ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਟ੍ਰੇਨਿੰਗ ਤੋਂ ਬਾਅਦ ਸਾਇੰਸ ਰਿਸੋਰਸ ਅਧਿਆਪਕਾਂ ਨੂੰ ਕੀਤਾ ਸਨਮਾਨਿਤ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ,6 ਮਾਰਚ 2025:ਜ਼ਿਲਾ ਰੂਪਨਗਰ ਤੋਂ ਅੰਤਰ-ਰਾਜੀ ਬੈਂਗਲੋਰ (ਕਰਨਾਟਕਾ) ਟ੍ਰੇਨਿੰਗ ਦੀ ਨੁਮਾਇੰਦਗੀ ਕਰਨ ਦੇ ਲਈ ਸਾਇੰਸ ਰਿਸੋਰਸ ਅਧਿਆਪਕ ਸਤਨਾਮ ਸਿੰਘ,ਕੁਲਵੰਤ ਸਿੰਘ ਅਤੇ ਰਮਨ ਕੁਮਾਰ ਵਲੋਂ ਭਾਗ ਲਿੱਤਾ ਗਿਆ ਸੀ, ਜ੍ਹਿਨਾਂ ਨੂੰ ਜ਼ਿਲਾ ਸਿੱਖਿਆ ਅਫਸਰ ਸ੍ਰੀ ਪ੍ਰੇਮ ਕੁਮਾਰ ਮਿੱਤਲ ਜੀ ਵੱਲੋਂ ਅੱਜ ਆਪਣੇ ਦਫ਼ਤਰ ਵਿਖੇ ਬੁਲਾ ਕੇ ਜ਼ਿਲ੍ਹੇ ਵਿੱਚ ਸਾਇੰਸ ਵਿਸ਼ੇ ਨੂੰ ਪ੍ਰਫੁੱਲਿਤ ਕਰਨ ਦੇ ਲਈ ਹੋਈ ਵਿਚਾਰ ਚਰਚਾ ਉਪਰੰਤ ਸਨਮਾਨਿਤ ਕੀਤਾ ਗਿਆl
ਪੰਜਾਬ ਸਕੂਲ ਸਿੱਖਿਆ ਵਿਭਾਗ ਅਤੇ ਪੰਜਾਬ ਰਾਜ ਖੋਜ ਅਤੇ ਸਿਖਲਾਈ ਸੰਸਥਾ ਦੇ ਉੱਦਮ ਸਦਕਾ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿੱਚੋਂ ਸਾਇੰਸ ਰਿਸੋਰਸ ਅਧਿਆਪਕਾਂ ਦੀ ਇੰਡੀਅਨ ਇੰਸਟੀਚਿਊਟ ਆਫ ਸਾਇੰਸ (ਕਰਨਾਟਕਾ) ਵਿਖੇ 11 ਦਿਨਾਂ ਕਪੈਸਟੀ ਬਿਲਡਿੰਗ ਟ੍ਰੇਨਿੰਗ ਉਪਰੰਤ ਜਿਲਿਆਂ ਵਿੱਚ ਸਾਇੰਸ ਵਿਸ਼ੇ ਦੀਆਂ ਗਤੀਵਿਧੀਆਂ ਕਰਵਾਉਣ ਲਈ ਚੋਣ ਕੀਤੀ ਗਈ ਸੀl
ਇਸ ਅੰਤਰ-ਰਾਜੀ ਕਪੈਸਟੀ ਬਿਲਡਿੰਗ ਟ੍ਰੇਨਿੰਗ ਵਿੱਚ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਤੋਂ ਆਏ ਹੋਏ ਨੁਮਾਇੰਦਾ ਅਧਿਆਪਕਾਂ ਨੂੰ ਉੱਚ ਕੋਟੀ ਅਤੇ ਆਧੁਨਿਕ ਸਿੱਖਿਆ ਦੀ ਟ੍ਰੇਨਿੰਗ ਦਿੰਦੇ ਹੋਏ ਉਹਨਾਂ ਨੂੰ ਭੌਤਿਕ, ਜੀਵ, ਅਤੇ ਰਸਾਇਣਿਕ ਵਿਗਿਆਨ ਦੇ ਆਧੁਨਿਕ ਅਤੇ ਵਿਸ਼ਵ ਵਿਆਪੀ ਉਪਕਰਨਾਂ ਦੇ ਨਾਲ ਜਾਣੂ ਕਰਵਾਉਣ ਦੇ ਨਾਲ-ਨਾਲ ਪ੍ਰੈਕਟੀਕਲ ਰੂਪ ਵਿੱਚ ਸਿੱਖਿਆ ਦਿੱਤੀ ਗਈ। ਇਸ ਦੇ ਨਾਲ ਹੀ ਆਈ:ਆਈ: ਐਸੀ ਵਲੋਂ ਪੰਜਾਬ ਦੇ ਅਧਿਆਪਕਾਂ ਦੇ ਰਹਿਣ ਸਹਿਣ ਅਤੇ ਖਾਣ ਪੀਣ ਦਾ ਕਬੀਲੇ ਤਾਰੀਫ਼ ਅਤੇ ਉੱਤਮ ਪ੍ਰਬੰਧ ਕੀਤਾ ਗਿਆ ਸੀ ਜਿਸ ਦਾ ਕਿ ਪੰਜਾਬ ਤੋਂ ਆਏ ਹੋਏ ਸਾਰੇ ਜਿਲ੍ਹਿਆਂ ਦੇ ਅਧਿਆਪਕ ਨੁਮਾਇੰਦਿਆਂ ਨੇ ਖੂਬ ਆਨੰਦ ਮਾਣਿਆ ਗਿਆ ਸੀl
ਜ਼ਿਕਰਯੋਗ ਹੈ ਕਿ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਦੇ ਪ੍ਰੋਫੈਸਰਾਂ ਵੱਲੋਂ ਸਾਇੰਸ ਵਿਸ਼ੇ ਨੂੰ ਐਡਵਾਂਸ ਰਿਸਰਚ ਦੇ ਨਾਲ ਜੋੜਨ ਦੇ ਲਈ ਦੇਸ਼ ਦੇ ਅਧਿਆਪਕਾਂ ਅਤੇ ਰਿਸਰਚ ਐਂਡ ਡਿਵੈਲਪਮੈਂਟ ਮਾਹਿਰਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ।