ਬਜਟ ਦੇ ਸੋਹਲੇ ਗਾਉਣ ਵਾਲੇ ਦੱਸਣ ਕਿ ਇਸ ਵਿੱਚ ਪੰਜਾਬ, ਗਰੀਬ, ਦਲਿਤ, ਪਿਛੜੇ, ਕਿਸਾਨ, ਮਜਦੂਰ ਤੇ ਮੱਧਵਰਗ ਲਈ ਕੀ ਹੈ - ਡਾ: ਕਰੀਮਪੁਰੀ
ਲੁਧਿਆਣਾ 2 ਜਨਵਰੀ 2024 - ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਨੇ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਨੂੰ ਸਿਆਸੀ ਬਜਟ ਆਖਦਿਆਂ ਇਸਦੇ ਸੋਹਲੇ ਗਾਉਣ ਵਾਲਿਆ ਨੂੰ ਸਵਾਲ ਖੜ੍ਹੇ ਕੀਤੇ। ਉਨ੍ਹਾਂ ਸੋਹਲੇ ਗਾਉਣ ਵਾਲਿਆ ਨੂੰ ਸਵਾਲ ਕੀਤਾ ਕਿ ਉਹ ਦੱਸਣ ਇਸ ਵਿੱਚ ਪੰਜਾਬ, ਦਲਿਤ, ਪਿਛੜੇ, ਕਿਸਾਨ, ਮਜਦੂਰ ਤੇ ਮੱਧਵਰਗ ਲਈ ਕੀ ਹੈ। ਉਨ੍ਹਾਂ ਕਿਹਾ ਕਿ ਗਰੀਬ, ਦਲਿਤਾਂ ਤੇ ਪਿਛੜਿਆ ਲਈ ਇਸ ਸਰਕਾਰ ਨੇ ਨਾ ਕੁਝ ਪਹਿਲਾਂ ਕੀਤਾ ਤੇ ਨਾ ਏਨਾ ਬਾਰੇ ਕੁਝ ਹੁਣ ਸੋਚਿਆ। ਕੇਂਦਰ ਸਰਕਾਰ ਏਨ੍ਹਾ ਨੂੰ ਹੋਰ ਗਰੀਬ ਕਰਕੇ ਮਾਰਨ ਤੇ ਤੁਲੀ ਹੋਈ ਹੈ।
ਕਰੀਮਪੁਰੀ ਨੇ ਕਿਸਾਨਾਂ ਦੀ ਗੱਲ ਕਰਦਿਆਂ ਕਿਹਾ ਕਿ ਕਿਸਾਨ ਲੰਬੇ ਸਮੇਂ ਤੋਂ ਆਪਣੀਆਂ ਜਾਇਜ ਮੰਗਾਂ ਲਈ ਧਰਨੇ ਮੁਜਾਹਰੇ ਕਰ ਰਹੇ ਹਨ ਪਰ ਨਾ ਤਾਂ ਉਨ੍ਹਾਂ ਦੀ ਐਮ ਐਸ ਪੀ ਦੀ ਮੰਗ ਮੰਨੀ ਗਈ ਤੇ ਨਾ ਹੀ ਪੰਜਾਬ ਦੇ ਕਿਸਾਨਾਂ ਦੇ ਕਰਜ਼ੇ ਮੁਆਫੀ ਦੀ ਕੋਈ ਗੱਲ ਹੋਈ ਹੈ ਉਲਟਾ ਉਨ੍ਹਾਂ ਨੂੰ ਹੋਰ ਕਰਜਦਾਰ ਬਣਾਉਣ ਲਈ ਉਨ੍ਹਾਂ ਦੀ ਕਰਜ਼ ਸੀਮਾ ਵਧਾ ਦਿੱਤੀ ਗਈ। ਜੇਕਰ ਕਿਸਾਨ ਨੂੰ ਕੁਝ ਨਹੀਂ ਦਿੱਤਾ ਤਾਂ ਖੇਤ ਮਜਦੂਰ ਜਿੰਨਾ ਵਿੱਚ ਬਹੁ ਗਿਣਤੀ ਦਲਿਤ ਤੇ ਪਛੜੇ ਵਰਗ ਦੇ ਲੋਕ ਹਨ, ਨੂੰ ਕੀ ਮਿਲਣਾ ਸੀ ਇਹ ਜਨਤਾ ਜਾਣਦੀ ਹੈ। ਸ੍ਰ ਕਰੀਮਪੁਰੀ ਨੇ ਮਨਰੇਗਾ ਮਜ਼ਦੂਰਾਂ ਜਿਨ੍ਹਾਂ ਵਿੱਚ ਵੀ ਬਹੁ ਗਿਣਤੀ ਦਲਿਤ ਤੇ ਪਿਛੜਿਆ ਦੀ ਹੈ ਬਾਰੇ ਗੱਲ ਕਰਦਿਆਂ ਕਿਹਾ ਕਿ ਜੇਕਰ ਇਸ ਸਰਕਾਰ ਨੇ ਮਜ਼ਦੂਰਾਂ ਲਈ ਕੁਝ ਕੀਤਾ ਹੁੰਦਾ ਤਾਂ ਮਨਰੇਗਾ ਮਜ਼ਦੂਰਾਂ ਦਾ ਬਜਟ ਵਧਣਾ ਚਾਹੀਦਾ ਸੀ ਪਰ ਪੇਸ਼ ਹੋਇਆ ਬਜਟ ਸਾਹਮਣੇ ਹੈ ਉਹ ਪਿਛਲੇ ਵਰ੍ਹੇ ਨਾਲੋਂ ਘੱਟ ਹੈ।
ਮਜ਼ਦੂਰਾਂ ਨੂੰ ਬਜਟ ਰਾਹੀਂ ਕੁਝ ਨਹੀਂ ਦੇਣਾ ਸੀ ਤਾਂ ਕੇਂਦਰ ਦੀ ਮੋਦੀ ਸਰਕਾਰ ਮਜ਼ਦੂਰਾਂ ਦੀਆਂ ਮੰਗਾਂ ਚੋਂ 44 ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਬਣਾਏ 4 ਲੇਬਰ ਕੋਡਾਂ ਨੂੰ ਰੱਦ ਕਰਕੇ ਹੀ ਉਨ੍ਹਾਂ ਨੂੰ ਰਾਹਤ ਦੇ ਦਿੰਦੀ। ਮੱਧਵਰਗੀ ਪਰਿਵਾਰਾਂ ਨੂੰ ਬਹੁਤ ਕੁਝ ਦੇਣ ਦੀਆਂ ਗੱਲਾਂ ਵਿੱਚ ਵੀ ਕੋਈ ਸੱਚਾਈ ਨਹੀਂ, ਹੋਇਆ ਤਾਂ ਇਹ ਹੈ ਕਿ ਉਨ੍ਹਾਂ ਨੂੰ ਮਹਿੰਗਾਈ ਤੋਂ ਬਚਾਉਣ ਲਈ ਕੁਝ ਨਹੀਂ ਹੋਇਆ ਤੇ ਨਾ ਹੀ ਕਿਤੇ ਉਨ੍ਹਾਂ ਲਈ ਰੁਜਗਾਰ ਦੇ ਮੌਕੇ ਵਧਾਉਣ ਦੀ ਗੱਲ ਹੋਈ ਹੈ।
ਕਰੀਮਪੁਰੀ ਨੇ ਕਿਹਾ ਕਿ ਲੁਭਾਵਣਾ ਬਜਟ ਦਿੱਲੀ ਸਮੇਤ ਉਨ੍ਹਾਂ ਹੋਰ ਸੂਬਿਆਂ ਦੀਆਂ ਚੋਣਾਂ ਨੂੰ ਦੇਖ ਕੇ ਬਣਾਇਆ ਗਿਆ ਹੈ ਤਾਂ ਕਿ ਲੋਕਾਂ ਨੂੰ ਸ਼ਬਦਬਾਗ ਦਿਖਾ ਕੇ ਉਨ੍ਹਾਂ ਦੀਆਂ ਵੋਟਾਂ ਲੁੱਟੀਆਂ ਜਾਣ ਤੇ ਸਰਕਾਰ ਬਣਾ ਕੇ ਮਨਮਰਜੀਆਂ ਕੀਤੀਆਂ ਜਾਣ। ਸ੍ਰ ਕਰੀਮਪੁਰੀ ਨੇ ਲੋਕਾਂ ਨੂੰ ਕੇਂਦਰ ਸਰਕਾਰ ਅਤੇ ਭਾਜਪਾ ਤੋਂ ਸਾਵਧਾਨ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਬਜਟ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਤੋਂ ਸਿਵਾਏ ਹੋਰ ਕੁਝ ਨਹੀਂ ਜਿਸਦੀ ਪੋਲ ਬਸਪਾ ਜਨਤਾ ਵਿੱਚ ਜਾ ਕੇ ਖੋਲੇਗੀ।