ਡੇਰਾਬੱਸੀ ਵਿਖੇ ਰਸਾਇਣਕ ਹਾਦਸੇ ਨੂੰ ਰੋਕਣ ਲਈ ਰਾਜ ਪੱਧਰੀ ਮੌਕ ਅਭਿਆਸ ਕਰਵਾਇਆ ਗਿਆ
ਹਰਜਿੰਦਰ ਸਿੰਘ ਭੱਟੀ
- ਪੰਜਾਬ ਕੈਮੀਕਲ ਐਂਡ ਕਰੌਪ ਪ੍ਰੋਟੈਕਸ਼ਨ ਲਿਮਟਿਡ ਵਿਖੇ ਟੋਲਿਊਨ ਲੀਕੇਜ ਦਾ ਨਕਲੀ ਦ੍ਰਿਸ਼ ਬਣਾਇਆ ਗਿਆ
- ਪਿੰਜੌਰ ਤੋਂ ਐਨ ਡੀ ਆਰ ਐਫ਼ ਦੀ 7ਵੀਂ ਬਟਾਲੀਅਨ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਮੌਕ ਡਰਿੱਲ ਆਪ੍ਰੇਸ਼ਨ ਦਾ ਅਭਿਆਸ ਕੀਤਾ
ਡੇਰਾਬੱਸੀ (ਐਸ.ਏ.ਐਸ. ਨਗਰ), 6 ਮਾਰਚ, 2025: ਰਸਾਇਣਕ ਹਾਦਸੇ ਨੂੰ ਰੋਕਣ ਤੇ ਨਿਪਟਣ ਲਈ ਰਾਜ ਵਿਆਪੀ ਡੰਮੀ ਅਭਿਆਸ ਦੇ ਹਿੱਸੇ ਵਜੋਂ, ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਦੀ 7ਵੀਂ ਬਟਾਲੀਅਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸਹਿਯੋਗ ਨਾਲ ਅੱਜ ਪੰਜਾਬ ਕੈਮੀਕਲ ਐਂਡ ਕਰੌਪ ਪ੍ਰੋਟੈਕਸ਼ਨ ਲਿਮਟਿਡ ਡੇਰਾਬੱਸੀ ਵਿਖੇ ਇੱਕ ਮਸ਼ਕ ਦਾ ਆਯੋਜਨ ਕੀਤਾ ਗਿਆ।
ਜਾਣਕਾਰੀ ਦਿੰਦਿਆਂ ਉਪ ਮੰਡਲ ਮੈਜਿਸਟਰੇਟ, ਅਮਿਤ ਗੁਪਤਾ, ਜੋ ਕਿ ਆਫ਼ਤ ਪ੍ਰਬੰਧਨ ਅਧੀਨ ਘਟਨਾ ਕਮਾਂਡਰ ਵੀ ਹਨ, ਨੇ ਦੱਸਿਆ ਕਿ ਟੈਂਕਰ ਤੋਂ ਰੀਫਿਲਿੰਗ ਦੌਰਾਨ ਟੋਲਿਊਨ ਲੀਕੇਜ ਦਾ ਇੱਕ ਨਕਲੀ ਦ੍ਰਿਸ਼ ਮੌਕ ਡਰਿੱਲ ਅਭਿਆਸ ਲਈ ਬਣਾਇਆ ਗਿਆ।
ਮੌਕੇ ਤੇ ਕੀਤੀ ਗਈ ਬਚਾਅ ਕਾਰਵਾਈ ਦੇ ਕ੍ਰਮ ਦਾ ਵੇਰਵਾ ਦਿੰਦੇ ਹੋਏ, ਉਨ੍ਹਾਂ ਨੇ ਦੱਸਿਆ ਕਿ ਟੈਂਕਰ ਦੀ ਅਨਲੋਡਿੰਗ ਦੌਰਾਨ ਕਨੈਕਟਿੰਗ ਹੋਜ਼ ਵਾਲਵ 'ਤੇ ਟੋਲਿਊਨ ਲੀਕ ਹੋਣ ਦਾ ਪਤਾ ਲੱਗਣ 'ਤੇ ਅਲਾਰਮ ਸਿਸਟਮ ਵੱਜਿਆ। ਮੌਕੇ 'ਤੇ ਕਰਮਚਾਰੀ ਫਸਣ ਦਾ ਅਲਾਰਮ ਵੱਜਣ ਤੋਂ ਬਾਅਦ ਸੁਰੱਖਿਆ ਟੀਮ ਨੇ ਉਨ੍ਹਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਅਤੇ ਆਪਣੇ ਸਰੋਤਾਂ ਦੇ ਨਾਲ ਅੰਦਰੂਨੀ ਬਚਾਅ ਕਾਰਜ ਸ਼ੁਰੂ ਕੀਤੇ।
ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ, ਕੰਪਨੀ ਦੀ ਸੁਰੱਖਿਆ ਟੀਮ ਨੇ ਫਸੇ 04 ਕਰਮਚਾਰੀਆਂ ਨੂੰ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਤੋਂ ਮਦਦ ਦੀ ਮੰਗ ਕੀਤੀ। ਇਸ ਤੇ, ਜ਼ਿਲ੍ਹਾ ਪ੍ਰਸ਼ਾਸਨ ਨੇ ਘਟਨਾ ਤੇ ਤੁਰੰਤ ਕਾਰਵਾਈ ਦੀ ਪ੍ਰਣਾਲੀ ਨੂੰ ਸਰਗਰਮ ਕੀਤਾ ਅਤੇ 04 ਫਸੇ ਪੀੜਤਾਂ ਨੂੰ ਕੱਢਣ ਲਈ ਐਨ ਡੀ ਆਰ ਐਫ ਟੀਮ ਦੀ ਮੰਗ ਕੀਤੀ।
ਐਨ ਡੀ ਆਰ ਐਫ ਦੀ ਟੀਮ ਘਟਨਾ ਵਾਲੀ ਥਾਂ 'ਤੇ ਪਹੁੰਚੀ ਅਤੇ 04 ਫਸੇ ਪੀੜਤਾਂ ਨੂੰ ਬਾਹਰ ਕੱਢਿਆ, ਜਦੋਂ ਕਿ ਫਾਇਰ ਫਾਈਟਿੰਗ ਟੀਮ ਨੇ ਟੋਲੂਏਨ ਦੇ ਫਲੈਸ਼ ਪੁਆਇੰਟ ਤੋਂ ਉੱਪਰ, ਤਾਪਮਾਨ ਵਧਣ ਤੋਂ ਬਚਾਓ ਲਈ ਮੌਕੇ 'ਤੇ ਪਾਣੀ ਦਾ ਛਿੜਕਾਅ ਕੀਤਾ।
ਟੀਮ ਨੇ ਪੰਜਾਬ ਕੈਮੀਕਲ ਐਂਡ ਕਰੌਪ ਪ੍ਰੋਟੈਕਸ਼ਨ ਲਿਮਟਿਡ ਸੁਰੱਖਿਆ ਟੀਮ ਦੇ ਤਾਲਮੇਲ ਨਾਲ ਲੀਕ ਹੋਏ ਵਾਲਵ ਨੂੰ ਬੰਦ ਕਰ ਦਿੱਤਾ ਅਤੇ ਲੀਕੇਜ ਨੂੰ ਜ਼ੀਰੋ ਪੀ ਪੀ ਐਮ ਤੱਕ ਲਿਆਂਦਾ। ਸਾਈਟ 'ਤੇ ਮੌਜੂਦ ਬਾਕੀ ਪ੍ਰਤੀਭਾਗੀ ਵਿਭਾਗਾਂ ਨੇ ਡਿਸਟ੍ਰਿਕਟ ਡਿਜ਼ਾਸਟਰ ਮੈਨੇਜਮੈਂਟ ਪਲਾਨ ਦੇ ਅਨੁਸਾਰ, ਆਪਣੀ-ਆਪਣੀ ਭੂਮਿਕਾ ਨਿਭਾਈ। ਬਚਾਅ ਅਤੇ ਨਿਕਾਸੀ ਕਾਰਜਾਂ ਨੂੰ ਪੂਰਾ ਕਰਨ ਤੋਂ ਬਾਅਦ ਸਾਰੇ ਬਚਾਅ ਕਰਤਾਵਾਂ ਦਾ ਗੈਸ ਦੇ ਨੁਕਸਾਨ ਤੋਂ ਬਚਾਅ ਲਈ ਪ੍ਰਬੰਧ ਕੀਤਾ ਗਿਆ।
ਮੌਕ ਡਰਿੱਲ ਆਪ੍ਰੇਸ਼ਨ ਦੇ 204 ਭਾਗੀਦਾਰਾਂ ਵਿੱਚ ਬ੍ਰਿਗੇਡੀਅਰ ਰਵਿੰਦਰ ਗੁਰੰਗ (ਸੇਵਾਮੁਕਤ), ਸੀਨੀਅਰ ਸਲਾਹਕਾਰ, ਨੈਸ਼ਨਲ ਡਿਸਾਸਟਰ ਮੈਨੇਜਮੈਂਟ ਅਥਾਰਟੀ, ਫਾਇਰ ਸਰਵਿਸਿਜ਼ ਦੇ 15 ਕਰਮਚਾਰੀ, ਪੰਜਾਬ ਪੁਲਿਸ ਦੇ 12 ਕਰਮਚਾਰੀ, ਜ਼ਿਲ੍ਹਾ ਪ੍ਰਸ਼ਾਸਨ ਦੇ 10 ਕਰਮਚਾਰੀ, ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਤੋਂ ਇੱਕ ਕੰਸਲਟੈਂਟ, ਪੀ ਡਬਲਯੂ ਡੀ ਤੋਂ ਦੋ ਕਰਮਚਾਰੀ, ਪਬਲਿਕ ਹੈਲਥ 12 ਤੋਂ ਦੋ, ਐੱਨ ਜੀ ਓ ਤੋਂ 12, ਡੀ ਐਫ ਐਸ ਸੀ ਤੋਂ 2, ਸਿੰਚਾਈ ਤੋਂ 03, ਹੋਮ ਗਾਰਡਜ਼ ਤੋਂ 05, ਐਮ ਐਸ ਐਮ ਈ ਤੋਂ 04, ਪਸ਼ੂ ਪਾਲਣ ਤੋਂ 05, ਬਿਜਲੀ ਵਿਭਾਗ ਤੋਂ ਦੋ, ਡਾਇਰੈਕਟਰ ਫੈਕਟਰੀਜ਼ ਤੋਂ 02, ਐਨ ਡੀ ਆਰ ਐਫ ਤੋਂ 35 ਅਤੇ ਪੀ ਸੀ ਸੀ ਪੀ ਐਲ ਤੋਂ 80 ਕਰਮੀਆਂ ਦਾ ਸਟਾਫ਼ ਸ਼ਾਮਲ ਸਨ।