ਸ਼ਰਧਾਲੂਆਂ ਦਾ 55ਵਾਂ ਜੱਥਾ ਕਰਤਾਰਪੁਰ ਸਾਹਿਬ (ਪਾਕਿ) ਵਿਖੇ ਹੋਇਆ ਨਤਮਸਤਕ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 22 ਫਰਵਰੀ 2025- ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਦਰਸ਼ਨਾਂ ਲਈ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਭੇਜਿਆ ਗਿਆ 55ਵਾਂ ਜੱਥਾ ਦਰਸ਼ਨ ਦੀਦਾਰ ਕਰਕੇ ਦੇਰ ਰਾਤ ਵਾਪਿਸ ਪਰਤ ਆਇਆ। ਸੁਸਾਇਟੀ ਵਲੋਂ ਫਰਵਰੀ ਮਹੀਨੇ ਦੌਰਾਨ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਣ ਵਾਲਾ ਇਹ ਦੂਸਰਾ ਜੱਥਾ ਸੀ।
ਇਹ ਜਾਣਕਾਰੀ ਦਿੰਦਿਆਂ ਹੋਇਆਂ ਸੋਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਗੁਰੂ ਨਾਨਕ ਸਾਹਿਬ ਜੀ ਦੀ ਕਰਮਭੂਮੀ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਭੇਜੇ ਗਏ ਇਸ ਜੱਥੇ ਵਿਚ ਕਰੀਬ 55 ਮੈਂਬਰ ਸ਼ਾਮਲ ਸਨ, ਜਿਨ੍ਹਾਂ ਵਿਚੋਂ ਬਹੁਤਾਤ ਮੈਂਬਰਾਂ ਨੇ ਆਪਣੀ ਜਿੰਦਗੀ ਵਿਚ ਪਹਿਲੀ ਵਾਰ ਇਸ ਪਾਵਨ ਅਸਥਾਨ ਦੇ ਦਰਸ਼ਨ ਕੀਤੇ। ਇਸ ਯਾਤਰਾ ਪ੍ਰਤੀ ਉਤਸ਼ਾਹ ਦਰਸ਼ਨ ਕਰਕੇ ਵਾਪਸ ਪਰਤੇ ਇਨ੍ਹਾਂ ਸ਼ਰਧਾਲੂਆਂ ਦੇ ਚਿਹਰਿਆਂ ਤੇ ਸਾਫ ਝਲਕਦਾ ਸੀ।
ਯਾਤਰਾ ਦੇ ਨਾਲ ਗਏ ਜੱਥੇ ਦੇ ਆਗੂ ਸੁਰਜੀਤ ਸਿੰਘ ਮਹਿਤਪੁਰੀ, ਰਮੇਸ਼ ਚੰਦਰ ਡੀ ਈ ਟੀ ਅਤੇ ਮਹਿੰਦਰਪਾਲ ਸਿੰਘ ਜਲਵਾਹਾ ਨੇ ਦੱਸਿਆ ਕਿ ਗੁ: ਬਾਬਾ ਬਕਾਲਾ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਡੇਰਾ ਬਾਬਾ ਨਾਨਕ ਟਰਮੀਨਲ ਰਾਹੀਂ ਕਰਤਾਰਪੁਰ ਸਾਹਿਬ ਪਹੁੰਚੇ ਇਸ ਜੱਥੇ ਦੇ ਮੈਂਬਰਾਂ ਨੇ ਗੁਰਦੁਆਰਾ ਦਰਬਾਰ ਸਾਹਿਬ, ਅੰਗੀਠਾ ਸਾਹਿਬ, ਮਜਾਰ ਸਾਹਿਬ, ਖੂਹ ਸਾਹਿਬ ਅਤੇ ਖੇਤੀ ਸਾਹਿਬ ਤੋਂ ਇਲਾਵਾ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਕਾਲ ਨਾਲ ਜੁੜੀਆਂ ਯਾਦਾਂ ਦੇ ਦਰਸ਼ਨ ਵੀ ਕੀਤੇ ਅਤੇ ਇਸ ਅਲੌਕਿਕ ਸਥਾਨ ਤੇ ਆ ਕੇ ਇਕ ਵਿਸ਼ੇਸ਼ ਖੁਸ਼ੀ ਦਾ ਅਨੁਭਵ ਕੀਤਾ। ਇਸ ਮੌਕੇ ਜੱਥੇ ਦੇ ਸਮੂਹ ਮੈਂਬਰ ਸਾਹਿਬਾਨ ਅਰਦਾਸ ਵਿਚ ਸ਼ਾਮਲ ਹੋਏ ਅਤੇ ਗੁਰੂ ਕਾ ਲੰਗਰ ਵੀ ਛੱਕਿਆ। ਵਾਪਸੀ ਤੇ ਜੱਥੇ ਦੇ ਮੈਂਬਰਾਂ ਲਈ ਪਟਵਾਰੀ ਢਾਬਾ ਜਲੰਧਰ ਵਿਖੇ ਰਾਤ ਦੇ ਖਾਣੇ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ।
ਇਹ ਜਾਣਕਾਰੀ ਮੁਹੱਈਆ ਕਰਵਾਉਂਦੇ ਹੋਏ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਸੋਸਾਇਟੀ ਵਲੋਂ ਅਰੰਭ ਕੀਤੀ ਗਈ ਲੜੀਵਾਰ ਇਸ ਯਾਤਰਾ ਦੌਰਾਨ ਹੁਣ ਤੱਕ 55 ਜੱਥੇ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰ ਚੁੱਕੇ ਹਨ ਅਤੇ ਸੁਸਾਇਟੀ ਰਾਹੀਂ ਡਾਕੂਮੈਂਟੇਸ਼ਨ ਕਰਵਾ ਕੇ ਹਜਾਰਾਂ ਦੀ ਗਿਣਤੀ ਵਿਚ ਸੰਗਤਾਂ ਆਪਣੇ ਨਿੱਜੀ ਸਾਧਨਾਂ ਰਾਹੀਂ ਵੀ ਇਸ ਪਾਵਨ ਅਸਥਾਨ ਤੇ ਨਤਮਸਤਕ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਇਹ ਸੇਵਾ ਜਾਰੀ ਰਹੇਗੀ। ਯਾਤਰਾ ਲਈ ਸ਼ਰਧਾਲੂਆਂ ਦਾ ਕਰੀਬ 70 ਮੈਂਬਰਾਂ ਦਾ ਅਗਲਾ ਅਤੇ 56ਵਾਂ ਜੱਥਾ 5 ਮਾਰਚ ਨੂੰ ਭੇਜਿਆ ਜਾਵੇਗਾ।
ਇਸ ਯਾਤਰਾ ਵਿਚ ਨਵਾਂਸ਼ਹਿਰ, ਬੰਗਾ, ਗੜ੍ਹਸ਼ੰਕਰ, ਬਲਾਚੌਰ, ਰਾਹੋਂ, ਬਹਿਰਾਮ ਇਲਾਕੇ ਅਤੇ ਫਗਵਾੜਾ ਸ਼ਹਿਰ ਤੋਂ ਵੀ ਸੰਗਤਾਂ ਸ਼ਾਮਲ ਸਨ। ਜੱਥੇ ਦੇ ਮੈਂਬਰਾਂ ਵਿਚ ਡਾ: ਹਰਦੇਵ ਸਿੰਘ, ਅਜਮੇਰ ਸਿੰਘ ਸਰਪੰਚ, ਸਤਨਾਮ ਸਿੰਘ ਬਸਿਆਲਾ, ਨਰਿੰਦਰਪਾਲ ਸਿੰਘ ਝਿੱਕਾ, ਕੇਵਲ ਸਿੰਘ ਕਾਜਮਪੁਰ, ਗੁਰਦੇਵ ਸਿੰਘ ਸੋਢੀ ਮੂਸਾਪੁਰ, ਗੁਰਸ਼ਰਨ ਸਿੰਘ ਬੈਂਸ, ਪਿੰਡ ਮੁਜੱਫਰਪੁਰ ਤੋਂ ਜਗਤਾਰ ਸਿੰਘ ਸਿਆਣ, ਮੋਹਨ ਸਿੰਘ, ਬਲਵੀਰ ਸਿੰਘ ਦਰਸ਼ਨ ਸਿੰਘ, ਰਣਜੀਤ ਸਿੰਘ, ਸੁਖਵੀਰ ਸਿੰਘ, ਨਿਰਮਲ ਸਿੰਘ ਜਲਵਾਹਾ, ਮਨਿੰਦਰ ਸਿੰਘ ਮਹਿਤਪੁਰ ਵੀ ਸ਼ਾਮਲ ਸਨ।