ਰਾਏਕੋਟ : ਬਲਾਕ ਰਾਏਕੋਟ ਦੇ ਦਿਵਿਆਂਗ ਵਿਦਿਆਰਥੀਆਂ ਨੇ ਵਿੱਦਿਅਕ ਟੂਰ ਲਗਾਇਆ
- B.P.E.O ਇਤਬਾਰ ਸਿੰਘ ਨੱਥੋਵਾਲ ਨੇ ਵਿੱਦਿਅਕ ਟੂਰ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
- ਜੰਗਲੀ ਜਾਨਵਰਾਂ ਨੂੰ ਦੇਖਕੇ ਬੱਚੇ ਹੋਏ ਖੁਸ਼
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ 2 ਫਰਵਰੀ 2025 - ਜ਼ਿਲ੍ਹਾ ਲੁਧਿਆਣਾ ਅਧੀਨ ਪੈਂਦੇ ਸਿੱਖਿਆ ਖੇਤਰ ਨਾਲ ਸਬੰਧਤ ਬਲਾਕ ਰਾਏਕੋਟ ਦੇ ਦਿਵਿਆਂਗ (ਵਿਸ਼ੇਸ਼ ਲੋੜਾਂ ਵਾਲੇ) ਵਿਦਿਆਰਥੀਆਂ ਦਾ ਬੀ.ਪੀ.ਈ.ਓ ਇਤਬਾਰ ਸਿੰਘ ਨੱਥੋਵਾਲ ਦੀ ਅਗਵਾਈ ਹੇਠ ਇੱਕ ਰੋਜ਼ਾ ਵਿੱਦਿਅਕ ਟੂਰ ਲਾਇਆ ਗਿਆ।
ਇਸ ਇੱਕ ਦਿਨਾ ਵਿੱਦਿਅਕ ਟੂਰ 'ਚ ਵਿਦਿਆਰਥੀਆਂ ਨੂੰ ਛੱਤਬੀੜ ਚਿੜੀਆਘਰ ਵਿਖੇ ਲਿਜਾਇਆ ਗਿਆ। ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਇਤਬਾਰ ਸਿੰਘ ਨੱਥੋਵਾਲ ਵੱਲੋਂ ਇਸ ਟੂਰ ਨੂੰ ਹਰੀ ਝੰਡੀ ਦਿੰਦਿਆਂ ਦੱਸਿਆ ਗਿਆ ਕਿ ਇਸ ਤਰ੍ਹਾਂ ਦੇ ਵਿੱਦਿਅਕ ਟੂਰ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਲਈ ਜ਼ਰੂਰੀ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਸ ਵਿੱਦਿਅਕ ਟੂਰ ਦਾ ਉਦੇਸ਼ ਵਿਦਿਆਰਥੀਆਂ ਦੁਆਰਾ ਪ੍ਰਾਪਤ ਕੀਤੇ ਕਿਤਾਬੀ ਗਿਆਨ ਦਾ ਅਸਲ ਅਨੁਭਵ ਕਰਵਾਉਣਾ ਹੁੰਦਾ ਹੈ।
ਇਸ ਵਿੱਦਿਅਕ ਟੂਰ ਦੀ ਅਗਵਾਈ ਆਈ.ਈ.ਆਰ
ਟੀ ਪਰਮਜੀਤ ਕੌਰ ਤੇ ਸੀ.ਐੱਚ.ਟੀ ਸਟੇਟ ਐਵਾਰਡੀ ਰਾਜਮਿੰਦਰਪਾਲ ਸਿੰਘ ਪਰਮਾਰ ਵੱਲੋਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਹਨਾਂ ਦਿਵਿਆਂਗ ਵਿਦਿਆਰਥੀਆਂ ਵੱਲੋਂ ਛੱਤਬੀੜ ਚਿੜੀਆਘਰ ਵਿਖੇ ਵੱਖ-ਵੱਖ ਕਿਸਮਾਂ ਦੇ ਜਾਨਵਰਾਂ, ਪੰਛੀਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਹੈ ਤੇ ਇਸ ਟੂਰ ਦੌਰਾਨ ਉਨ੍ਹਾਂ ਨੇ ਜੰਗਲ ਸਫਾਰੀ ਦਾ ਆਨੰਦ ਮਾਣਿਆ, ਜਿਸ ਦੌਰਾਨ ਸ਼ੇਰ, ਚੀਤਾ, ਜੈਬਰਾ ਆਦਿ ਜਾਨਵਰ ਦੇਖਣ ਨੂੰ ਮਿਲੇ।
ਉਨ੍ਹਾਂ ਅੱਗੇ ਦੱਸਿਆ ਕਿ ਵਿਦਿਆਰਥੀਆਂ ਨੇ ਇਲੈਕਟ੍ਰਿਕ ਫੇਰੀ ਦੀ ਸਵਾਰੀ ਕਰਦਿਆਂ ਡਾਇਨਾਸੋਰ ਪਾਰਕ ਵੇਖਿਆ ਤੇ ਵੱਖ-ਵੱਖ ਤਰ੍ਹਾਂ ਦੇ ਕੁਦਰਤੀ ਜੀਵਾਂ ਨੂੰ ਅਸਲ ਵਿੱਚ ਦੇਖ ਕੇ ਸਮੂਹ ਵਿਦਿਆਰਥੀ ਕਾਫ਼ੀ ਖ਼ੁਸ਼ ਨਜ਼ਰ ਆਏ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਬੱਚਿਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ ਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਨਾਲ ਜਾਕੇ ਟੂਰ ਦਾ ਆਨੰਦ ਮਾਣਿਆ।
ਇਸ ਮੌਕੇ ਈ.ਟੀ.ਟੀ ਅਧਿਆਪਕ ਗੁਰਸ਼ਰਨ ਸਿੰਘ, ਆਈ.ਈ.ਏ.ਅਧਿਆਪਕ ਪਰਮਿੰਦਰ ਸਿੰਘ, ਨਾਮਪ੍ਰੀਤ ਸਿੰਘ, ਹਰਦੀਪ ਕੌਰ, ਮਨਪ੍ਰੀਤ ਕੌਰ, ਹਰਜਿੰਦਰ ਕੌਰ, ਜਸਵੀਰ ਸਿੰਘ ਸਮੇਤ ਵਿਦਿਆਰਥੀਆਂ ਦੇ ਮਾਪੇ ਆਦਿ ਹਾਜ਼ਰ ਸਨ।