨ ਕੁਮਾਰ ਪੁੱਤਰ ਲਕੋਈ ਵਾਸੀ ਸਲੇਮਪੁਰ ਜਿਲ੍ਹਾ ਅਯੁੱਧਿਆ ਉੱਤਰ ਪ੍ਰਦੇਸ਼ ਸੀ ਜੋ ਚੌਕੀਦਾਰ ਵਜੋਂ ਕੰਮ ਕਰਦਾ ਸੀ ।
ਮ੍ਰਿਤਕ ਆਪਣੇ ਭਤੀਜੇ ਰਾਮ ਲਖਨ ਨਾਲ ਗੁਰੂ ਨਾਨਕ ਨਗਰ, ਬਠਿੰਡਾ ਵਿੱਚ ਰਹਿੰਦਾ ਸੀ। ਹਮਲਾਵਰਾਂ ਨੇ ਇਹ ਕਤਲ ਬੜੀ ਬੇਰਹਿਮੀ ਨਾਲ ਕੀਤਾ ਸੀ ਅਤੇ ਇਸ ਦੌਰਾਨ ਚੌਕੀਦਾਰ ਦੀਆਂ ਦੋਵੇਂ ਅੱਖਾਂ ਕੱਢ ਦਿੱਤੀਆਂ ਗਈਆਂ ਸਨ ਉਸਦੇ ਸਿਰ ’ਤੇ ਗੰਭੀਰ ਸੱਟਾਂ ਦੇ ਨਿਸ਼ਾਨ ਸਨ। ਜਿੱਥੇ ਇਹ ਕਤਲ ਦੀ ਘਟਨਾ ਵਾਪਰੀ ਉਸ ਥਾਂ ਤੋਂ ਥਰਮਲ ਪੁਲਿਸ ਸਟੇਸ਼ਨ ਸਿਰਫ 300 ਮੀਟਰ ਦੀ ਦੂਰੀ ’ਤੇ ਹੈ । ਡੀਐਸਪੀ ਸਿਟੀ ਸਰਬਜੀਤ ਸਿੰਘ ਨੇ ਦੱਸਿਆ ਕਿ ਇਸ ਕਤਲ ਦੇ ਸਬੰਧ ਵਿੱਚ ਮੁਕੱਦਮਾ ਦਰਜ ਕਰਨ ਤੋਂ ਬਾਅਦ ਥਾਣਾ ਥਰਮਲ ਦੇ ਮੁੱਖ ਥਾਣਾ ਅਫਸਰ ਦੀ ਅਗਵਾਈ ਹੇਠ ਟੀਮਾਂ ਬਣਾਈਆਂ ਗਈਆਂ ਸਨ ਜਿੰਨ੍ਹਾਂ ਨੂੰ ਇਹ ਸਫਲਤਾ ਮਿਲੀ ਹੈ।
ਉਨ੍ਹਾਂ ਦੱਸਿਆ ਕਿ ਪੜਤਾਲ ਦੋਰਾਨ ਸਾਹਮਣੇ ਆਇਆ ਕਿ ਮੁਲਜਮ ਘੋੜਾ ਟਰਾਲਾ ਲੈਕੇ ਜਾ ਰਹੇ ਸਨ ਤਾਂ ਉਨ੍ਹਾਂ ਨੇ ਇਸ ਬਜਾਰ ਵਿੱਚ ਚੋਰੀ ਕਰਨ ਦੇ ਇਰਾਦੇ ਨਾਲ ਕਈ ਖੋਖਿਆਂ ਦੇ ਜਿੰਦਰੇ ਤੋੜ ਲਏ ਜਿਸ ਦਾ ਜਦੋਂ ਚੌਂਕੀਦਾਰ ਨੇ ਵਿਰੋਧ ਕੀਤਾ ਤਾਂ ਮੁਲਜਮਾਂ ਨੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਮੁਲਜਮਾਂ ਨੂੰ ਰਾਜਸਥਾਨ ਚੋਂ ਗ੍ਰਿਫਤਾਰ ਕੀਤਾ ਗਿਆ ਹੈ। ਡੀਐਸਪੀ ਨੇ ਦੱਸਿਆ ਕਿ ਮੁਲਜਮਾਂ ਦਾ ਰਿਮਾਂਡ ਹਾਸਲ ਕਰਨ ਉਪਰੰਤ ਅਗਲੀ ਪੁੱਛ ਪੜਤਾਲ ਕੀਤੀ ਜਾਏਗੀ।