ਰੋਪੜ ਮਿੰਨੀ ਮੈਰਾਥਨ ਵਿੱਚ ਖਿੱਚ ਦਾ ਕੇਂਦਰ ਬਣੇ ਸਰਕਾਰੀ ਸਕੂਲਾਂ, ਪ੍ਰਭ ਆਸਰਾ ਤੇ ਪ੍ਰਕਾਸ਼ ਮੈਮੋਰੀਅਲ ਦੇ ਪੈਰਾ-ਖਿਡਾਰੀ
ਦਰਸ਼ਨ ਗਰੇਵਾਲ
- ਦਿਵਿਆਂਗਜਨ ਬੱਚਿਆਂ ਨੇ ਮੈਰਾਥਨ 'ਚ ਭਾਗ ਲੈ ਕੇ ਆਮ ਲੋਕਾਂ ਨੂੰ ਦਿੱਤਾ ਤੰਦਰੁਸਤੀ ਤੇ ਫਿੱਟ ਰਹਿਣ ਦਾ ਸੁਨੇਹਾ
ਰੂਪਨਗਰ, 23 ਫਰਵਰੀ 2025: ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਕਰਵਾਈ ਗਈ ਸਲਾਨਾ ਮਿੰਨੀ ਮੈਰਾਥਨ ਵਿੱਚ ਜਿੱਥੇ ਹਰ ਉਮਰ ਵਰਗ ਦੇ ਦੌੜਾਕਾਂ ਨੇ ਦੂਰ-ਦੁਰਾਡਿਓਂ ਆ ਕੇ ਇਸ ਵਿੱਚ ਭਾਗ ਲਿਆ, ਉੱਥੇ ਹੀ ਕੁੱਝ ਸਪੈਸ਼ਲ ਵਰਗਾਂ ਨਾਲ਼ ਸਬੰਧਤ ਖਿਡਾਰੀਆਂ ਨੇ ਵੀ ਇਸ ਮੈਰਾਥਨ ਵਿੱਚ ਭਾਗ ਲੈਂਦਿਆਂ ਦੌੜ ਲਗਾਈ।
ਸਰਕਾਰੀ ਸਕੂਲ ਕੈਨਾਲ ਕਲੋਨੀ, ਤਖਤਗੜ੍ਹ, ਕੋਟਲਾ ਨਿਹੰਗ, ਤੋਂ ਰਿਸੋਰਸ ਅਧਿਆਪਕ, ਸੁਮਨ ਤੇ ਗੁਰਵਿੰਦਰ, ਪ੍ਰਭ ਆਸਰਾ ਤੋਂ ਕੋਚ ਗੁਰਬਿੰਦਰ ਸਿੰਘ ਅਤੇ ਪ੍ਰਕਾਸ਼ ਮੈਮੋਰੀਅਲ ਸਕੂਲ ਤੋਂ ਪ੍ਰਿੰਸੀਪਲ ਸ਼੍ਰੀਮਤੀ ਆਦਰਸ਼ ਸ਼ਰਮਾ ਦੀ ਅਗਵਾਈ ਵਿੱਚ ਆਏ ਇਹ ਪੈਰਾ-ਖਿਡਾਰੀ (ਦਿਵਿਆਂਗਜਨ ) ਖਿੱਚ ਦਾ ਕੇਂਦਰ ਬਣੇ ਰਹੇ।
ਇਨ੍ਹਾਂ ਬੱਚਿਆਂ ਦੀਆਂ ਪ੍ਰਬੰਧਕਾਂ ਵੱਲੋਂ ਅਲੱਗ ਤੋਂ ਦੌੜਾਂ ਕਰਵਾਈਆਂ ਗਈਆਂ, ਜਿਨ੍ਹਾ ਵਿੱਚ ਸ਼ਾਨਦਾਰ ਪ੍ਰਦਰਸ਼ਨ ਤੋਂ ਇਲਾਵਾ ਇਨ੍ਹਾਂ ਖਿਡਾਰੀਆਂ ਨੇ ਭੰਗੜੇ ਆਦਿ ਨਾਲ਼ ਖੂਬ ਰੰਗ ਬੰਨ੍ਹ ਕੇ ਰੱਖਿਆ।
ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਹਿਮਾਂਸ਼ੂ ਜੈਨ ਅਤੇ ਹੋਰ ਉੱਚ ਅਧਿਕਾਰੀਆਂ ਵੱਲੋਂ ਇਨ੍ਹਾਂ ਪੈਰਾ-ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।