ਬਠਿੰਡਾ ਜ਼ਿਲ੍ਹੇ 'ਚ 1.38 ਕਰੋੜ ਦੀ ਲਾਗਤ ਨਾਲ ਬਣਾਈਆਂ 32 ਲਾਇਬ੍ਰੇਰੀਆਂ: ਡਿਪਟੀ ਕਮਿਸ਼ਨਰ
ਅਸ਼ੋਕ ਵਰਮਾ
ਬਠਿੰਡਾ, 22 ਫਰਵਰੀ 2025 : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਪਹਿਲਕਦਮੀਆਂ ਕਰ ਰਹੀ ਹੈ। ਇਸੇ ਲੜੀ ਤਹਿਤ ਜ਼ਿਲ੍ਹੇ ਅੰਦਰ ਪੈਂਦੇ ਵੱਖ-ਵੱਖ ਪਿੰਡਾਂ ਵਿੱਚ ਨੌਜਵਾਨਾਂ ਨੂੰ ਸਿੱਖਿਆ ਨਾਲ ਜੋੜਨ ਅਤੇ ਉਹਨਾਂ ਦੇ ਗਿਆਨ ਵਿੱਚ ਵਾਧਾ ਕਰਨ ਦੇ ਮੱਦੇਨਜ਼ਰ ਕਰੀਬ 1.38 ਕਰੋੜ ਰੁਪਏ ਦੀ ਲਾਗਤ ਦੇ ਨਾਲ 32 ਯੂਥ ਲਾਇਬ੍ਰੇਰੀਆਂ ਬਣਾਈਆਂ ਗਈਆਂ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ।
ਡਿਪਟੀ ਕਮਿਸ਼ਨਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਲਾਈਬ੍ਰੇਰੀਆਂ ਨੌਜਵਾਨ ਪੀੜ੍ਹੀ ਨੂੰ ਸਮੇਂ ਦਾ ਹਾਣੀ ਬਣਾਉਣ ਤੇ ਉਨ੍ਹਾਂ ਦੇ ਗਿਆਨ ਵਾਧਾ ਕਰਨ ਲਈ ਸਹਾਈ ਸਿੱਧ ਹੋਣਗੀਆਂ। ਇਹ ਲਾਇਬ੍ਰੇਰੀਆਂ ਵੱਖ-ਵੱਖ ਅਖਬਾਰਾਂ, ਮੈਗਜੀਨਾਂ, ਇਮਤਿਹਾਨਾਂ ਦੀ ਤਿਆਰੀ ਲਈ ਵੱਖ-ਵੱਖ ਤਰ੍ਹਾਂ ਦੀਆਂ ਕਿਤਾਬਾਂ ਅਤੇ ਨਾਵਲਾਂ ਨਾਲ ਲੈਸ ਹਨ।
ਉਨ੍ਹਾਂ ਦੱਸਿਆ ਕਿ ਇਥੇ ਵਿਦਿਆਰਥੀਆਂ ਦੀ ਸਹੂਲਤ ਲਈ ਪੀਣ ਯੋਗ ਸਾਫ ਪਾਣੀ, ਫਰਨੀਚਰ, ਏਸੀ, ਕੂਲਰ ਆਦਿ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਅਪੀਲ ਕਰਦਿਆਂ ਕਿਹਾ ਕਿ ਪਿੰਡਾਂ ਵਿੱਚ ਉਹਨਾਂ ਦੀ ਸਹੂਲਤ ਲਈ ਬਣਾਈਆਂ ਗਈਆਂ ਇਹ ਆਧੁਨਿਕ ਲਾਇਬ੍ਰੇਰੀਆਂ ਦਾ ਭਰਪੂਰ ਲਾਹਾ ਲੈਣ।
ਜ਼ਿਲ੍ਹੇ ਅੰਦਰ ਬਣਾਈਆਂ ਗਈਆਂ ਲਾਇਬ੍ਰੇਰੀਆਂ ਬਾਰੇ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ ਗੁਰਪ੍ਰਤਾਪ ਸਿੰਘ ਗਿੱਲ ਨੇ ਦੱਸਿਆ ਕਿ ਬਠਿੰਡਾ ਦੇ ਚਿਲਡਰਨ ਪਾਰਕ ਨੇੜੇ ਜ਼ਿਲ੍ਹ ਲਾਇਬ੍ਰੇਰੀ ਤੋਂ ਇਲਾਵਾ ਰਾਮਪੁਰਾ, ਪਿੱਥੋ, ਡਿੱਖ, ਚੋਟੀਆਂ, ਭਾਈ ਬਖਤੌਰ, ਕੋਟਭਾਰਾ, ਸੁੱਖਾ ਸਿੰਘ ਵਾਲਾ, ਗਾਟਵਾਲੀ, ਸੇਖਪੁਰਾ, ਕੌਰੇਆਣਾ, ਸੰਗਤ ਖੁਰਦ, ਮਾਹੀਨੰਗਲ, ਸੇਖੂ, ਕੁਟੀ ਕਿਸ਼ਨਪੁਰਾ, ਡੂੰਮਵਾਲੀ, ਆਕਲੀਆ ਜਲਾਲ, ਭੋਡੀਪੁਰਾ, ਸਿਰੀਏਵਾਲਾ, ਸੰਧੂ ਖੁਰਦ, ਸਿਧਾਣਾ, ਕੋਠੇ ਪਿੱਪਲੀਆਂ, ਤੁੰਗਵਾਲੀ, ਭੁੱਚੋ ਖੁਰਦ, ਨਾਥਪੁਰਾ, ਖੇਮੂਆਣਾ, ਕਿਲੀ ਨਿਹਾਲ ਸਿੰਘ ਵਾਲਾ, ਮਹਿਮਾ ਸਵਾਈ, ਬੱਲੂਆਣਾ, ਚੁੱਘੇ ਖੁਰਦ, ਨਰੂਆਣਾ ਅਤੇ ਚੁੱਘੇ ਕਲਾਂ ਆਦਿ ਪਿੰਡਾਂ ਵਿਖੇ ਬਣਾਈਆਂ ਗਈਆਂ ਹਨ।